19 ਜਨਵਰੀ ਨੂੰ 2 ਸ਼ਿਫਟਾਂ ''ਚ 8511 ਵਿਦਿਆਰਥੀ ਦੇਣਗੇ ''ਟੈੱਟ'' ਦੀ ਪ੍ਰੀਖਿਆ
Saturday, Jan 18, 2020 - 06:12 PM (IST)
ਗੁਰਦਾਸਪੁਰ (ਹਰਮਨਪ੍ਰੀਤ) : ਇਸ ਸਾਲ 19 ਜਨਵਰੀ ਨੂੰ ਲਈ ਜਾਣ ਵਾਲੀ ਪੰਜਾਬ ਰਾਜ ਅਧਿਆਪਕ ਨਿਪੁੰਨਤਾ ਖੋਜ ਪ੍ਰੀਖਿਆ (ਟੈੱਟ) ਲਈ ਜ਼ਿਲਾ ਗੁਰਦਾਸਪੁਰ ਅੰਦਰ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਡੀ. ਈ. ਓ. (ਸ) ਰਾਕੇਸ਼ ਬਾਲਾ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਨੂੰ ਸੁਚਾਰੂ ਅਤੇ ਪਾਰਦਰਸ਼ੀ ਤਰੀਕੇ ਨਾਲ ਪੂਰਾ ਕਰਨ ਲਈ ਜ਼ਿਲਾ ਗੁਰਦਾਸਪੁਰ ਵਿਖੇ ਸਵੇਰ ਦੇ ਸਮੇਂ ਹੋਣ ਵਾਲੇ ਪੀ. ਐੱਸ. ਟੀ. ਈ. ਟੀ. ਪੇਪਰ-1 ਲਈ 7 ਸੈਂਟਰ ਬਣਾਏ ਗਏ ਹਨ ਜਦੋਂ ਕਿ ਸ਼ਾਮ ਸਮੇਂ ਹੋਣ ਵਾਲੇ ਪੀ. ਐੱਸ. ਟੀ. ਈ. ਟੀ. ਪੇਪਰ-2 ਲਈ ਕੁੱਲ 12 ਸੈਂਟਰ ਬਣਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਪੇਪਰ-1 ਵਿਚ 3023 ਬੱਚੇ ਅਤੇ ਪੇਪਰ 2 ਵਿਚ 5488 ਬੱਚੇ ਅਪੀਅਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰੀਖਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਨਕਲ ਅਤੇ ਗੈਰ-ਕਾਨੂੰਨੀ ਹਰਕਤ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜੇਕਰ ਕਿਸੇ ਉਮੀਦਵਾਰ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਮੂਹ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਨਕਲ ਰਹਿਤ ਸਾਫ਼-ਸੁਥਰਾ ਇਮਤਿਹਾਨ ਦੇਣ ਲਈ ਪ੍ਰੇਰਿਤ ਕਰਨ, ਜਿਸ ਨਾਲ ਕਿਸੇ ਵੀ ਉਮੀਦਵਾਰ ਦਾ ਭਵਿੱਖ ਖ਼ਰਾਬ ਨਾ ਹੋਵੇ। ਇਸ ਮੌਕੇ ਸਟੈਨੋ ਅਮਨ ਗੁਪਤਾ ਅਤੇ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ ਵੀ ਹਾਜ਼ਰ ਸਨ।