ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਾਝਾ ਬੈਲਟ ਜ਼ਿਮਨੀ ਚੋਣ, ਧੜੇਬੰਦੀ ਦੀ ਕਿਸ਼ਤੀ ''ਤੇ ਸਵਾਰ ਤਿੰਨੋਂ ਦਲ

Thursday, Sep 28, 2017 - 11:36 AM (IST)


ਪਠਾਨਕੋਟ (ਸ਼ਾਰਦਾ) - ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸੂਬੇ ਦੀ ਮਾਝਾ ਬੈਲਟ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਹੋਣ ਜਾ ਰਹੀ ਜ਼ਿਮਨੀ ਚੋਣ ਨੇ ਸੱਤਾਧਾਰੀ ਅਤੇ ਵਿਰੋਧੀ ਧਿਰ ਸਮੇਤ ਸਾਰੇ ਰਾਜਨੀਤਕ ਦਲਾਂ ਦੀਆਂ ਧੜਕਣਾਂ ਤੇਜ਼ ਕਰ ਦਿੱਤੀਆਂ ਹਨ। ਬੇਸ਼ੱਕ ਮੁਕਾਬਲੇ ਵਿਚ ਕਾਂਗਰਸ ਅਤੇ ਭਾਜਪਾ-ਅਕਾਲੀ ਦਲ ਹੀ ਹਨ ਪਰ 'ਆਪ' ਪਾਰਟੀ ਨੇ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਪੰਜਾਬ 'ਚ ਅਪ੍ਰਤੱਖ ਪ੍ਰਦਰਸ਼ਨ ਕਰਦੇ ਹੋਏ 13 ਵਿਚੋਂ 14 ਸੀਟਾਂ ਜਿੱਤ ਲਈਆਂ ਸਨ, ਨੇ ਪਿਛਲੀਆਂ ਲੋਕ ਸਭਾ ਚੋਣਾਂ ਦੇ ਪ੍ਰਦਰਸ਼ਨ ਤੋਂ ਉਤਸ਼ਾਹਿਤ ਹੋ ਕੇ ਇਸ ਚੋਣ ਵਿਚ ਰਾਜਨੀਤਕ ਮੋਰਚਾ ਖੋਲ੍ਹਿਆ ਹੋਇਆ ਹੈ। 
ਸੰਸਦ ਮੈਂਬਰ ਵਿਨੋਦ ਖੰਨਾ ਦੀ ਮੌਤ ਕਾਰਨ ਖਾਲੀ ਹੋਈ ਗੁਰਦਾਸਪੁਰ ਸੀਟ ਤੋਂ ਤਿੰਨੋਂ ਹੀ ਰਾਜਨੀਤਕ ਦਲਾਂ ਦੇ ਉਮੀਦਵਾਰਾਂ ਦਾ ਐਲਾਨ ਹੋਣ ਤੋਂ ਬਾਅਦ ਰਾਜਨੀਤੀ ਦੀ ਸ਼ਤਰੰਜ ਪੂਰੀ ਤਰ੍ਹਾਂ ਵਿਛ ਚੁੱਕੀ ਹੈ ਅਤੇ ਮੋਹਰਿਆਂ ਦੀ ਚਾਲ ਤੇਜ਼ ਕਰਨ ਦੀ ਕਵਾਇਦ ਰਫ਼ਤਾਰ ਫੜ ਚੁੱਕੀ ਹੈ। ਤਿੰਨੋਂ ਹੀ ਉਮੀਦਵਾਰ ਨਾਮਜ਼ਦਗੀ ਪੱਤਰ ਦਾਖ਼ਲ ਕਰ ਚੁੱਕੇ ਹਨ।  27 ਸਤੰਬਰ ਨੂੰ ਨਾਮਜ਼ਦਗੀ ਵਾਪਸ ਲੈਣ ਦਾ ਦਿਨ ਹੈ ਅਤੇ ਇਸ ਦਿਨ ਚੋਣ ਲੜਨ ਵਾਲੇ ਦਲਾਂ ਦੇ ਉਮੀਦਵਾਰਾਂ ਨੂੰ ਪਾਰਟੀ ਚਿੰਨ੍ਹ ਅਲਾਟ ਕਰ ਦਿੱਤੇ ਜਾਣਗੇ। ਇਹ ਚੋਣ ਇਸ ਵਾਰ ਰਾਜਨੀਤਕ ਸ਼ਤਰੰਜ ਵਿਚ ਦਿਮਾਗੀ ਕਸਰਤ ਦਾ ਅਨੋਖਾ ਨਮੂਨਾ ਹੋਵੇਗੀ, ਜਿਸ ਵਿਚ ਦੋਵੇਂ ਪਾਸਿਓਂ ਮੋਹਰੇ ਚਲਣਗੇ। ਇਨ੍ਹਾਂ ਵਿਚੋਂ ਕਿਹੜੀ ਚਾਲ ਕਿੱਥੇ ਹਿਟ ਜਾਂ ਫਿੱਟ ਬੈਠਦੀ ਹੈ, ਉਹ ਹੀ ਸਬੰਧਤ ਉਮੀਦਵਾਰ ਦੀ ਜੇਤੂ ਗੇਮ ਨੂੰ ਅੱਗੇ ਲੈ ਕੇ ਜਾਵੇਗੀ। 

ਮਾਹਿਰਾਂ ਅਨੁਸਾਰ ਪ੍ਰਭਾਵਿਤ ਕਰਨ ਵਾਲੇ ਚੋਣ ਫੈਕਟਰ ਬੱਬੂ ਤੇ ਬਿੱਟੂ ਵਿਚਾਲੇ ਛੱਤੀ ਦਾ ਅੰਕੜਾ
ਸੁਜਾਨਪੁਰ ਹਲਕੇ ਵਿਚ ਵਿਧਾਇਕ ਠਾ. ਦਿਨੇਸ਼ ਸਿੰਘ ਬੱਬੂ ਹਨ ਅਤੇ ਉਨ੍ਹਾਂ ਦਾ ਪਾਰਟੀ ਅਤੇ ਹਲਕੇ 'ਤੇ ਪੂਰਾ ਕਬਜ਼ਾ ਹੈ ਪਰ ਇਸ ਦੇ ਬਾਵਜੂਦ ਕੁਝ ਫੈਕਟਰ ਹਨ ਜੋ ਕਿ ਭਾਜਪਾ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਹਨ। ਨਗਰ ਕੌਂਸਲ ਸੁਜਾਨਪੁਰ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਗੁਪਤਾ (ਬਿੱਟੂ) ਨਾਲ ਵਿਧਾਇਕ ਬੱਬੂ ਦਾ ਛੱਤੀ ਦਾ ਅੰਕੜਾ ਜੱਗ ਜ਼ਾਹਿਰ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਰਾਜ ਕੁਮਾਰ ਬਿੱਟੂ ਦੀ ਭੂਮਿਕਾ ਤੋਂ ਵਿਧਾਇਕ ਬੱਬੂ ਕਦੀ ਖੁਸ਼ ਨਜ਼ਰ ਨਹੀਂ ਆਏ ਕਿਉਂਕਿ ਬਿੱਟੂ ਖੁਦ ਚੋਣ ਲੜਨ ਲਈ ਉਤਸੁਕ ਅਤੇ ਟਿਕਟ ਦੇ ਦਾਅਵੇਦਾਰ ਸਨ, ਜਿਸ ਕਾਰਨ ਵੀ ਬੱਬੂ ਦੀਆਂ ਮੁਸ਼ਕਿਲਾਂ ਵਧੀਆਂ। 
ਉਥੇ ਹੀ ਹੁਣ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸੂਬੇ ਵਿਚ ਕਾਂਗਰਸ ਸੱਤਾ ਵਿਚ ਹੈ, ਜਦਕਿ ਹਲਕੇ ਤੋਂ ਵਿਧਾਇਕ ਬੱਬੂ ਸੱਤਾ ਵਿਚ ਹਨ। ਅਜਿਹੇ ਵਿਚ ਜ਼ਿਮਨੀ ਚੋਣ ਵਿਚ ਕਾਂਗਰਸ ਨੂੰ ਫਿਰ ਤੋਂ ਵੰਡਣ ਦੇ ਲਈ ਮੁਸ਼ੱਕਤ ਕਰਨੀ ਪੈ ਸਕਦੀ ਹੈ, ਕਿਉਂਕਿ ਕਾਂਗਰਸ ਨੂੰ ਸੂਬੇ ਦੀ ਸੱਤਾ 'ਤੇ ਕਾਬਿਜ਼ ਹੋਏ ਆਏ ਸਿਰਫ਼ ਕੁਝ ਹੀ ਮਹੀਨੇ ਹੋਏ ਹਨ, ਅਜਿਹੇ ਵਿਚ ਸਰੇਆਮ ਵਿਰੋਧ ਦੀ ਗੁੰਜਾਇਸ਼ ਕਾਫ਼ੀ ਘੱਟ ਹੈ। 

ਸੰਤਰੇ ਦੀਆਂ ਫਾੜੀਆਂ ਵਰਗਾ ਹਾਲ
ਪਠਾਨਕੋਟ ਹਲਕੇ ਵਿਚ ਵੀ ਭਾਜਪਾ ਦਾ ਸਿਆਸਤ-ਏ-ਹਾਲ ਵੀ ਪਾਰਟੀ ਨੇਤਾਵਾਂ ਲਈ ਮੁਸ਼ਕਿਲਾਂ ਭਰਿਆ ਹੈ। ਇੱਥੇ ਵੀ ਭਾਜਪਾ ਕਈ ਧੜਿਆਂ 'ਚ ਵੰਡੀ ਹੋਈ ਹੈ। ਆਉਣ ਵਾਲੇ ਸਮੇਂ ਵਿਚ ਹੀ ਪਤਾ ਲੱਗੇਗਾ ਕਿ ਛੋਟੇ-ਛੋਟੇ ਧੜਿਆਂ ਵਿਚ ਵੰਡੀ ਭਾਜਪਾ ਨੂੰ ਕਿਹੜਾ ਮਾਈ ਦਾ ਲਾਲ ਇਕਜੁੱਟ ਕਰ ਸਕਦਾ ਹੈ। ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ ਦਾ ਧੜਾ ਇਸ ਖੇਤਰ 'ਚ ਭਾਜਪਾ ਦਾ ਸਭ ਤੋਂ ਵੱਡਾ ਧੜਾ ਹੈ ਪਰ ਵਿਧਾਇਕ ਦੀ ਚੋਣ ਹਾਰਨ ਤੋਂ ਬਾਅਦ ਇਸ ਧੜੇ ਦੀ ਸਥਿਤੀ ਬਹੁਤੀ ਵਧੀਆ ਨਹੀਂ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਪਠਾਨਕੋਟ ਦੇ ਸਾਬਕਾ ਪ੍ਰਧਾਨ ਸਤੀਸ਼ ਮਹਾਜਨ ਦਾ ਧੜਾ, ਸਾਬਕਾ ਮੰਤਰੀ ਮਾ. ਮੋਹਨ ਲਾਲ ਦਾ ਧੜਾ, ਅਕਸ਼ੈ ਅਤੇ ਉਨ੍ਹਾਂ ਦੇ ਸਾਥੀਆਂ ਦਾ ਧੜਾ ਇਸ ਖੇਤਰ ਵਿਚ ਭਾਜਪਾ ਦੀ ਰਾਜਨੀਤੀ ਵਿਚ ਹਾਵੀ ਹਨ। ਭਾਜਪਾ ਦੇ ਜ਼ਿਲਾ ਪ੍ਰਧਾਨ ਅਨਿਲ ਰਾਮਪਾਲ ਅਤੇ ਜਨਰਲ ਸਕੱਤਰ ਰਾਕੇਸ਼ ਸ਼ਰਮਾ ਪਠਾਨਕੋਟ ਹਲਕੇ ਨਾਲ ਸਬੰਧਤ ਹਨ। ਉਨ੍ਹਾਂ ਦੀ ਵੀ ਇਸ ਖੇਤਰ ਵਿਚ ਪਾਰਟੀ ਦੀ ਰਾਜਨੀਤੀ ਵਿਚ ਪੂਰੀ ਦਖ਼ਲ ਅੰਦਾਜ਼ੀ ਰਹਿੰਦੀ ਹੈ। ਇਸੇ ਤਰ੍ਹਾਂ ਕਾਰਪੋਰੇਟਰਾਂ ਦੇ ਵੀ ਕਈ ਧੜੇ ਹਨ, ਜਿਨ੍ਹਾਂ ਨੂੰ ਇਸ ਉਪ ਚੋਣ ਵਿਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। 

ਭੋਆ, ਦੀਨਾਨਗਰ ਅਤੇ ਗੁਰਦਾਸਪੁਰ 'ਚ ਵੀ ਕੁਝ ਅਜਿਹਾ ਹੀ ਹਾਲ
ਬਿਲਕੁਲ ਅਜਿਹੀ ਹੀ ਸਥਿਤੀ ਭੋਆ ਹਲਕੇ ਵਿਚ ਹੈ, ਜਿਥੇ ਪਿਛਲੀਆਂ ਵਿਧਾਨਸਭਾ ਚੋਣਾਂ ਵਿਚ ਸਾਬਕਾ ਵਿਧਾਇਕ ਅਤੇ ਪਾਰਟੀ ਉਮੀਦਵਾਰ ਰਹੀ ਸੀਮਾ ਕੁਮਾਰੀ ਦਾ ਖੁੱਲ੍ਹੇਆਮ ਵਿਰੋਧ ਕੀਤਾ ਗਿਆ ਸੀ, ਜਿਸ ਦਾ ਨਤੀਜਾ ਪਾਰਟੀ ਨੂੰ ਚੋਣ ਵਿਚ ਹਾਰ ਵਜੋਂ ਭੁਗਤਣਾ ਪਿਆ ਸੀ। ਦੀਨਾਨਗਰ ਵਿਚ ਵੀ ਭਾਜਪਾ ਵੱਲੋਂ ਲਗਾਤਾਰ ਦੋ ਵਾਰ ਧੁੱਪੜ ਨੂੰ ਟਿਕਟ ਦੇ ਕੇ ਪਾਰਟੀ ਹਾਈਕਮਾਨ ਨੇ ਆਪਣੀ ਕਾਫ਼ੀ ਫਜ਼ੀਹਤ ਕਰਵਾਈ ਹੈ, ਜਿਸ ਤੋਂ ਸਹਿਯੋਗੀ ਦਲ ਅਕਾਲੀ ਦਲ ਵੀ ਨਾਰਾਜ਼ ਹੈ। ਗੁਰਦਾਸਪੁਰ ਹਲਕੇ ਵਿਚ ਭਾਜਪਾ ਨਾ ਸਿਰਫ਼ ਅੰਦਰੂਨੀ ਫੁੱਟ ਦਾ ਸ਼ਿਕਾਰ ਹੈ, ਉਥੇ ਹੀ ਸਾਬਕਾ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਨਾਲ ਉਨਾਂ ਦਾ ਛੱਤੀ ਦਾ ਅੰਕੜਾ ਹੈ।

ਕਾਂਗਰਸ ਤੇ ਭਾਜਪਾ ਦੀ ਚੋਣ ਕਿਸ਼ਤੀ ਹੈਵੀਵੇਟ ਉਮੀਦਵਾਰਾਂ ਦੇ ਸਹਾਰੇ
ਉੱਥੇ ਹੀ ਉਮੀਦਵਾਰਾਂ ਦੀ ਜੇਕਰ ਤੁਲਨਾ ਕੀਤੀ ਜਾਵੇ ਤਾਂ ਰਾਜਨੀਤਕ ਦਲਾਂ ਨੇ ਆਪਣੇ ਹੈਵੀਵੇਟ ਉਮੀਦਵਾਰ ਇਸ ਉਪ ਚੋਣ ਵਿਚ ਉਤਾਰ ਦਿੱਤੇ ਹਨ। ਭਾਜਪਾ ਨੇ ਜਿੱਥੇ ਸਵਰਨ ਸਲਾਰੀਆ ਵਰਗੇ ਉਦਯੋਗਪਤੀ ਨੂੰ ਟਿਕਟ ਦਿੱਤੀ ਹੈ, ਉਥੇ ਹੀ ਕਾਂਗਰਸ ਨੇ ਤਾਂ ਇਸ ਚੋਣ ਨੂੰ ਸਾਖ ਦਾ ਸਵਾਲ ਬਣਾਉਂਦੇ ਹੋਏ ਸਭ ਕੁਝ ਦਾਅ 'ਤੇ ਲਾਉਂਦੇ ਹੋਏ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਹੀ ਚੋਣ ਮੈਦਾਨ ਵਿਚ ਭੇਜ ਦਿੱਤਾ ਹੈ। ਅਜਿਹੇ ਵਿਚ ਦੋਵੇਂ ਹੀ ਪਾਰਟੀਆਂ ਦੇ ਹੈਵੀਵੇਟ ਉਮੀਦਵਾਰ ਆਹਮੋ-ਸਾਹਮਣੇ ਆਉਣ ਨਾਲ ਹੀ ਦੋਵੇਂ ਪਾਰਟੀਆਂ ਲਈ ਇਹ ਚੋਣ ਹੁਣ ਇੱਜ਼ਤ ਦਾ ਸਵਾਲ ਬਣ ਗਿਆ ਹੈ। ਅਜਿਹੇ ਵਿਚ ਕਾਂਗਰਸ ਅਤੇ ਭਾਜਪਾ ਦੀ ਚੋਣ ਕਿਸ਼ਤੀ ਹੁਣ ਇਨ੍ਹਾਂ ਹੈਵੀਵੇਟ ਉਮੀਦਵਾਰਾਂ ਦੇ ਸਹਾਰੇ ਹੀ ਹੈ। 11 ਅਕਤੂਬਰ ਦੇ 'ਡੇ ਆਫ਼ ਜਜਮੈਂਟ' ਦੇ ਦਿਨ ਕਿਸ ਦੀ ਚੋਣ ਕਿਸ਼ਤੀ ਪਾਰ ਲੱਗਦੀ ਹੈ ਅਤੇ ਕਿਸ ਦੀ ਸੁਨਾਮੀ ਵਿਚ ਗੋਤੇ ਖਾਂਦੀ ਇਹ ਦੇਖਣਾ ਰੋਚਕ ਹੋਵੇਗਾ। 

'ਆਪ' 'ਚ ਧੜੇਬੰਦੀ ਦਾ ਪ੍ਰਭਾਵ
2014 ਦੀਆਂ ਲੋਕ ਸਭਾ ਚੋਣਾਂ ਵਿਚ ਸੂਬੇ ਵਿਚ 4 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਦੇ ਸੂਬਾਈ ਕਨਵੀਨਰ ਰਹੇ ਸੁੱਚਾ ਸਿੰਘ ਛੋਟੇਪੁਰ ਨੇ ਇਸ ਸੰਸਦੀ ਖੇਤਰ ਤੋਂ ਚੋਣ ਲੜੀ ਸੀ ਅਤੇ ਪਾਰਟੀ ਨੂੰ ਪੌਣੇ 2 ਲੱਖ ਦੇ ਕਰੀਬ ਵੋਟਾਂ ਦਿੱਤੀਆਂ ਸਨ। ਛੋਟੇਪੁਰ ਦਾ ਗੁਰਦਾਸਪੁਰ ਦੇ ਨਾਲ-ਨਾਲ ਪਠਾਨਕੋਟ ਜ਼ਿਲੇ ਵਿਚ ਵੀ ਆਧਾਰ ਹੈ। ਹੁਣ ਛੋਟੇਪੁਰ ਪਾਰਟੀ ਛੱਡ ਚੁੱਕੇ ਹਨ, ਉਨ੍ਹਾਂ ਦੀ ਜਗ੍ਹਾ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਸਨ ਜਿਨ੍ਹਾਂ ਨੇ ਬਟਾਲਾ ਵਿਚ ਜ਼ੋਰਦਾਰ ਫਾਈਟ ਬਾਕੀ ਦਲਾਂ ਨੂੰ ਦਿੱਤੀ ਸੀ। ਉਹ ਜੇਤੂ ਰਹੇ ਅਕਾਲੀ ਦਲ ਦੇ ਲੋਧੀਨੰਗਲ ਅਤੇ ਕਾਂਗਰਸ ਦੇ ਅਸ਼ਵਨੀ ਸੇਖੜੀ ਤੋਂ ਜ਼ਿਆਦਾ ਪਿੱਛੇ ਨਹੀਂ ਸਨ। ਗੁਰਪ੍ਰੀਤ ਵੀ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ। ਹੁਣ ਸੰਸਦੀ ਖੇਤਰ ਵਿਚ 'ਆਪ' ਦੀ ਕਮਾਨ ਉਮੀਦਵਾਰ ਰਿਟਾਇਰਡ ਮੇਜਰ ਜਨਰਲ ਸੁਰੇਸ਼ ਖਜੂਰੀਆ ਦੇ ਹੱਥ ਵਿਚ ਹੈ। ਉਨ੍ਹਾਂ ਨੂੰ ਉਪ ਚੋਣ ਵਿਚ ਪਾਰਟੀ ਵਰਕਰਾਂ ਦਾ ਸਹਿਯੋਗ ਮਿਲਣ ਵਿਚ ਸਮਾਂ ਲੱਗ ਰਿਹਾ ਹੈ। ਦਿੱਲੀ ਦੇ ਆਬਜ਼ਰਵਰਾਂ ਦੇ ਕਾਂਡਾਂ ਕਾਰਨ ਬਦਨਾਮ ਹੋਈ 'ਆਪ' ਦੀ ਧੜੇਬੰਦੀ ਦਾ ਕਿੰਨਾ ਪ੍ਰਭਾਵ ਚੋਣ ਵਿਚ ਪਏਗਾ ਇਹ ਦੇਖਣਾ ਰੋਚਕ ਹੋਵੇਗਾ।


Related News