ਤੇਲ ਕੀਮਤਾਂ ''ਚ ਵਾਧੇ ਅਤੇ ਗਰੀਬਾਂ ਨਾਲ ਹੋਏ ਪੱਖਪਾਤ ਵਿਰੁੱਧ ਧਰਨੇ ਦੇਵੇਗਾ ''ਸ਼੍ਰੋਮਣੀ ਅਕਾਲੀ ਦਲ''
Sunday, Jul 05, 2020 - 04:26 PM (IST)
ਗੁਰਦਾਸਪੁਰ (ਹਰਮਨ) : ਕੇਂਦਰ ਸਰਕਾਰ ਵਲੋਂ ਗਰੀਬ ਲੋਕਾਂ ਲਈ ਭੇਜੇ ਰਾਸ਼ਨ ਦੀ ਪੰਜਾਬ ਸਰਕਾਰ ਵਲੋਂ ਸਹੀ ਢੰਗ ਨਾਲ ਵੰਡ ਨਾ ਕੀਤੇ ਜਾਣ ਅਤੇ ਪੈਟਰੋਲ ਡੀਜ਼ਲ 'ਤੇ ਥੋਪੇ ਜਾ ਰਹੇ ਵੈਟ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ 7 ਜੁਲਾਈ ਨੂੰ ਪਿੰਡਾਂ-ਸ਼ਹਿਰਾਂ ਅਤੇ ਕਸਬਿਆਂ ਵਿਚ ਧਰਨੇ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਅੱਜ ਗੁਰਦਾਸਪੁਰ ਵਿਖੇ ਪਹੁੰਚ ਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਸਮੇਤ ਹੋਰ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਚੇਅਰਮੈਨ ਰਵੀਕਰਨ ਸਿੰਘ ਕਾਹਲੋਂ, ਗੁਰਇਕਬਾਲ ਸਿੰਘ ਮਾਹਲ, ਤਰਲੋਕ ਸਿੰਘ ਬਾਠ, ਇੰਦਰਜੀਤ ਸਿੰਘ ਰੰਧਾਵਾ, ਕੁਲਵੰਤ ਸਿੰਘ ਚੀਮਾ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ। ਉਪਰੰਤ ਪ੍ਰੈੱਸ ਕਾਨਫਰੰਸ ਦੌਰਾਨ ਰਣੀਕੇ ਅਤੇ ਬੱਬੇਹਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦਾਖਿਲਾਫੀ ਅਤੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਹਿਲਾਂ ਹੀ ਤੋੜ ਦਿੱਤੀਆਂ ਸਨ ਪਰ ਹੁਣ ਸਿੱਤਮ ਦੀ ਗੱਲ ਇਹ ਹੈ ਕਿ ਕਾਂਗਰਸ ਦੀ ਇਸ ਸਰਕਾਰ ਨੇ ਕੇਂਦਰ ਸਰਕਾਰ ਵਲੋਂ ਤਾਲਾਬੰਦੀ ਦੌਰਾਨ ਤੰਗੀਆਂ ਨਾਲ ਜੂਝ ਰਹੇ ਗਰੀਬਾਂ ਨੂੰ ਰਾਹਤ ਦੇਣ ਲਈ ਭੇਜੇ ਗਏ ਰਾਸ਼ਨ ਦੀ ਵੰਡ ਵਿਚ ਵੀ ਵੱਡਾ ਪੱਖਪਾਤ ਕੀਤਾ ਹੈ।
ਇਹ ਵੀ ਪੜ੍ਹੋਂ : ਕੁਦਰਤ ਦਾ ਕਹਿਰ : ਹਨੇਰੀ ਕਾਰਨ ਡਿੱਗੀ ਸਕੂਲ ਦੀ ਕੰਧ, ਦੋ ਲੋਕਾਂ ਦੀ ਮੌਤ
ਬੱਬੇਹਾਲੀ ਨੇ ਕਿਹਾ ਕਿ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਨੇ ਲੋਕਾਂ ਦੀ ਤੌਬਾ ਕਰਵਾ ਦਿੱਤੀ ਹੈ। ਇਸ ਮਾਮਲੇ 'ਚ ਅਹਿਮ ਅਤੇ ਮੰਦਭਾਗੀ ਗੱਲ ਇਹ ਹੈ ਕਿ ਪੂਰੇ ਦੇਸ਼ ਅੰਦਰ ਪੰਜਾਬ ਹੀ ਅਜਿਹਾ ਸੂਬਾ ਹੈ, ਜਿਥੇ ਪੈਟਰੋਲ-ਡੀਜ਼ਲ 'ਤੇ ਸਭ ਤੋਂ ਜ਼ਿਆਦਾ ਵੈਟ ਵਸੂਲ ਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਧੱਕੇਸ਼ਾਹੀਆਂ ਤੇ ਲੁੱਟ ਨੂੰ ਰੋਕਣ ਲਈ ਪਾਰਟੀ ਵਲੋਂ 7 ਜੁਲਾਈ ਨੂੰ ਹਰੇਕ ਪਿੰਡ, ਕਸਬੇ ਅਤੇ ਸ਼ਹਿਰ ਵਿਚ ਸਵੇਰੇ 10 ਤੋਂ 11 ਵਜੇ ਤੱਕ ਧਰਨੇ ਦਿੱਤੇ ਜਾਣਗੇ। ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਕੋਲੋਂ ਵੀ ਮੰਗ ਕੀਤੀ ਜਾਵੇਗੀ ਕਿ ਪੈਟਰੋਲ-ਡੀਜਲ 'ਤੇ ਦੋਵੇਂ ਸਰਕਾਰ ਘੱਟੋ-ਘੱਟ 10-10 ਰੁਪਏ ਵੈਟ ਘੱਟ ਕਰਨ। ਉਨ੍ਹਾਂ ਪਾਰਟੀ ਦੇ ਸਮੁਹ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕਿਆਂ ਅੰਦਰ ਦਿੱਤੇ ਜਾਣ ਵਾਲੇ ਧਰਨਿਆਂ ਵਿਚ ਸ਼ਮੂਲੀਅਤ ਯਕੀਨੀ ਬਣਾਉਣ।
ਇਹ ਵੀ ਪੜ੍ਹੋਂ : ਹਵਸ ਦੇ ਅੰਨ੍ਹਿਆ ਨੇ ਬਜ਼ੁਰਗ ਜਨਾਨੀ ਨੂੰ ਵੀ ਨਹੀਂ ਬਕਸ਼ਿਆ, ਕੀਤਾ ਗੈਂਗਰੇਪ