ਜਾਤੀ ਵੋਟ ਬੈਂਕ ਦੀ ਖਾਸ ਭੂਮਿਕਾ ਰਹੇਗੀ ਲੋਕ ਸਭਾ ਉਪ ਚੋਣ ''ਚ

Wednesday, Sep 20, 2017 - 07:21 AM (IST)

ਜਾਤੀ ਵੋਟ ਬੈਂਕ ਦੀ ਖਾਸ ਭੂਮਿਕਾ ਰਹੇਗੀ ਲੋਕ ਸਭਾ ਉਪ ਚੋਣ ''ਚ

ਗੁਰਦਾਸਪੁਰ  (ਵਿਨੋਦ) -ਜਿਵੇਂ-ਜਿਵੇਂ ਲੋਕ ਸਭਾ ਗੁਰਦਾਸਪੁਰ ਦੀ ਉਪ ਚੋਣ ਨਜ਼ਦੀਕ ਆਉਂਦੀ ਜਾ ਰਹੀ ਹੈ, ਇਸ ਦੇ ਨਾਲ ਹੀ ਇਹ ਚੋਣ ਕਾਂਗਰਸ, ਭਾਜਪਾ ਤੇ ਆਮ ਆਦਮੀ ਪਾਰਟੀ ਲਈ ਇੱਜ਼ਤ ਦਾ ਸਵਾਲ ਬਣਦੀ ਜਾ ਰਹੀ ਹੈ ਜਦਕਿ ਅਜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਤੇ ਭਾਜਪਾ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਇਸ ਵਾਰ ਗੁਰਦਾਸਪੁਰ ਲੋਕ ਸਭਾ ਉਪ ਚੋਣ 'ਚ ਜਾਤੀ ਵੋਟ ਬੈਂਕ ਦੀ ਖਾਸ ਭੂਮਿਕਾ ਰਹੇਗੀ। ਗੁਰਦਾਸਪੁਰ ਲੋਕ ਸਭਾ ਚੋਣ 'ਚ ਹਰ ਰਾਜਨੀਤਿਕ ਦਲ ਦਾ ਉਮੀਦਵਾਰ ਅਤੇ ਵੱਡੇ ਨੇਤਾ ਬਹੁਤ ਹੀ ਸੂਝ-ਬੂਝ ਨਾਲ ਇਸ ਚੋਣ ਵਿਚ ਉਤਰਦੇ ਹਨ ਅਤੇ ਹਰ ਇਲਾਕੇ ਵਿਚ, ਜਿਸ ਜਾਤੀ ਜਾਂ ਧਰਮ ਦਾ ਬੋਲਬਾਲਾ ਹੁੰਦਾ ਹੈ, ਉਸ ਅਨੁਸਾਰ ਹੀ ਮੁੱਦੇ ਉਠਾਉਂਦੇ ਹਨ ਕਿਉਂਕਿ ਇਸ ਲੋਕ ਸਭਾ ਹਲਕੇ 'ਚ ਸ਼ੁਰੂ ਤੋਂ ਹੀ ਹਰ ਚੋਣ ਵਿਚ ਜਾਤੀ ਆਧਾਰ 'ਤੇ ਵੋਟਰਾਂ ਨੂੰ ਰੁਝਾਉਣ ਲਈ ਉਸੇ ਜਾਤੀ ਜਾਂ ਧਰਮ ਦੇ ਨੇਤਾਵਾਂ ਦੀ ਵਰਤੋਂ ਹੁੰਦੀ ਰਹੀ ਹੈ। ਇਸ ਲੋਕ ਸਭਾ ਹਲਕੇ 'ਚ ਹਿੰਦੂ ਤੇ ਸਿੱਖਾਂ ਦਾ ਅਨੁਪਾਤ ਬਰਾਬਰ ਹੈ ਜਦਕਿ ਕ੍ਰਿਸ਼ਚੀਅਨ ਫਿਰਕਾ ਅਤੇ ਕੁਝ ਹੱਦ ਤੱਕ ਮੁਸਲਿਮ ਫਿਰਕੇ ਦੇ ਵੋਟਰ ਵੀ ਚੋਣ 'ਚ ਆਪਣਾ ਪ੍ਰਭਾਵ ਜ਼ਰੂਰ ਬਣਾਉਣ ਵਿਚ ਸਫ਼ਲ ਹੋ ਜਾਂਦੇ ਹਨ।
ਲੋਕ ਸਭਾ ਹਲਕੇ 'ਚ ਹਿੰਦੂ-ਸਿੱਖ ਅਨੁਪਾਤ ਦੀ ਸਥਿਤੀ
ਜੇ ਵੇਖਿਆ ਜਾਵੇ ਤਾਂ ਗੁਰਦਾਸਪੁਰ, ਕਾਦੀਆਂ, ਸ੍ਰੀਹਰਗੋਬਿੰਦਪੁਰ, ਬਟਾਲਾ, ਫਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਸਿੱਖ ਬਹੁਮਤ ਵਾਲੇ ਇਲਾਕੇ ਹਨ ਪਰ ਗੁਰਦਾਸਪੁਰ ਵਿਧਾਨ ਸਭਾ ਹਲਕੇ 'ਚ ਸਿੱਖਾਂ ਦੀ ਗਿਣਤੀ ਹਿੰਦੂ ਫਿਰਕੇ ਤੋਂ ਮਾਤਰ 50 ਹਜ਼ਾਰ ਜ਼ਿਆਦਾ ਹੈ ਜਦਕਿ ਹੋਰਨਾਂ ਇਲਾਕਿਆਂ 'ਚ ਸਿੱਖ ਵੋਟਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜਿਸ ਕਾਰਨ ਇਨ੍ਹਾਂ ਇਲਾਕਿਆਂ 'ਚ ਭਾਜਪਾ ਦਾ ਜ਼ਿਆਦਾ ਬੋਲਬਾਲਾ ਨਹੀਂ ਹੈ। ਹਮੇਸ਼ਾ ਹੀ ਅਕਾਲੀ ਦਲ ਤੇ ਕਾਂਗਰਸ 'ਚ ਟੱਕਰ ਰਹੀ ਹੈ ਜਦਕਿ ਪਠਾਨਕੋਟ, ਦੀਨਾਨਗਰ, ਭੋਆ ਅਤੇ ਸੁਜਾਨਪੁਰ ਵਿਧਾਨ ਸਭਾ ਹਲਕਿਆਂ 'ਚ ਹਿੰਦੂ ਵੋਟਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜਿਸ ਕਾਰਨ ਦੀਨਾਨਗਰ ਰਾਖਵਾਂਕਰਨ, ਭੋਆ, ਪਠਾਨਕੋਟ ਤੇ ਸੁਜਾਨਪੁਰ 'ਚ ਭਾਜਪਾ ਅਤੇ ਕਾਂਗਰਸ ਵਿਚ ਟੱਕਰ ਹੁੰਦੀ ਹੈ। ਜੇ ਭਾਜਪਾ ਇਨ੍ਹਾਂ ਹਲਕਿਆਂ 'ਚ ਬਹੁਤ ਜ਼ਿਆਦਾ ਵੋਟ ਅਤੇ ਗੁਰਦਾਸਪੁਰ, ਕਾਦੀਆਂ, ਸ੍ਰੀਹਰਗੋਬਿੰਦਪੁਰ, ਬਟਾਲਾ, ਫਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ 'ਚ ਅਕਾਲੀ ਤੇ ਕਾਂਗਰਸ ਬਰਾਬਰ-ਬਰਾਬਰ ਰਹਿੰਦੇ ਹਨ ਤਾਂ ਵੀ ਭਾਜਪਾ ਉਮੀਦਵਾਰ ਨੂੰ ਲਾਭ ਹੋਵੇਗਾ ਪਰ ਜੇ ਇਨ੍ਹਾਂ ਹਲਕਿਆਂ ਵਿਚ ਕਾਂਗਰਸ ਬਹੁਤ ਜ਼ਿਆਦਾ ਵੋਟ ਲੈ ਜਾਂਦੀ ਹੈ ਤਾਂ ਨਿਸ਼ਚਿਤ ਰੂਪ ਵਿਚ ਕਾਂਗਰਸ ਨੂੰ ਲਾਭ ਹੋਵੇਗਾ।
ਇਸ ਸਮੇਂ ਗੁਰਦਾਸਪੁਰ, ਕਾਦੀਆਂ, ਸ੍ਰੀਹਰਗੋਬਿੰਦਪੁਰ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ ਹਲਕਿਆਂ ਤੋਂ ਵਿਧਾਇਕ ਕਾਂਗਰਸ ਪਾਰਟੀ ਦੇ ਹਨ ਜਦਕਿ ਬਟਾਲਾ ਤੋਂ ਅਕਾਲੀ ਦਲ ਦਾ ਹੈ। ਇਸੇ ਤਰ੍ਹਾਂ ਦੀਨਾਨਗਰ, ਭੋਆ ਅਤੇ ਪਠਾਨਕੋਟ ਵਿਧਾਨ ਸਭਾ ਹਲਕਿਆਂ ਤੋਂ ਵਿਧਾਇਕ ਕਾਂਗਰਸ ਦੇ ਹਨ ਜਦਕਿ ਸੁਜਾਨਪੁਰ ਤੋਂ ਵਿਧਾਇਕ ਭਾਜਪਾ ਦਾ ਹੈ।
ਅਨੁਸੂਚਿਤ ਜਾਤੀ ਦੇ ਵੋਟਰ ਵੀ ਹਨ ਅਹਿਮ
ਸ਼ੁਰੂ ਤੋਂ ਹੀ ਕਾਂਗਰਸ ਅਨੁਸੂਚਿਤ ਜਾਤੀ 'ਚ ਵੋਟਰਾਂ ਨੂੰ ਆਪਣਾ ਵੋਟ ਬੈਂਕ ਮੰਨਦੀ ਰਹੀ ਹੈ ਅਤੇ ਕਿਹਾ ਜਾਂਦਾ ਹੈ ਕਿ ਲੰਬਾ ਸਮਾਂ ਇਹ ਵਰਗ ਹਾਥੀ ਜਾਂ ਹੱਥ ਨੂੰ ਪਹਿਲ ਦਿੰਦਾ ਸੀ ਪਰ ਹੁਣ ਸਥਿਤੀ ਵਿਚ ਬਹੁਤ ਅੰਤਰ ਆ ਚੁੱਕਾ ਹੈ। ਬੀਤੇ 10 ਸਾਲ ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਦਾ ਸ਼ਾਸਨ ਰਿਹਾ ਹੈ ਅਤੇ ਜ਼ਿਆਦਾਤਰ ਸਰਪੰਚ ਤੇ ਪੰਚ ਅਕਾਲੀ ਦਲ ਤੇ ਭਾਜਪਾ ਨਾਲ ਜੁੜ ਚੁੱਕੇ ਹਨ। ਬੇਸ਼ੱਕ ਇਹ ਸਰਪੰਚ ਤੇ ਪੰਚ ਕੰਮਕਾਜ ਜਾਂ ਗ੍ਰਾਂਟ ਲੈਣ ਦੇ ਚੱਕਰ ਵਿਚ ਅਕਾਲੀ-ਭਾਜਪਾ ਗਠਜੋੜ ਦੇ ਪੱਖ ਵਿਚ ਚਲੇ ਗਏ ਸੀ ਪਰ ਹੁਣ ਇਹ ਵਾਪਸ ਕਾਂਗਰਸ ਜਾਂ ਬਸਪਾ ਵਿਚ ਆਉਣ ਨੂੰ ਤਿਆਰ ਨਹੀਂ ਹਨ।
ਦੂਜਾ ਸਵ. ਵਿਨੋਦ ਖੰਨਾ ਸਾਲ 1998 'ਚ ਜਦੋਂ ਗੁਰਦਾਸਪੁਰ ਲੋਕ ਸਭਾ ਚੋਣ ਲੜਨ ਲਈ ਪਹਿਲੀ ਵਾਰ ਆਏ ਸੀ ਤਾਂ ਅਨੁਸੂਚਿਤ ਜਾਤੀ ਦੇ ਨੇਤਾਵਾਂ ਨੇ ਵਿਨੋਦ ਖੰਨਾ ਦਾ ਦਿਲ ਤੋਂ ਸਾਥ ਦਿੱਤਾ ਸੀ ਪਰ ਸਮੇਂ ਦੇ ਨਾਲ ਕੁਝ ਬਦਲਾਅ ਆਏ ਅਤੇ ਕੁਝ ਪ੍ਰਤੀਸ਼ਤ ਇਹ ਸਰਪੰਚ ਵਾਪਸ ਕਾਂਗਰਸ ਵਿਚ ਚਲੇ ਗਏ ਪਰ ਹੁਣ ਸਥਿਤੀ ਇਹ ਹੈ ਕਿ ਇਹ ਵਰਗ ਕਾਂਗਰਸ ਦਾ ਸੌ ਫੀਸਦੀ ਵੋਟ ਬੈਂਕ ਨਹੀਂ ਕਿਹਾ ਜਾ ਸਕਦਾ।
ਹਾਰ-ਜਿੱਤ 'ਤੇ ਕ੍ਰਿਸ਼ਚੀਅਨ, ਮੁਸਲਿਮ ਤੇ ਅਨੁਸੂਚਿਤ ਜਾਤੀ ਦੇ ਵੋਟਰ ਪਾਉਂਦੇ ਹਨ ਅਸਰ
ਗੁਰਦਾਸਪੁਰ 'ਚ ਆਉਣ ਵਾਲੇ ਵਿਧਾਨ ਸਭਾ ਹਲਕਿਆਂ ਵਿਚ ਤਾਂ ਕੁਝ ਹਲਕਿਆਂ ਵਿਚ ਹਿੰਦੂ ਵੋਟਰਾਂ ਦਾ ਬੋਲਬਾਲਾ ਹੈ ਜਦਕਿ ਕੁਝ ਵਿਚ ਸਿੱਖ ਵੋਟਰਾਂ ਦਾ ਬੋਲਬਾਲਾ ਹੈ ਪਰ ਜਦੋਂ ਲੋਕਸਭਾ ਹਲਕੇ ਦਾ ਸਰਵੇ ਕੀਤਾ ਜਾਵੇ ਤਾਂ ਇਸ ਲੋਕ ਸਭਾ ਹਲਕੇ ਵਿਚ ਹਿੰਦੂ ਤੇ ਸਿੱਖ ਵੋਟਰਾਂ ਦਾ ਪ੍ਰਤੀਸ਼ਤ ਬਰਾਬਰ ਹੈ, ਜਿਸ ਕਾਰਨ ਹਾਰ-ਜਿੱਤ 'ਤੇ ਅਸਰ ਕ੍ਰਿਸ਼ਚੀਅਨ, ਮੁਸਲਿਮ ਤੇ ਅਨੁਸੂਚਿਤ ਜਾਤੀ ਦੇ ਵੋਟਰ ਪਾਉਂਦੇ ਹਨ। ਤਿੰਨੇ ਹੀ ਪ੍ਰਮੁੱਖ ਰਾਜਨੀਤਿਕ ਦਲ ਹਿੰਦੂ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਯੋਜਨਾ ਬਣਾ ਕੇ ਕੰਮ ਕਰ ਰਹੇ ਹਨ ਅਤੇ ਇਹ ਤਿੰਨੇ ਦਲ ਕ੍ਰਿਸ਼ਚੀਅਨ, ਮੁਸਲਿਮ ਅਤੇ ਅਨੁਸੂਚਿਤ ਜਾਤੀ ਦੇ ਵੋਟਰਾਂ ਨੂੰ ਆਪਣੇ ਪੱਖ ਵਿਚ ਕਰਨ ਵਿਚ ਕਿੰਨਾ ਸਫ਼ਲ ਹੁੰਦੇ ਹਨ, ਇਹ ਸਮਾਂ ਦੱਸੇਗਾ।
ਕਾਦੀਆਂ 'ਚ ਬਹੁਗਿਣਤੀ ਮੁਸਲਿਮ ਵੋਟਰ
ਗੁਰਦਾਸਪੁਰ ਲੋਕ ਸਭਾ ਹਲਕੇ ਅਧੀਨ ਆਉਣ ਵਾਲੇ 9 ਵਿਧਾਨ ਸਭਾ ਹਲਕਿਆਂ ਵਿਚ ਕੁਝ 'ਚ ਮੁਸਲਮਾਨ ਵੋਟਰ ਜ਼ਿਆਦਾ ਹਨ ਜਦਕਿ ਕੁਝ ਵਿਚ ਨਾਮਾਤਰ ਹੀ ਹਨ। ਕਾਦੀਆਂ ਵਿਚ ਮੁਸਲਿਮ ਵੋਟ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਦਕਿ ਹੋਰਨਾਂ ਹਲਕਿਆਂ ਵਿਚ 2 ਤੋਂ 10 ਹਜ਼ਾਰ ਤੱਕ ਮੁਸਲਿਮ ਵੋਟਰ ਹਨ। ਇਹ ਮੁਸਲਿਮ ਵੋਟਰ ਆਪਣੀ ਆਤਮਾ ਦੀ ਆਵਾਜ਼ 'ਤੇ ਆਪਣੀ ਵੋਟ ਨੂੰ ਪ੍ਰਯੋਗ ਕਰਨ ਨੂੰ ਪਹਿਲ ਦਿੰਦੇ ਹਨ। ਕਾਦੀਆਂ ਹਲਕੇ ਵਿਚ ਇਹ ਅਕਾਲੀ ਤੇ ਕਾਂਗਰਸ ਨਾਲ ਬਰਾਬਰ-ਬਰਾਬਰ ਜੁੜੇ ਹੋਏ ਹਨ।
ਕ੍ਰਿਸ਼ਚੀਅਨ ਭਾਈਚਾਰਾ ਵੀ ਪ੍ਰਭਾਵਸ਼ਾਲੀ
ਲੋਕ ਸਭਾ ਹਲਕਾ ਗੁਰਦਾਸਪੁਰ 'ਚ ਕ੍ਰਿਸ਼ਚੀਅਨ ਭਾਈਚਾਰੇ ਦੇ ਵੋਟਰ ਚੋਣ 'ਚ ਬਹੁਤ ਪ੍ਰਭਾਵ ਪਾਉਂਦੇ ਹਨ। ਗੁਰਦਾਸਪੁਰ, ਕਾਦੀਆਂ, ਬਟਾਲਾ, ਡੇਰਾ ਬਾਬਾ ਨਾਨਕ ਤੇ ਫਤਿਹਗੜ੍ਹ ਚੂੜੀਆਂ ਹਲਕਿਆਂ 'ਚ ਕ੍ਰਿਸ਼ਚੀਅਨ ਵੋਟਰ ਕਾਫੀ ਗਿਣਤੀ 'ਚ ਹਨ। ਇਨ੍ਹਾਂ ਸਾਰੇ ਹਲਕਿਆਂ ਵਿਚ 10 ਫੀਸਦੀ ਵੋਟਰ ਕ੍ਰਿਸ਼ਚੀਅਨ ਹਨ, ਜੋ ਚੋਣ ਵਿਚ ਆਪਣਾ ਪ੍ਰਭਾਵ ਪਾਉਂਦੇ ਹਨ ਪਰ ਕੁਝ ਸਮੇਂ ਤੋਂ ਕ੍ਰਿਸ਼ਚੀਅਨ ਫਿਰਕਾ 2 ਹਿੱਸਿਆਂ ਵਿਚ ਵੰਡਿਆ ਗਿਆ ਹੈ। ਕ੍ਰਿਸ਼ਚੀਅਨ ਭਾਈਚਾਰਾ ਇਸ ਲੋਕ ਸਭਾ ਹਲਕੇ ਵਿਚ ਅਕਾਲੀ ਦਲ ਤੇ ਕਾਂਗਰਸ ਵਿਚ ਵੰਡਿਆ ਹੈ ਜਦਕਿ ਭਾਜਪਾ ਦੇ ਨਾਲ ਨਾਮਾਤਰ ਹੀ ਕ੍ਰਿਸ਼ਚੀਅਨ ਹਨ। ਜੇਕਰ ਬੀਤੇ ਸਮੇਂ ਦਾ ਇਤਿਹਾਸ ਦੇਖਿਆ ਜਾਵੇ ਤਾਂ ਕ੍ਰਿਸ਼ਚੀਅਨ ਵੋਟਰ ਕਾਂਗਰਸ ਤੇ  ਅਕਾਲੀ ਦਲ ਦੇ ਉਮੀਦਵਾਰਾਂ ਨੂੰ ਤਾਂ ਵੋਟ ਪਾ ਦਿੰਦਾ ਹੈ ਜਾਂ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਵੀ ਕਰ ਲੈਂਦਾ ਹੈ ਪਰ ਭਾਜਪਾ ਦੇ ਪੱਖ ਵਿਚ ਇਹ ਪ੍ਰਚਾਰ ਨਹੀਂ ਕਰਦਾ। ਵਿਧਾਨ ਸਭਾ ਚੋਣਾਂ ਵਿਚ ਕ੍ਰਿਸ਼ਚੀਅਨ ਵੋਟਰ ਅਕਾਲੀ ਦਲ ਦੇ ਉਮੀਦਵਾਰ ਨੂੰ ਵੋਟ ਪਾਉਂਦਾ ਹੈ, ਜਦਕਿ ਲੋਕ ਸਭਾ ਚੋਣਾਂ ਵਿਚ ਇਸ ਹਲਕੇ ਵਿਚ ਕ੍ਰਿਸ਼ਚੀਅਨ ਕਾਂਗਰਸ ਪਾਰਟੀ ਨੂੰ  ਵੋਟ ਪਾਉਂਦੇ ਹਨ।  ਇਸ ਤਰ੍ਹਾਂ ਦੇ ਵੋਟਰਾਂ ਦਾ ਫੀਸਦੀ ਬਹੁਤ ਘੱਟ ਹੈ ਜੋ ਅਕਾਲੀ ਆਗੂਆਂ ਦੇ ਕਹਿਣ 'ਤੇ ਭਾਜਪਾ ਦੇ ਪੱਖ ਵਿਚ ਪ੍ਰਚਾਰ ਕਰਦੇ ਹਨ ਜਾਂ ਵੋਟ ਪਾਉਂਦੇ ਹਨ।  


Related News