ਭੈਣ ਦੇ ਵਿਆਹ ''ਤੇ ਆਏ ਨੌਜਵਾਨ ਨੂੰ ਪੁਲਸ ਨੇ ਲਾਇਆ ਕਰੰਟ ਕੀਤਾ ਟਾਰਚਰ!

07/06/2019 12:53:47 PM

ਗੁਰਦਾਸਪੁਰ (ਵਿਨੋਦ) : ਸਿਵਲ ਹਸਪਤਾਲ ਗੁਰਦਾਸਪੁਰ 'ਚ ਦਾਖਲ ਇਕ ਨੌਜਵਾਨ ਨੇ ਗੁਰਦਾਸਪੁਰ ਸਦਰ ਪੁਲਸ 'ਤੇ ਦੋਸ਼ ਲਾਏ ਹਨ ਕਿ ਪੁਲਸ ਨੇ ਉਸ ਨੂੰ ਬਿਨਾ ਕਾਰਨ ਹੀ ਬਿਜਲੀ ਦਾ ਕਰੰਟ ਲਾਇਆ ਤੇ ਟਾਰਚਰ ਕੀਤਾ। ਦੂਸਰੇ ਪਾਸੇ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਇੰਚਾਰਜ ਨੇ ਇਨ੍ਹਾਂ ਦੋਸ਼ਾਂ ਨੂੰ ਨਾਕਾਰਦੇ ਹੋਏ ਕਿਹਾ ਕਿ ਇਕ ਨਾਬਾਲਿਗ ਲੜਕੀ ਦੇ ਲਾਪਤਾ ਹੋਣ ਸਬੰਧੀ ਪੁੱਛਗਿੱਛ ਲਈ ਚਾਰ ਲੜਕਿਆਂ ਨੂੰ ਬੁਲਾਇਆ ਗਿਆ ਸੀ ਤੇ ਪੁੱਛਗਿੱਛ ਉਪਰੰਤ ਪੰਚਾਇਤ ਹਵਾਲੇ ਕਰ ਦਿੱਤਾ ਗਿਆ ਸੀ।

ਗੁਰਦਾਸਪੁਰ ਹਸਪਤਾਲ 'ਚ ਇਲਾਜ ਅਧੀਨ ਰਾਜਾ ਪੁੱਤਰ ਰਘੂਬੀਰ ਨਿਵਾਸੀ ਨਬੀਪੁਰ ਕਾਲੋਨੀ ਗੁਰਦਾਸਪੁਰ ਨੇ ਦੋਸ਼ ਲਾਇਆ ਕਿ ਉਹ ਘਰ ਤੋਂ ਭੱਜਣ ਵਾਲੀ ਨਾਬਾਲਿਗ ਲੜਕੀ ਦੇ ਪਿਤਾ ਦੇ ਨਾਲ ਸ਼੍ਰੀ ਨਗਰ 'ਚ ਕੰਮ ਕਰਦਾ ਹੈ। ਉਹ 3 ਜੁਲਾਈ ਨੂੰ ਸਵੇਰੇ ਗੁਰਦਾਸਪੁਰ ਪਹੁੰਚਾ ਸੀ ਕਿਉਂਕਿ ਉਸ ਦੀ ਭੈਣ ਦਾ ਉਸੇ ਦਿਨ ਵਿਆਹ ਸੀ ਪਰ ਇਸੇ ਹੀ ਦਿਨ ਗੁਰਦਾਸਪੁਰ ਸਦਰ ਪੁਲਸ ਨੇ ਉਸ ਨੂੰ ਘਰ ਤੋਂ ਚੁੱਕਿਆ ਅਤੇ ਸਦਰ ਪੁਲਸ ਸਟੇਸ਼ਨ ਲਿਜਾ ਕੇ ਬਿਜਲੀ ਦਾ ਕਰੰਟ ਲਾ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਪੁਲਸ ਨੇ ਮੇਰੇ 'ਤੇ ਦੋਸ਼ ਲਾਇਆ ਕਿ ਤੰ ਆਪਣੇ ਮਾਲਕ ਦੀ ਨਾਬਾਲਿਗ ਲੜਕੀ ਨੂੰ ਭਜਾਇਆ ਹੈ ਜਦਕਿ ਇਸ ਕੇਸ ਸਬੰਧੀ ਨਾ ਤਾਂ ਉਸ ਨੂੰ ਕੋਈ ਜਾਣਕਾਰੀ ਹੈ ਅਤੇ ਨਾ ਹੀ ਕੇਸ 'ਚ ਕਿਸੇ ਤਰ੍ਹਾਂ ਦਾ ਮੇਰਾ ਹੱਥ ਹੈ।

ਇਸ ਸਬੰਧੀ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਇੰਚਾਰਜ ਮੱਖਣ ਸਿੰਘ ਨੇ ਕਿਹਾ ਕਿ ਲਗਭਗ 15 ਦਿਨ ਪਹਿਲੇ ਪੁਲਸ ਸਟੇਸ਼ਨ ਦੇ ਅਧਿਨ ਇਕ ਪਿੰਡ ਦੀ ਨਾਬਾਲਗ ਲੜਕੀ ਘਰ ਤੋਂ ਲਾਪਤਾ ਹੋਈ ਸੀ। ਉਸ ਸਬੰਧੀ ਲੜਕੀ ਦੀ ਚਾਚੀ ਦੇ ਮੋਬਾਈਲ ਦੀ ਕਾਲ ਡਿਟੇਲ ਦੇ ਆਧਾਰ 'ਤੇ ਚਾਰ ਨੌਜਵਾਨਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਅਤੇ ਪੁੱਛਗਿੱਛ ਉਪਰੰਤ ਉਨ੍ਹਾਂ ਦੀ ਪੰਚਾਇਤ ਦੇ ਹਵਾਲੇ ਕਰ ਦਿੱਤਾ ਸੀ। ਉਨ੍ਹਾਂ ਨੇ ਰਾਜਾ ਵੱਲੋਂ ਲਗਾਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਾਲ ਨਾਕਾਰਦੇ ਹੋਏ ਕਿਹਾ ਕਿ ਪਤਾ ਨਹੀਂ ਇਹ ਨੌਜਵਾਨ ਇਸ ਤਰ੍ਹਾਂ ਦਾ ਦੋਸ਼ ਕਿਉਂ ਲਾ ਰਿਹਾ ਹੈ।


Baljeet Kaur

Content Editor

Related News