ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣਾਉਣ ਵਾਲੇ ਹਨ ਆਰਡੀਨੈਂਸ : ਸੇਖਵਾਂ
Tuesday, Sep 22, 2020 - 09:46 AM (IST)
ਗੁਰਦਾਸਪੁਰ/ਬਟਾਲਾ (ਹਰਮਨ, ਬੇਰੀ) : ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਖੇਤੀਬਾੜੀ ਆਰਡੀਨੈਂਸਾਂ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ (ਡੈਮੋਲੂਕ੍ਰੇਟਿਕ) ਦੇ ਅਹੁਦੇਦਾਰਾਂ ਨੇ 23 ਸਤੰਬਰ ਨੂੰ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੈ। ਇਸ ਤਹਿਤ ਅੱਜ ਇਥੇ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਕੇਂਦਰ ਵੱਲੋਂ ਬਣਾਏ ਇਹ ਕਾਲੇ ਕਾਨੂੰਨ ਕਿਸਾਨਾਂ ਨੂੰ ਬਰਬਾਦ ਕਰ ਦੇਣਗੇ। ਇਹ ਕਾਨੂੰਨ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣਾਉਣ ਤੋਂ ਬਿਨਾਂ ਹੋਰ ਕੁਝ ਨਹੀਂ ਹਨ। ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਦਹਾਕਿਆਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰਨ ਦੀ ਬਜਾਏ ਇਹ ਕਾਨੂੰਨ ਥੋਪੇ ਹਨ ਜੋ ਪਹਿਲਾਂ ਹੀ ਸਹਿਕ ਰਹੇ ਕਿਸਾਨਾਂ ਦਾ ਸਾਹ ਹੋਰ ਘੁੱਟ ਦੇਣਗੇ। ਇਨ੍ਹਾਂ ਕਾਨੂੰਨਾਂ ਨਾਲ ਸਿਰਫ਼ ਕਿਸਾਨ ਹੀ ਪ੍ਰਭਾਵਿਤ ਨਹੀਂ ਹੋਣਗੇ ਸਗੋਂ ਹੋਰ ਵਰਗਾਂ ਨੂੰ ਵੀ ਮਾਰ ਸਹਿਣੀ ਪਵੇਗੀ ਕਿਉਂਕਿ ਸਾਡੇ ਦੇਸ਼ ਦੇ ਕਰੀਬ 80 ਫੀਸਦੀ ਲੋਕ ਸਿੱਧੇ ਜਾਂ ਅਸਿਧੇ ਤੌਰ 'ਤੇ ਕਿਸਾਨੀ 'ਤੇ ਨਿਰਭਰ ਕਰਦੇ ਹਨ।
ਇਹ ਵੀ ਪੜ੍ਹੋ : ਪਾਵਨ ਸਰੂਪਾਂ ਦੇ ਮਾਮਲੇ 'ਚ ਸੰਤ ਬਾਬਾ ਨਰਿੰਦਰ ਸਿੰਘ ਨੇ ਸਤਿਕਾਰ ਕਮੇਟੀਆਂ ਨੂੰ ਲਿਖਿਆ ਪੱਤਰ
ਉਨ੍ਹਾਂ ਕਿਹਾ ਕਿ ਸਾਰੇ ਪੱਖਾਂ ਨੂੰ ਅਣਦੇਖਾ ਕਰ ਰਹੀ ਕੇਂਦਰ ਸਰਕਾਰ ਦੇ ਕੰਨ ਖੋਲ੍ਹਣ ਲਈ ਸ਼੍ਰੋਮਣੀ ਅਕਾਲੀ ਡੈਮੋਲੂਕ੍ਰੇਟਿਕ ਵਲੋਂ 23 ਸਤੰਬਰ ਨੂੰ ਸਵੇਰੇ 10 ਵਜੇ ਪਿੰਡ ਸੇਖਵਾਂ ਤੋਂ ਰੋਸ ਮਾਰਚ ਸ਼ੁਰੂ ਕੀਤਾ ਜਾਵੇਗਾ ਜੋ ਪਿੰਡ ਵਾਇਆ ਕਾਦੀਆਂ, ਤੁਗਲਵਾਲ, ਭੈਣੀ ਮੀਆਂ ਖਾਂ, ਚੱਕ ਸ਼ਰੀਫ, ਕਾਹਨੂੰਵਾਨ ਤੇ ਧਾਰੀਵਾਲ ਹੁੰਦੇ ਹੋਏ ਡੀ. ਸੀ. ਦਫ਼ਤਰ ਗੁਰਦਾਸਪੁਰ ਵਿਖੇ ਪਹੁੰਚੇਗਾ। ਇਸ ਦੇ ਬਾਅਦ ਡਿਪਟੀ ਕਮਿਸ਼ਨਰ ਨੂੰ ਇਨ੍ਹਾਂ ਕਾਲੇ ਕਾਨੂੰਨਾਂ ਵਿਰੁੱਧ ਮੰਗ-ਪੱਤਰ ਸੌਂਪਿਆ ਜਾਵੇਗਾ। ਉਨ੍ਹਾਂ ਸਾਰੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਜਥੇਬੰਦੀਆਂ ਦੇ ਹੱਕ ਲਈ ਉਲੀਕੇ ਗਏ ਇਸ ਪ੍ਰਦਰਸ਼ਨ 'ਚ ਸ਼ਾਮਲ ਹੋਣ ਅਤੇ ਕਿਸਾਨ ਜਥੇਬੰਦੀਆਂ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਨੂੰ ਵੀ ਕਾਮਯਾਬ ਬਣਾਉਣ।
ਇਹ ਵੀ ਪੜ੍ਹੋ : ਗੁੰਡਾਗਰਦੀ: ਫਤਿਗ ਗੈਂਗ ਨੇ ਨੌਜਵਾਨ ਨੂੰ ਅਗਵਾ ਕਰਕੇ ਕੀਤੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵੀ ਖ਼ੁਦ ਕੀਤੀ ਵਾਇਰਲ