ਪਿੰਡ ਬਾਦਲ 'ਚ 'ਗੁਰਦਾਸ ਬਾਦਲ' ਨਮਿੱਤ ਪਾਠ ਦਾ ਪਿਆ ਭੋਗ, ਭਾਵੁਕ ਹੋਏ ਮਨਪ੍ਰੀਤ ਬਾਦਲ
Tuesday, May 19, 2020 - 11:25 AM (IST)
ਮੁਕਤਸਰ ਸਾਹਿਬ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਗੁਰਦਾਸ ਬਾਦਲ ਦੀ ਮੰਗਲਵਾਰ ਨੂੰ ਪਿੰਡ ਬਾਦਲ ਵਿਖੇ ਅੰਤਿਮ ਅਰਦਾਸ ਕੀਤੀ ਗਈ ਅਤੇ ਪਾਠ ਦੇ ਭੋਗ ਪਾਏ ਗਏ। ਗੁਰਦਾਸ ਬਾਦਲ ਦੀ ਅੰਤਿਮ ਅਰਦਾਸ 'ਚ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਹੋਏ। ਪ੍ਰਕਾਸ਼ ਸਿੰਘ ਬਾਦਲ ਨੇ ਨਿੱਕੇ ਭਰਾ ਗੁਰਦਾਸ ਬਾਦਲ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ : ਪੰਜਾਬ 'ਚ ਨਹੀਂ ਹੋ ਰਿਹੈ 'ਕੋਰੋਨਾ ਗਾਈਡਲਾਈਨਜ਼' ਦਾ ਪਾਲਣ, ਅਦਾਲਤ ਨੇ ਭੇਜਿਆ ਨੋਟਿਸ
ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਨ੍ਹਾਂ ਦੇ ਪਿਤਾ ਜੀ ਦੇ ਬਹੁਤ ਸਾਰੇ ਦੋਸਤ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਾਰਨ ਉਨ੍ਹਾਂ ਦੀ ਅੰਤਿਮ ਅਰਦਾਸ 'ਚ ਸ਼ਾਮਲ ਨਹੀਂ ਹੋ ਸਕੇ ਹਨ। ਮਨਪ੍ਰੀਤ ਬਾਦਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਪਹਿਲਾਂ ਮਾਤਾ ਅਤੇ ਹੁਣ ਪਿਤਾ ਜੀ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦਾ ਘਰ ਰੂਪੀ ਕਿਲਾ ਢਹਿ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਰੱਬ ਉਨ੍ਹਾਂ ਕੋਲੋਂ ਸਾਰੀ ਦੌਲਤ-ਸ਼ੌਹਰਤ ਲੈ ਕੇ ਸਿਰਫ 4 ਦਿਨਾਂ ਲਈ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਾਪਸ ਕਰ ਦੇਵੇ ਤਾਂ ਇਸ ਤੋਂ ਵੱਡਾ ਮੁਨਾਫਾ ਕੋਈ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਅਜੇ ਬੰਦ ਰਹਿਣਗੀਆਂ 'ਅਦਾਲਤਾਂ', ਜ਼ਰੂਰੀ ਕੇਸਾਂ ਦੀ ਸੁਣਵਾਈ ਲਈ ਲੱਗੀ ਜੱਜਾਂ ਦੀ ਡਿਊਟੀ
ਮਨਪ੍ਰੀਤ ਬਾਦਲ ਨੇ ਭਰੇ ਮਨ ਨਾਲ ਆਪਣੇ ਕੁਨਬੇ ਦੇ ਉਨ੍ਹਾਂ ਬੱਚਿਆਂ ਨੂੰ ਭਾਗਸ਼ਾਲੀ ਦੱਸਿਆ, ਜਿਨ੍ਹਾਂ ਦੇ ਮਾਂ-ਬਾਪ ਉਨ੍ਹਾਂ ਕੋਲ ਹਾਜ਼ਰ ਹਨ। ਉਨ੍ਹਾਂ ਕਿਹਾ ਕਿ ਮਾਂ-ਬਾਪ ਨੇ ਸਦਾ ਸਾਡੇ ਕੋਲ ਨਹੀਂ ਰਹਿਣਾ ਅਤੇ ਜਿੰਨੀ ਦੇਰ ਤੱਕ ਮਾਂ-ਬਾਪ ਬੱਚਿਆਂ ਕੋਲ ਹਨ, ਉਨ੍ਹਾਂ ਦੀ ਤਨੋਂ-ਮਨੋਂ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਮਨਪ੍ਰੀਤ ਬਾਦਲ ਵੱਲੋਂ ਉਨ੍ਹਾਂ ਦੇ ਪਿਤਾ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਦੱਸਣਯੋਗ ਹੈ ਕਿ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਬਾਦਲ ਦਾ ਬੀਤੇ ਦਿਨੀਂ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਇਲਾਜ ਦੌਰਾਨ ਦਿਹਾਂਤ ਹੋ ਗਿਆ ਸੀ, ਜਦੋਂ ਕਿ ਉਨ੍ਹਾਂ ਦੀ ਮਾਤਾ ਦਾ ਦਿਹਾਂਤ ਮਾਰਚ ਦੇ ਮਹੀਨੇ ਬੀਮਾਰੀ ਕਾਰਨ ਹੋ ਗਿਆ ਸੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵਲੋਂ RTI ਸਬੰਧੀ ਲੋਕਾਂ ਦੇ ਸਵਾਲਾਂ ਦੇ ਫੌਰੀ ਜਵਾਬ ਲਈ 'ਹੈਲਪਲਾਈਨ ਨੰਬਰ' ਲਾਂਚ