ਗੁਰਚਰਨ ਸਿੰਘ ਟੌਹੜਾ ਦੀ ਬਰਸੀ ’ਤੇ ਪਹੁੰਚੇ ਗਜੇਂਦਰ ਸ਼ੇਖਾਵਤ, ਬੋਲੇ ਉਨ੍ਹਾਂ ਕਦੇ ਸਿੱਖੀ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ

Friday, Apr 01, 2022 - 06:19 PM (IST)

ਗੁਰਚਰਨ ਸਿੰਘ ਟੌਹੜਾ ਦੀ ਬਰਸੀ ’ਤੇ ਪਹੁੰਚੇ ਗਜੇਂਦਰ ਸ਼ੇਖਾਵਤ, ਬੋਲੇ ਉਨ੍ਹਾਂ ਕਦੇ ਸਿੱਖੀ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ

ਭਾਦਸੋਂ\ਪਟਿਆਲਾ (ਅਵਤਾਰ) : ਲੰਮਾਂ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਹਮੇਸ਼ਾਂ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਸਿੱਖੀ ਨੂੰ ਬਲਵਾਨ ਬਣਾਉਣ ਲਈ ਸੰਘਰਸ਼ ਕੀਤਾ ਹੈ ਅਤੇ ਕਦੇ ਵੀ ਸਿੱਖੀ ਸਿਧਾਂਤਾਂ ਲਈ ਕਿਸੇ ਵੀ ਲਾਲਚਵੱਸ ਸਮਝੌਤਾ ਨਹੀਂ ਸੀ ਕੀਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਅੱਜ ਪਿੰਡ ਟੌਹੜਾ ਵਿਖੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬਰਸੀ ਮੌਕੇ ਪ੍ਰੈੱਸ ਕਾਨਫ਼ਰੰਸ ਦੌਰਾਨ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਥੇਦਾਰ ਟੌਹੜਾ ਨੇ ਹਮੇਸ਼ਾਂ ਚੜ੍ਹਦੀ ਕਲਾ ਲਈ ਘਾਲਣਾ ਘਾਲੀ ਹੈ  ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਸਨਮਾਨ ਲਈ ਨਿਰੰਤਰ ਸੰਘਰਸ਼ ਕੀਤਾ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ। ਉਨ੍ਹਾਂ ਕਿਹਾ ਕਿ ਜਥੇ ਟੌਹੜਾ ਹਮੇਸ਼ਾ ਆਪਣੇ ਭਾਸ਼ਣ ਵਿਚ ਗੁਰਬਾਣੀ ਦੀਆਂ ਤੁਕਾਂ ਤੇ ਸਿੱਖ ਇਤਿਹਾਸ ਪਰੋ ਕੇ ਸਰੋਤਿਆਂ ਨੂੰ ਕੀਲਣ ਦੀ ਸਮਰੱਥਾ ਰੱਖਦੇ ਸਨ।  27 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, 4 ਸਾਲ ਰਾਜ ਸਭਾ ਮੈਂਬਰ ਪਿੱਛੋਂ ਵੀ ਉਨ੍ਹਾਂ ਪਿਤਾ ਪੁਰਖੀ ਧੰਦਾ ਖੇਤੀਬਾੜੀ ਅਪਣਾਇਆ ਅਤੇ ਲੱਕੜ ਅਤੇ ਸ਼ਤੀਰੀਆਂ-ਬਾਲਿਆਂ ਵਾਲੇ ਘਰ ਵਿਚ ਰਹਿੰਦੇ ਸਨ ਅਤੇ ਸਾਦਾ ਜੀਵਨ ਬਤੀਤ ਕਰਦੇ ਸਨ।

ਇਹ ਵੀ ਪੜ੍ਹੋ : ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ’ਚ ਅਸ਼ਵਨੀ ਸ਼ਰਮਾ ਨੇ ਚੁੱਕੇ ਸਵਾਲ, ਕਿਹਾ ਸਰਕਾਰ ਦੀ ਮਨਸ਼ਾ ’ਤੇ ਸ਼ੱਕ

ਸ਼ੇਖਾਵਤ ਨੇ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਕੱਲੇ ਦੇਸ਼ ਵਿਚ ਨਹੀਂ ਭਲਕੇ ਵਿਦੇਸ਼ਾਂ ਵਿਚ ਵੀ ਯਾਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਗੁਰਚਰਨ ਸਿੰਘ ਟੌਹੜਾ ਦੀ ਬਰਸੀ ਮੌਕੇ ਪ੍ਰਣ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲੀਏ । ਉਨ੍ਹਾਂ ਕਿਹਾ ਕਿ ਅੱਜ ਪੰਜਾਬ ਲਈ ਜੋ ਚੁਣੌਤੀਆਂ ਸਾਹਮਣੇ ਖੜ੍ਹੀਆਂ ਹਨ ਉਨ੍ਹਾਂ ਦੇ ਹੱਲ ਲਈ ਸਾਨੂੰ ਇਕੱਠੇ ਹੋ ਕੇ ਸੰਕਲਪ ਲੈਣ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਨਾਲ ਹਰਮੇਲ ਸਿੰਘ ਟੌਹੜਾ, ਬੀਬੀ ਕੁਲਦੀਪ ਕੌਰ ਟੌਹੜਾ, ਇੰਜਨੀਅਰ ਕੰਵਰਦੀਪ ਸਿੰਘ ਟੌਹੜਾ, ਹਰਿੰਦਰਪਾਲ ਸਿੰਘ ਟੌਹੜਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼ਨੀ ਟੌਹੜਾ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਉਮਰੇ ਜਹਾਨੋਂ ਤੁਰ ਗਿਆ ਨੌਜਵਾਨ ਪੁੱਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News