ਕਰਤਾਰਪੁਰ ਲਾਂਘੇ ਦਾ ਸਿਆਸੀ ਲਾਹਾ ਲੈਣ ਲਈ ਤੇਜ਼ ਹੁੰਦੀ ਜਾ ਰਹੀ ਹੈ ''ਕ੍ਰੈਡਿਟ ਵਾਰ''

10/10/2019 10:53:18 AM

ਗੁਰਦਾਸਪੁਰ (ਹਰਮਨਪ੍ਰੀਤ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨਕਾਲ ਦੇ ਕਰੀਬ 18 ਸਾਲਾਂ ਦੀਆਂ ਯਾਦਾਂ ਸਮੋਈ ਬੈਠੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣਾਏ ਜਾ ਰਹੇ ਲਾਂਘੇ ਦਾ ਕੰਮ ਮੁਕੰਮਲ ਕਰਨ ਲਈ ਜਿਥੇ ਸਬੰਧਤ ਵਿਭਾਗ ਅਤੇ ਅਧਿਕਾਰੀ ਦਿਨ-ਰਾਤ ਰੁਝੇ ਹੋਏ ਹਨ। ਉਸ ਦੇ ਉਲਟ ਸਿਆਸੀ ਆਗੂਆਂ 'ਚ ਇਸ ਲਾਂਘੇ ਦਾ ਸਿਆਸੀ ਲਾਹਾ ਲੈਣ ਦੀ ਦੌੜ ਵੀ ਤੇਜ਼ ਹੁੰਦੀ ਜਾ ਰਹੀ ਹੈ। ਖਾਸ ਤੌਰ 'ਤੇ ਹੁਣ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਬੰਧਤ ਸਮਾਗਮ ਸ਼ੁਰੂ ਹੋਣ ਵਿਚ ਕੁਝ ਹਫਤਿਆਂ ਦਾ ਸਮਾਂ ਰਹਿ ਗਿਆ ਹੈ ਤਾਂ ਡੇਰਾ ਬਾਬਾ ਨਾਨਕ ਵਿਖੇ ਸਿਆਸੀ ਆਗੂਆਂ ਦੀ ਆਮਦ ਦਾ ਸਿਲਸਿਲਾ ਅਤੇ ਬਿਆਨਬਾਜ਼ੀ ਵੀ ਤਿੱਖੀ ਅਤੇ ਤੇਜ਼ ਹੁੰਦੀ ਜਾ ਰਹੀ ਹੈ। ਅਜਿਹੀ ਸਥਿਤੀ ਵਿਚ ਇਹ ਪ੍ਰਤੀਤ ਹੋ ਰਿਹਾ ਹੈ ਕਿ ਇਸ ਧਾਰਮਕ ਮਸਲੇ ਨੂੰ ਲੈ ਕੇ ਅਜੇ ਤੱਕ ਵੀ ਅਕਾਲੀ ਅਤੇ ਕਾਂਗਰਸੀ ਆਗੂ ਆਪਸੀ ਤਾਲਮੇਲ ਸਥਾਪਤ ਨਹੀਂ ਕਰ ਸਕੇ।
PunjabKesariਨੀਂਹ-ਪੱਥਰ ਮੌਕੇ ਹੀ ਸ਼ੁਰੂ ਹੋ ਗਿਆ ਸੀ 'ਸਿਆਸੀ ਲਾਹਾ' ਲੈਣ ਦਾ ਸਿਲਸਿਲਾ
ਇਸ ਧਾਰਮਕ ਕਾਰਜ ਲਈ ਉਸਾਰੇ ਜਾ ਰਹੇ ਲਾਂਘੇ ਸਬੰਧੀ ਭਾਵੇਂ ਸਿੱਧੇ ਸ਼ਬਦਾਂ ਵਿਚ ਤਾਂ ਕੋਈ ਵੀ ਸਰਕਾਰੀ, ਗੈਰ-ਸਰਕਾਰੀ ਅਤੇ ਸਿਆਸੀ ਨੁਮਾਇੰਦਾ ਸਿਆਸੀ ਲਾਹਾ ਲੈਣ ਦਾ ਦਾਅਵਾ ਨਹੀਂ ਕਰਦਾ। ਪਰ ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ ਸਨ ਤਾਂ ਉਨ੍ਹਾਂ ਵਲੋਂ ਪਾਕਿਸਤਾਨ ਫੌਜ ਮੁਖੀ ਨਾਲ ਪਾਈ ਜੱਫੀ ਦਾ ਮਾਮਲਾ ਕੁਝ ਦਿਨ ਵਿਵਾਦਾਂ 'ਚ ਰਹਿਣ ਤੋਂ ਬਾਅਦ ਜਦੋਂ ਸਿੱਧੂ ਨੇ ਇਸ ਲਾਂਘੇ ਸਬੰਧੀ ਗੱਲਬਾਤ ਦਾ ਖੁਲਾਸਾ ਕੀਤਾ ਸੀ ਤਾਂ ਉਸ ਦੇ ਬਾਅਦ ਤੋਂ ਹੀ ਇਸ ਲਾਂਘੇ ਦਾ ਮਾਮਲਾ ਗਰਮਾਉਣਾ ਸ਼ੁਰੂ ਹੋ ਗਿਆ ਸੀ। ਖਾਸ ਤੌਰ 'ਤੇ ਜਦੋਂ ਦੇਸ਼ ਦੇ ਉੱਪ-ਰਾਸ਼ਟਰਪਤੀ ਨੇ ਪਿਛਲੇ ਸਾਲ ਨਵੰਬਰ ਮਹੀਨੇ ਖੁਦ ਡੇਰਾ ਬਾਬਾ ਨਾਨਕ ਆ ਕੇ ਇਸ ਲਾਂਘੇ ਦਾ ਨੀਂਹ-ਪੱਥਰ ਰੱਖਣਾ ਸੀ ਤਾਂ ਉਦੋਂ ਵੀ ਸਮਾਗਮ ਦੇ ਇਕ ਦਿਨ ਪਹਿਲਾਂ ਤੱਕ ਤਾਂ ਇਹੀ ਸਪੱਸ਼ਟ ਨਹੀਂ ਹੋ ਸਕਿਆ ਸੀ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਇਕ ਸਾਂਝਾ ਪ੍ਰੋਗਰਾਮ ਕਰਵਾਇਆ ਜਾਣਾ ਹੈ ਕਿ ਜਾਂ ਫਿਰ ਦੋ ਵੱਖਰੇ-ਵੱਖਰੇ ਪ੍ਰੋਗਰਾਮ ਕਰਵਾਏ ਜਾਣੇ ਸਨ। ਆਖਰ 26 ਨਵੰਬਰ ਨੂੰ ਜਦੋਂ ਇਕ ਸਾਂਝਾ ਸਮਾਗਮ ਹੋਇਆ ਸੀ ਤਾਂ ਉਸ ਮੌਕੇ ਵੀ ਸਟੇਜ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਭਾਸ਼ਣਾਂ ਦੀ ਕੁਝ ਸ਼ਬਦਾਵਲੀ ਇਸ ਸਮਾਗਮ ਵਿਚ ਤਲਖੀ ਕਾਰਣ ਬਣ ਗਈ ਸੀ। ਹੋਰ ਤੇ ਹੋਰ ਨੀਂਹ-ਪੱਥਰਾਂ 'ਤੇ ਲਿਖੇ ਗਏ ਨਾਵਾਂ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਇਥੋਂ ਤੱਕ ਵਧ ਗਿਆ ਸੀ ਕਿ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਇਨ੍ਹਾਂ ਨਾਵਾਂ 'ਤੇ ਟੇਪਾਂ ਤੱਕ ਲਾ ਦਿੱਤੀਆਂ ਸਨ। ਇਸ ਤੋਂ ਬਾਅਦ ਵੀ ਸ਼ੁਰੂ ਤੋਂ ਲੈ ਕੇ ਕੇਂਦਰ ਅਤੇ ਸੂਬੇ ਨਾਲ ਸਬੰਧਤ ਸੱਤਾਧਾਰੀ ਪਾਰਟੀਆਂ ਦੇ ਆਗੂ ਆਪਣੇ-ਆਪਣੇ ਹਿਸਾਬ ਨਾਲ ਇਸ ਲਾਂਘੇ ਦਾ ਸਿਹਰਾ ਆਪਣੀ ਪਾਰਟੀ ਨੂੰ ਦੇਣ ਲਈ ਸਿੱਧੇ-ਅਸਿੱਧੇ ਤੌਰ 'ਤੇ ਹਰੇਕ ਕੋਸ਼ਿਸ਼ ਕਰਦੇ ਆਏ ਹਨ।
PunjabKesari
ਅਰਦਾਸਾਂ ਕਰਨ ਵਾਲੀ ਜਥੇਬੰਦੀ ਰਹੀ ਅਣਗੌਲੀ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਹਰੇਕ ਮੱਸਿਆ ਵਾਲੇ ਦਿਨ ਸਰਹੱਦ 'ਤੇ ਪਹੁੰਚ ਕੇ ਹੁਣ ਤੱਕ 225 ਦੇ ਕਰੀਬ ਅਰਦਾਸਾਂ ਕਰਨ ਵਾਲੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਅਭਿਲਾਖੀ ਸੰਸਥਾ ਦੇ ਅਹੁਦੇਦਾਰ ਵੀ ਆਪਣੇ-ਆਪ ਨੂੰ ਕਾਫੀ ਅਣਗੌਲਿਆ ਮਹਿਸੂਸ ਕਰ ਰਹੇ ਹਨ। ਉਕਤ ਸੰਸਥਾ 2001 ਤੋਂ ਸਰਹੱਦ 'ਤੇ ਅਰਦਾਸ ਕਰਦੀ ਆ ਰਹੀ ਹੈ। ਪਰ ਇਸ ਸੰਸਥਾ ਦੇ ਆਗੂ ਇਸ ਗੱਲ ਨੂੰ ਲੈ ਕੇ ਨਿਰਾਸ਼ ਦਿਖਾਈ ਦੇ ਰਹੇ ਹਨ ਕਿ 'ਕ੍ਰੈਡਿਟ ਵਾਰ' ਦੀ ਦੌੜ 'ਚ ਲੱਗੇ ਕਈ ਆਗੂਆਂ ਨੇ ਇਸ ਸੰਸਥਾਵਾਂ ਦੇ ਯਤਨਾਂ ਅਤੇ ਕੋਸ਼ਿਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਹੋਇਆ ਹੈ।
PunjabKesari
ਸੁਖਬੀਰ ਤੇ ਹਰਸਿਮਰਤ ਦੇ ਦੌਰੇ ਬਾਅਦ ਹੋਰ ਵਧੀ ਬਿਆਨਬਾਜ਼ੀ
ਪਹਿਲਾਂ ਤੋਂ ਹੀ ਇਸ ਲਾਂਘੇ ਨੂੰ ਲੈ ਕੇ ਕੇਂਦਰ ਤੇ ਪੰਜਾਬ ਨਾਲ ਸਬੰਧਤ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਬਿਆਨਬਾਜ਼ੀ ਵੱਖਰੀ-ਵੱਖਰੀ ਦਿਖਾਈ ਦੇ ਰਹੀ ਸੀ। ਪਰ ਹੁਣ ਜਦੋਂ ਕੁਝ ਦਿਨ ਪਹਿਲਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਇਸ ਸਥਾਨ ਦਾ ਦੌਰਾ ਕੀਤਾ ਗਿਆ ਹੈ ਤਾਂ ਉਕਤ ਆਗੂਆਂ ਦੀਆਂ ਟਿੱਪਣੀਆਂ ਦੇ ਬਾਅਦ ਪੰਜਾਬ ਕਾਂਗਰਸ ਦੇ ਆਗੂਆਂ ਅਤੇ ਮੰਤਰੀਆਂ/ਵਿਧਾਇਕਾਂ ਦੇ ਤਿੱਖੇ ਜੁਆਬਾਂ ਨੇ ਇਸ ਲਾਂਘੇ ਦੀ ਕ੍ਰੈਡਿਟ ਵਾਰ ਨੂੰ ਚਰਚਾ ਵਿਚ ਲੈ ਆਂਦਾ ਹੈ। ਖਾਸ ਤੌਰ 'ਤੇ ਸੜਕਾਂ ਦੀ ਉਸਾਰੀ, ਧਾਰਮਕ ਸਮਾਗਮਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ, ਸੜਕਾਂ ਦਾ ਨਾਂ ਗੁਰੂ ਸਾਹਿਬ ਦੇ ਨਾਂ 'ਤੇ ਰੱਖਣ ਅਤੇ ਫੰਡਾਂ ਸਮੇਤ ਹੋਰ ਕਈ ਮੁੱਦਿਆਂ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਵੱਲੋਂ ਆਪੋ-ਆਪਣੇ ਦਾਅਵੇ ਪੇਸ਼ ਕੀਤੇ ਜਾ ਰਹੇ ਹਨ।

PunjabKesariਅਜਿਹੀ ਸਥਿਤੀ ਵਿਚ ਆਮ ਲੋਕਾਂ 'ਚ ਇਹ ਚਰਚਾ ਸੁਣਨ ਨੂੰ ਮਿਲ ਰਹੀ ਹੈ ਕਿ ਜੇਕਰ ਇਹੀ ਸਿਲਸਿਲਾ ਜਾਰੀ ਰਿਹਾ ਤਾਂ ਅਗਲੇ ਮਹੀਨੇ ਜਦੋਂ ਇਸ ਸਥਾਨ 'ਤੇ ਧਾਰਮਕ ਸਮਾਗਮ ਸ਼ੁਰੂ ਹੋਣੇ ਹਨ ਤਾਂ ਪੰਜਾਬ ਅਤੇ ਕੇਂਦਰ ਨਾਲ ਸਬੰਧਤ ਦੋਵਾਂ ਧਿਰਾਂ ਦੇ ਇਹ ਦਾਅਵੇ ਅਤੇ ਬਿਆਨਬਾਜ਼ੀ ਘਟਣ ਦੀ ਬਜਾਏ ਹੋਰ ਵੀ ਤਿੱਖੀ ਹੋਣ ਦੀ ਸੰਭਾਵਨਾ ਹੈ। ਇਸ ਲਈ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਪੂਰੀ ਦੁਨੀਆ 'ਚ ਚਰਚਾ 'ਚ ਵਿਸ਼ਾ ਬਣੇ ਇਸ ਧਾਰਮਕ ਲਾਂਘੇ ਦੇ ਉਦਘਾਟਨ ਅਤੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਮੌਕੇ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਦਾ ਆਪਸੀ ਤਾਲਮੇਲ ਕਿਹੋ ਜਿਹਾ ਰਹਿੰਦਾ ਹੈ?


Baljeet Kaur

Content Editor

Related News