ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਬਾਦਲ ਦੀ ਸਿਹਤ ਵਿਗੜੀ, ਹਸਪਤਾਲ ਦਾਖਲ

04/25/2020 7:46:26 PM

ਬਠਿੰਡਾ/ਚੰਡੀਗੜ੍ਹ : ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ, ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ (88) ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਆਈ. ਸੀ. ਯੂ. 'ਚ ਰੱਖਿਆ ਗਿਆ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਜੋ ਹੁਣ ਦਿਲ ਅਤੇ ਗੁਰਦਿਆਂ 'ਤੇ ਅਸਰ ਪਾਉਣ ਲੱਗੀ ਹੈ। 

ਇਥੇ ਇਹ ਵੀ ਦੱਸਣਯੋਗ ਹੈ ਕਿ ਲਗਭਗ ਇਕ ਮਹੀਨੇ ਪਹਿਲਾਂ ਉਨ੍ਹਾਂ ਦੀ ਧਰਮਪਤਨੀ ਹਰਮਿੰਦਰ ਕੌਰ ਬਾਦਲ ਸਿਰ ਦੇ ਕੈਂਸਰ ਕਾਰਨ ਸਦੀਵੀ ਵਿਛੋੜਾ ਦੇ ਗਏ ਸਨ। ਆਪਣੇ ਜੀਵਨ ਸਾਥੀ ਦੇ ਚਲੇ ਜਾਣ ਕਾਰਨ ਗੁਰਦਾਸ ਬਾਦਲ ਨੂੰ ਕਾਫ਼ੀ ਸਦਮਾ ਲੱਗਾ ਹੈ। ਸੂਤਰ ਦੱਸਦੇ ਹਨ ਕਿ ਤਾਜਾ ਸ਼ਕਾਇਤ ਬਲੱਡ ਪ੍ਰੈਸ਼ਰ ਦੀ ਸਾਹਮਣੇ ਆਈ ਹੈ ਜੋ ਕਿ ਘਟਿਆ ਹੋਇਆ ਸੀ। ਇਸ ਤੋਂ ਬਿਨਾਂ ਕੁੱਝ ਹੋਰ ਵੀ ਸਮੱਸਿਆਵਾਂ ਸਨ ਜਿਨ੍ਹਾਂ ਕਾਰਨ ਉਨਾਂ ਨੂੰ ਤੁਰੰਤ ਫੋਰਟਿਸ 'ਚ ਇਲਾਜ ਲਈ ਲਿਜਾਇਆ ਗਿਆ। ਫਿਲਹਾਲ ਡਾਕਟਰਾਂ ਵਲੋਂ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬਾਦਲ ਦੀ ਸਿਹਤ 'ਚ ਸੁਧਾਰ ਹੈ ਜਿਸ ਕਰਕੇ ਉਨ੍ਹਾਂ ਨੂੰ ਜਲਦੀ ਹੀ ਛੁੱਟੀ ਦਿੱਤੇ ਜਾਣ ਦੇ ਆਸਾਰ ਹਨ।


Gurminder Singh

Content Editor

Related News