ਹਸਪਤਾਲ ''ਚ ਡਲਿਵਰੀ ਮੌਕੇ ਬੱਚੇ ਦੀ ਹੋਈ ਮੌਤ, ਪਰਿਵਾਰ ਨੇ ਲਾਪਰਵਾਹੀ ਦੇ ਲਾਏ ਦੋਸ਼

Wednesday, Dec 02, 2020 - 01:54 AM (IST)

ਹਸਪਤਾਲ ''ਚ ਡਲਿਵਰੀ ਮੌਕੇ ਬੱਚੇ ਦੀ ਹੋਈ ਮੌਤ, ਪਰਿਵਾਰ ਨੇ ਲਾਪਰਵਾਹੀ ਦੇ ਲਾਏ ਦੋਸ਼

ਗੁਰਦਾਸਪੁਰ,(ਹਰਮਨ)- ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਗਰਭਵਤੀ ਜਨਾਨੀ ਦੀ ਡਲਿਵਰੀ ਦੌਰਾਨ ਇਕ ਨਵਜੰਮੇ ਬੱਚੇ ਦੀ ਮੌਤ ਹੋ ਗਈ, ਜਿਸ ਕਾਰਣ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦਾ ਮੁੱਖ ਗੇਟ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੰਨੀ ਵਾਸੀ ਗੁਰਦਾਸਨੰਗਲ ਨੇ ਦੱਸਿਆ ਕਿ ਉਸਦੀ ਪਤਨੀ ਜੋਤੀ ਗਰਭਵਤੀ ਸੀ, ਜਿਸ ਨੂੰ 28 ਨਵੰਬਰ ਵਾਲੇ ਦਿਨ ਸਿਵਲ ਹਸਪਤਾਲ ਵਿਖੇ ਡਲਿਵਰੀ ਲਈ ਦਾਖਲ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਡਾਕਟਰਾਂ ਨੇ ਕਿਹਾ ਕਿ ਡਲਿਵਰੀ ਤੋਂ ਪਹਿਲਾਂ ਹੀ ਬੱਚੇ ਨੇ ਮਾਂ ਦੇ ਪੇਟ ਵਿਚ ਮਲ ਕਰ ਦਿੱਤਾ ਹੈ ਅਤੇ ਬੱਚੇ ਦੀ ਧੜਕਣ ਵੀ ਨਹੀਂ ਮਿਲ ਰਹੀ। ਡਾਕਟਰਾਂ ਨੇ ਕਿਹਾ ਕਿ ਔਰਤ ਦਾ ਆਪਰੇਸ਼ਨ ਵੀ ਨਹੀਂ ਹੋ ਸਕਦਾ ਅਤੇ ਨਾਰਮਲ ਡਲਿਵਰੀ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਬਾਅਦ ਦੇਰ ਰਾਤ 2.30 ਵਜੇ ਜਦੋਂ ਡਲਿਵਰੀ ਹੋਈ ਤਾਂ ਬੱਚੇ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੋਸ਼ ਲਗਾਏ ਕਿ ਮਹਿਲਾ ਡਾਕਟਰ ਦੀ ਲਾਪਰਵਾਹੀ ਕਾਰਣ ਬੱਚੇ ਦੀ ਮੌਤ ਹੋਈ ਹੈ ਕਿਉਂਕਿ ਡਾਕਟਰ ਨੇ ਪਹਿਲਾਂ ਇਹੀ ਕਿਹਾ ਸੀ ਕਿ ਬੱਚਾ ਇਕਦਮ ਠੀਕ ਹੈ। ਉਨ੍ਹਾਂ ਕਿਹਾ ਕਿ ਜੇਕਰ ਬੱਚੇ ਦੀ ਹਾਲਤ ਖਰਾਬ ਸੀ ਤਾਂ ਪਹਿਲਾਂ ਕਿਉਂ ਨਹੀਂ ਦੱਸਿਆ ਗਿਆ। ਅਜਿਹੇ ਦੋਸ਼ ਲਗਾਉਂਦੇ ਹੋਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦਾ ਮੇਨ ਗੇਟ ਬੰਦ ਕਰ ਕੇ ਕਰੀਬ 1 ਘੰਟਾ ਰੋਸ ਪ੍ਰਦਰਸ਼ਨ ਕੀਤਾ।

ਇਸ ਸਬੰਧੀ ਐੱਸ. ਐੱਮ. ਓ. ਚੇਤਨਾ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਨੇ ਇਸ ਕੇਸ ਸਬੰਧੀ ਜੋ ਜਾਣਕਾਰੀ ਹਾਸਲ ਕੀਤੀ ਹੈ, ਉਸ ਅਨੁਸਾਰ ਡਾਕਟਰਾਂ ਨੇ ਸਹੀ ਢੰਗ ਨਾਲ ਕੰਮ ਕੀਤਾ ਹੈ ਪਰ ਫਿਰ ਵੀ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜੇ ਦੋਸ਼ ਲਾਏ ਜਾ ਰਹੇ ਹਨ, ਉਹ ਇਸ ਸਬੰਧੀ ਵੀ ਪੂਰੀ ਜਾਂਚ ਕਰਵਾਉਣਗੇ ਅਤੇ ਜੇਕਰ ਕਿਸੇ ਪੱਧਰ ਤੋਂ ਕੋਈ ਲਾਪਰਵਾਈ ਜਾਂ ਗਲਤੀ ਪਾਈ ਗਈ ਤਾਂ ਕਾਰਵਾਈ ਕੀਤੀ ਜਾਵੇਗੀ।


author

Deepak Kumar

Content Editor

Related News