ਸੋਸ਼ਲ ਮੀਡੀਆ ''ਤੇ ਭੇਜੇ ਝੂਠੇ ਮੈਸੇਜਾਂ ਕਾਰਣ ਪ੍ਰੇਸ਼ਾਨ ਹੋਏ ਵਪਾਰੀ ਵਰਗ ਵਲੋਂ ਸੰਘਰਸ਼ ਦਾ ਐਲਾਨ
Thursday, Jun 04, 2020 - 12:18 PM (IST)
ਗੁਰਦਾਸਪੁਰ (ਹਰਮਨ) : ਸ਼ਹਿਰ 'ਚ ਕੱਪੜਾ ਵਪਾਰੀ ਦੇ ਕੋਰੋਨਾ ਪਾਜ਼ੇਟਿਵ ਆਉਣ ਨਾਲ ਇਕ ਪਾਸੇ ਤਾਂ ਪੂਰੇ ਸ਼ਹਿਰ ਵਾਸੀ ਅਤੇ ਵਪਾਰੀ ਪਹਿਲਾਂ ਹੀ ਪ੍ਰੇਸ਼ਾਨ ਹੋਏ ਪਏ ਹਨ ਪਰ ਉਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਝੂਠੇ ਮੈਸੇਜਾਂ ਕਾਰਣ ਵਪਾਰੀ ਵਰਗ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਰਹੀਆਂ ਹਨ। ਖਾਸ ਤੌਰ 'ਤੇ ਇਕ ਪਾਸੇ ਜਦੋਂ ਜ਼ਿਲਾ ਪ੍ਰਸ਼ਾਸਨ ਵਲੋਂ ਕੱਪੜਾ ਵਪਾਰੀ ਦੀ ਦੁਕਾਨ ਅਤੇ ਨੇੜੇ ਵਾਲੀਆਂ ਹੋਰ ਦੁਕਾਨਾਂ 'ਤੇ ਨੰਬਰ ਲਗਾ ਕੇ ਸੈਂਪਲ ਲੈਣ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਦੂਜੇ ਪਾਸੇ ਕਈ ਸ਼ਰਾਰਤੀ ਲੋਕਾਂ ਨੇ ਕੱਪੜਾ ਵਪਾਰੀ ਦੀ ਟੈਸਟ ਰਿਪੋਰਟ ਨੈਗੇਟਿਵ ਆਉਣ ਦੇ ਮੈਸੇਜ ਵਾਇਰਲ ਕਰ ਕੇ ਸਾਰੇ ਸ਼ਹਿਰ ਵਾਸੀਆਂ ਨੂੰ ਭੰਬਲਭੂਸਾ ਪਾਈ ਰੱਖਿਆ। ਇਸ ਕਾਰਣ ਚੈਂਬਰ ਆਫ ਕਾਮਰਸ ਦੇ ਅਹੁਦੇਦਾਰਾਂ ਨੇ ਬੀਤੇ ਦਿਨ ਇਕ ਮੀਟਿੰਗ ਕਰ ਕੇ ਫੈਸਲਾ ਲਿਆ ਹੈ ਕਿ ਜੇਕਰ ਜ਼ਿਲਾ ਪ੍ਰਸ਼ਾਸਨ ਨੇ ਅਜਿਹੇ ਝੂਠੇ ਮੈਸੇਜ ਵਾਇਰਸ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹ ਖੁਦ ਲੋਕਾਂ ਇਸ ਬਾਰੇ ਜਾਗੂਰਕ ਦੀ ਮੁਹਿੰਮ ਸ਼ੁਰੂ ਕਰਨਗੇ ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਅਫਵਾਹਾਂ ਫੈਲਾਉਣ ਤੋਂ ਰੋਕਿਆਂ ਜਾ ਸਕੇ ਅਤੇ ਜੇਕਰ ਲੋੜ ਪਈ ਤਾਂ ਉਹ ਸੰਘਰਸ਼ ਕਰਨੋਂ ਵੀ ਗੁਰੇਜ ਨਹੀਂ ਕਰਨਗੇ।
ਇਹ ਵੀ ਪੜ੍ਹੋਂ : ਬਾਦਲ ਅਤੇ ਕੈਪਟਨ ਖਿਲਾਫ ਮੰਨਾ ਨੇ ਉਗਲਿਆ ਜ਼ਹਿਰ, ਪਾਈਆਂ ਲਾਹਨਤਾਂ (ਵੀਡੀਓ)
ਕੁਝ ਦਿਨ ਪਹਿਲੇ ਵੀ ਵਾਇਰਲ ਹੋਇਆ ਸੀ ਝੂਠਾ ਮੈਸੇਜ
ਇਸ ਸਬੰਧੀ ਚੈਂਬਰ ਆਫ ਕਾਮਰਸ ਦੇ ਅਹੁਦੇਦਾਰ ਸੰਦੀਪ ਅਬਰੋਲ ਉਰਫ ਲੱਕੀ, ਸਮੀਰ ਅਬਰੋਲ, ਰਾਜ ਕੁਮਾਰ, ਜੋਗਿੰਦਰ ਪਾਲ ਤੁਲੀ, ਅਮਨ ਨੰਗਲ, ਸੋਨੂੰ ਮਹਾਜਨ, ਵਿਕਾਸ ਮਹਾਜਨ, ਅਨੂੰ ਗੰਡੋਤਰਾ, ਜਸਪ੍ਰੀਤ ਸਿੰਘ ਖੰਨਾ ਨੇ ਦੱਸਿਆ ਕਿ ਜਦੋਂ ਤੋਂ ਕੱਪੜਾ ਵਪਾਰੀ ਦੇ ਕੋਰੋਨਾ ਪਾਜ਼ੇਟਿਵ ਆਉਣ ਦੀ ਰਿਪੋਰਟ ਮਿਲੀ ਹੈ ਉਦੋਂ ਤੋਂ ਪੂਰਾ ਵਪਾਰੀ ਵਰਗ ਪ੍ਰੇਸ਼ਾਨ ਹੈ। ਪਹਿਲੇ ਹੀ ਕਾਰੋਬਾਰ ਬਹੁਤ ਘੱਟ ਗਿਆ ਹੈ ਅਤੇ ਹੁਣ ਸੋਸ਼ਲ ਮੀਡੀਆ 'ਤੇ ਸ਼ਰਾਰਤੀ ਅਨਸਰ ਝੂਠੇ ਮੈਸੇਜ ਪਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਜੋ ਬਰਦਾਸ਼ਤ ਕਰਨ ਦੇ ਯੋਗ ਨਹੀਂ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਕਿਸੇ ਸ਼ਰਾਰਤੀ ਅਨਸਰ ਨੇ ਡਿਪਟੀ ਕਮਿਸ਼ਨਰ ਦੀ ਫੋਟੋ ਲਾ ਕੇ ਇਕ ਮੈਸੇਜ ਵਾਇਰਲ ਕੀਤਾ ਸੀ ਕਿ ਦੁਕਾਨਾਂ ਦੇ ਖੋਲ੍ਹਣ ਦਾ ਸਮਾਂ ਬਦਲ ਗਿਆ ਹੈ। ਇਸ ਕਾਰਣ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ ਸੀ ਪਰ ਉਸ ਮੌਕੇ ਵੀ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਖਾਤਮੇ ਲਈ ਉਹ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ ਪਰ ਸ਼ਰਾਰਤੀ ਅਨਸਰਾਂ ਵਲੋਂ ਫੈਲਾਈਆਂ ਜਾ ਰਹੀਆਂ ਅਜਿਹੀਆਂ ਅਫਵਾਹਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਸਮੂਹ ਦੁਕਾਨਦਾਰਾਂ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਸਖਤ ਕਾਰਵਾਈ ਕਰਨ ਤਾਂ ਜੋ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਲੋਕ ਅਜਿਹੀਆਂ ਕਾਰਵਾਈਆਂ ਤੋਂ ਬਾਜ ਆਉਣ।
ਇਹ ਵੀ ਪੜ੍ਹੋਂ : ਇਸ਼ਕ 'ਚ ਅੰਨ੍ਹੀ ਪਤਨੀ ਦਾ ਕਾਰਾ, ਆਸ਼ਕ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ