ਕੋਰੋਨਾ ਵਾਇਰਸ : ਸਿਹਤ ਵਿਭਾਗ ਲੋਕਾਂ ਨੂੰ ਜਾਗਰੂਕ ਕਰਨ ''ਚ ਅਸਫਲ

03/18/2020 5:02:58 PM

ਗੁਰਦਾਸਪੁਰ  (ਵਿਨੋਦ) : ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ 'ਚ ਜਾਰੀ ਹੈ। ਇਸ ਨਾਲ ਨਿਪਟਨ ਸਬੰਧੀ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਚੌਕਸ ਅਤੇ ਸਰਗਰਮ ਹੁੰਦਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਜਾਗਰੂਕ ਕਰਨ 'ਚ ਸਿਹਤ ਵਿਭਾਗ ਅਸਫਲ ਦਿਖਾਈ ਦੇ ਰਿਹਾ ਹੈ। ਜ਼ਿਲਾ ਗੁਰਦਾਸਪੁਰ 'ਚ ਬੇਸ਼ੱਕ ਅਜੇ ਤੱਕ ਤਿੰਨ ਸ਼ੱਕੀ ਮਰੀਜ਼ ਸਿਵਲ ਹਸਪਤਾਲ 'ਚ ਆਏ ਸਨ, ਜਿਨ੍ਹਾਂ ਦੀ ਟੈਸਟ ਦੌਰਾਨ ਰਿਪੋਰਟ ਨੈਗੇਟਿਵ ਆਉਣ 'ਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਸਿਵਲ ਹਸਪਤਾਲ ਗੁਰਦਾਸਪੁਰ 'ਚ ਪਹਿਲੇ 6 ਬੈੱਡ 'ਤੇ ਆਧਾਰਿਤ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਸੀ ਜਦਕਿ ਹੁਣ ਇਨ੍ਹਾਂ ਦੀ ਗਿਣਤੀ ਵਧਾ ਕੇ 12 ਕਰ ਦਿੱਤੀ ਗਈ ਹੈ। ਪਰ ਇਸ ਆਈਸੋਲੇਸ਼ਨ ਵਾਰਡ 'ਚ ਕਈਆਂ ਕਮੀਆਂ ਪਾਈਆਂ ਗਈਆਂ ਹਨ।

ਕੋਰੋਨਾ ਵਾਇਰਸ ਸਬੰਧੀ ਜ਼ਿਲਾ ਡਿਪਟੀ ਕਮਿਸ਼ਨਰ ਮੁਹਮੰਦ ਅਸਫਾਕ ਲਗਾਤਾਰ ਸਿਹਤ ਵਿਭਾਗ ਅਤੇ ਹੋਰ ਸਮਾਜਿਕ ਸੰਗਠਨਾਂ ਨਾਲ ਮੀਟਿੰਗ ਕਰ ਰਹੇ ਹਨ ਅਤੇ ਜ਼ਿਲਾ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਸੰਬੰਧੀ ਜਾਣਕਾਰੀ ਦੇਣ ਦੇ ਲਈ ਹੈਲਪ ਲਾਇਨ ਨੰਬਰ 01874-240920 ਵੀ ਜਾਰੀ ਕੀਤਾ ਹੈ। ਜ਼ਿਲਾ ਪ੍ਰਸ਼ਾਸਨ ਨੇ ਸਿਵਲ ਹਸਪਤਾਲ 'ਚ ਪੁਲਸ ਦੇ 6 ਕਰਮਚਾਰੀਆਂ ਨੂੰ ਤਾਇਨਾਤ ਕੀਤਾ ਹੈ। ਉਨ੍ਹਾਂ ਦਾ ਮੁੱਖ ਕੰਮ ਮਰੀਜ਼ਾਂ ਦੇ ਨਾਲ ਆਏ ਪਰਿਵਾਰਕ ਮੈਂਬਰ ਦੀ ਗਿਣਤੀ ਨੂੰ ਘੱਟ ਕਰਨਾ ਹੈ। ਮਰੀਜ਼ ਦੇ ਨਾਲ ਇਕ ਪਰਿਵਾਰਕ ਮੈਂਬਰ ਨੂੰ ਹਸਪਤਾਲ 'ਚ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।

ਹੋਟਲਾਂ, ਰੈਸਟੋਰੈਂਟ, ਹਸਪਤਾਲਾਂ 'ਚ ਸੈਨੇਟਾਈਜ਼ਰ ਲਗਾਉਣ ਦੇ ਆਦੇਸ਼ ਪਰ ਲੰਗਰ ਲਗਾਉਣ ਵਾਲਿਆਂ 'ਤੇ ਕੋਈ ਪਾਬੰਦੀ ਨਹੀਂ
ਜ਼ਿਲਾ ਪ੍ਰਸ਼ਾਸਨ ਨੇ ਹੋਟਲਾ, ਰੈਸਟੋਰੈਂਟ ਅਤੇ ਹਸਪਤਾਲਾਂ 'ਚ ਸੈਨੇਟਾਈਜ਼ਰ ਅਤੇ ਹੋਰ ਜ਼ਰੂਰਤ ਅਨੁਸਾਰ ਪ੍ਰਬੰਧ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਪਰ ਇਹ ਆਦੇਸ ਕੇਵਲ ਕਾਂਗਜ਼ਾ 'ਚ ਹੀ ਚੱਲ ਰਹੇ ਹਨ ਅਤੇ ਜ਼ਿਆਦਾਤਰ ਹੋਟਲਾਂ ਤੇ ਰੈਸਟੋਰੈਂਟ 'ਚ ਇਸ ਦੀ ਪਾਲਣਾ ਹੁੰਦੀ ਦਿਖਾਈ ਨਹੀਂ ਦੇ ਰਹੀ ਹੈ। ਇਸ ਸਮੇਂ ਸਭ ਤੋਂ ਜ਼ਿਆਦਾ ਸਮੱਸਿਆ ਤਾਂ ਲੋਕਾਂ ਵਲੋਂ ਲਗਾਏ ਜਾਣ ਵਾਲੇ ਲੰਗਰਾਂ ਦੀ ਬਣੀ ਹੋਈ ਹੈ। ਕਿਉਂਕਿ ਇਨ੍ਹਾਂ ਆਯੋਜਿਤ ਲੰਗਰਾਂ 'ਚ ਸੈਂਕੜੇ ਲੋਕ ਲਾਈਨਾਂ 'ਚ ਲੱਗ ਕੇ ਜਾ ਧੱਕਾ-ਮੁੱਕੀ ਕਰਕੇ ਲੰਗਰ ਖਾਂਦੇ ਦਿਖਾਈ ਦਿੰਦੇ ਹਨ। ਜ਼ਿਲਾ ਪ੍ਰਸ਼ਾਸਨ ਨੇ ਇਸ ਤਰ੍ਹਾਂ ਦੇ ਸ਼ਹਿਰ ਅਤੇ ਪਿੰਡਾਂ 'ਚ ਲਗਾਏ ਜਾਣ ਵਾਲੇ ਲੰਗਰਾਂ 'ਤੇ ਰੋਕ ਲਗਾਉਣ ਦੇ ਲਈ ਕੋਈ ਆਦੇਸ਼ ਜਾਰੀ ਨਹੀਂ ਕੀਤਾ।


 


Baljeet Kaur

Content Editor

Related News