ਨਵੇਂ ਸਾਲ ਦੀ ਪਹਿਲੀ ਬਾਰਿਸ਼ ਫਸਲਾਂ ਲਈ ਬਣੀ ਵਰਦਾਨ

Sunday, Jan 06, 2019 - 10:32 AM (IST)

ਨਵੇਂ ਸਾਲ ਦੀ ਪਹਿਲੀ ਬਾਰਿਸ਼ ਫਸਲਾਂ ਲਈ ਬਣੀ ਵਰਦਾਨ

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ) : ਗੁਰਦਾਸਪੁਰ ਸਮੇਤ ਆਸ ਪਾਸ  ਦੇ ਇਲਾਕੇ 'ਚ ਰੁਕ-ਰੁਕ ਕੇ ਹੋ ਰਹੀ  ਬਾਰਿਸ਼ ਨੇ ਠੰਡ ਹੋਰ ਵਧਾ ਦਿੱਤੀ ਹੈ, ਜਿਸ ਨਾਲ ਅੱਜ ਸਾਰਾ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਠੰਡ 'ਚ ਹੋਏ  ਵਾਧੇ ਨਾਲ ਲੋਕ ਆਪਣੇ ਘਰਾਂ 'ਚ ਰਹਿਣ ਲਈ ਮਜਬੂਰ ਰਹੇ, ਜਦੋਂ ਕਿ ਲੋਕਾਂ ਨੂੰ ਆਪਣੇ ਕੰਮਾਂ 'ਤੇ ਜਾਣ ਅਤੇ ਸਕੂਲੀ ਬੱਚਿਆਂ ਨੂੰ ਸਕੂਲ ਜਾਣ ਮੌਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੀਂਹ ਕਾਰਨ ਅੱਜ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਤਹਿਤ ਜ਼ਿਲੇ ਅੰਦਰ ਦਿਨ ਦਾ ਤਾਪਮਾਨ 14 ਡਿਗਰੀ ਅਤੇ ਰਾਤ ਦਾ ਤਾਪਮਾਨ 6 ਡਿਗਰੀ ਤੱਕ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ 'ਚ ਵੀ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਵਰਣਨਯੋਗ ਹੈ ਕਿ ਬੀਤੀ ਰਾਤ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਅਤੇ ਅਸਮਾਨ 'ਤੇ ਛਾਏ ਕਾਲੇ ਬੱਦਲਾਂ ਕਾਰਨ ਸੂਰਜ ਦੇ ਦਰਸ਼ਨ ਨਹੀਂ ਹੋ ਸਕੇ। ਠੰਡੀਆਂ ਹਵਾਵਾਂ ਚੱਲਣ ਨਾਲ ਚਾਰੇ ਪਾਸੇ ਠੰਡ 'ਚ ਵੀ ਕਾਫੀ ਵਾਧਾ ਹੋ ਗਿਆ ਹੈ। 

ਹਲਕੀ ਬੂੰਦਾਬਾਂਦੀ ਨਾਲ ਸਰਦੀ ਦਾ ਪ੍ਰਕੋਪ ਵਧਿਆ
ਸ਼ਨੀਵਾਰ ਸਵੇਰ ਤੋਂ ਹੀ ਹੋ ਰਹੀ ਹਲਕੀ ਬੂੰਦਾਬਾਂਦੀ ਦੇ ਕਾਰਨ ਧੂੜ ਮਿੱਟੀ ਅਤੇ ਕਈ ਤਰ੍ਹਾਂ ਦੇ ਹਵਾ ਪ੍ਰਦੂਸ਼ਣ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ, ਪਰ ਬਰਸਾਤ  ਦੇ  ਕਾਰਨ ਸਰਦੀ ਦਾ ਪ੍ਰਕੋਪ ਵੀ ਵਧ ਗਿਆ। ਬਰਸਾਤ ਦੇ ਕਾਰਨ ਮਾਰਕੀਟ 'ਚ ਮੰਦੀ ਦਾ ਅਸਰ  ਰਿਹਾ ਅਤੇ ਲੋਕਾਂ ਨੇ ਸਰਦੀ ਤੋਂ ਬਚਣ ਲਈ ਅੱਗ ਦਾ ਸਹਾਰਾ ਲਿਆ। ਕੁਝ ਇਲਾਕਿਆਂ 'ਚ ਸਵੇਰ  ਤੋਂ ਬਿਜਲੀ ਬੰਦ ਰਹਿਣ ਦੇ ਕਾਰਨ ਸਰਦੀ ਦਾ ਅਸਰ ਇਨ੍ਹਾਂ ਇਲਾਕਿਆਂ 'ਚ ਰਹਿਣ ਵਾਲੇ  ਬੱਚਿਆਂ 'ਚ ਵੀ ਦੇਖਣ ਨੂੰ ਮਿਲਿਆ। ਅੱਜ ਤੜਕਸਾਰ ਤੋਂ ਇਲਾਕੇ 'ਚ ਹਲਕੀ ਬੂੰਦਾਬਾਂਦੀ  ਲਗਾਤਾਰ ਹੋ ਰਹੀ ਹੈ, ਜਿਸ ਕਾਰਨ ਕਣਕ ਦੀ ਫਸਲ ਨੂੰ ਤਾਂ ਇਸ ਦਾ ਬਹੁਤ ਲਾਭ ਹੋਵੇਗਾ, ਪਰ  ਸਰਦੀ ਦੇ ਪ੍ਰਕੋਪ ਦੇ  ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।  ਸਰਦੀ ਕਾਰਨ ਸਰਕਾਰ ਨੇ ਸਵੇਰੇ ਸਕੂਲ ਲੱਗਣ ਦਾ ਸਮਾਂ 10 ਵਜੇ ਕਰ ਦਿੱਤਾ ਹੈ।  

ਜ਼ਿਆਦਾਤਰ ਦੁਕਾਨਾਂ ਰਹੀਆ ਬੰਦ
ਦੂਜੇ ਪਾਸੇ ਸ਼ਹਿਰ 'ਚ ਗਰਮ ਕੱਪੜਿਆਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਦੁਕਾਨਾਂ 'ਤੇ ਸੰਨਾਟਾ ਛਾਇਆ ਰਿਹਾ, ਜਿਸ ਕਾਰਨ ਦੁਕਾਨਦਾਰ ਕੋਈ ਗ੍ਰਾਹਕ ਨਾ ਆਉਣ ਨਾਲ ਪੂਰਾ ਦਿਨ ਵਿਹਲੇ ਬੈਠ ਕੇ ਅੱਗ ਸੇਕਦੇ ਰਹੇ ਅਤੇ ਕੁਝ ਦੁਕਾਨਦਾਰ ਕੋਈ ਗ੍ਰਾਹਕ ਨਾ ਆਉਣ ਨਾਲ ਦੁਕਾਨਾਂ ਬੰਦ ਕਰ ਕੇ ਘਰ ਚਲੇ ਗਏ। 

ਸਰਦੀ ਵਧਣ ਨਾਲ ਸਕੂਲੀ ਬੱਚਿਆਂ ਦੇ ਮਾਤਾ-ਪਿਤਾ ਚਿੰਤਤ੍ਰ
ਠੰਡ ਵਧਣ ਨਾਲ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਸਕੂਲੀ ਬੱਚਿਆਂ ਨੂੰ ਕਰਨਾ ਪਿਆ, ਜਿਸ ਕਾਰਨ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਲਈ ਕਾਫੀ ਚਿੰਤਤ ਰਹੇ। ਮਾਪਿਆਂ ਨੇ ਵੱਧ ਰਹੀ ਠੰਡ ਦੇ ਕਾਰਨ ਸਕੂਲਾਂ 'ਚ ਛੁੱਟੀਆਂ ਦੀ ਮੰਗ ਕੀਤੀ ਹੈ।


author

Baljeet Kaur

Content Editor

Related News