ਗੰਨ ਪੁਆਇੰਟ ’ਤੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼, ਭਾਰੀ ਮਾਤਰਾ ’ਚ ਅਸਲਾ ਤੇ ਹੋਰ ਸਮਾਨ ਬਰਾਮਦ

01/11/2022 5:25:30 PM

ਹੁਸ਼ਿਆਰਪੁਰ (ਘੁੰਮਣ) : ਹੁਸ਼ਿਆਰਪੁਰ ਪੁਲਸ ਵੱਲੋਂ ਗੰਨ ਪੁਆਇੰਟ ’ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਕੁਲਵੰਤ ਸਿੰਘ ਹੀਰ ਨੇ ਦੱਸਿਆ ਕਿ ਪਿਛਲੇ ਦਿਨੀਂ ਹੁਸ਼ਿਆਰਪੁਰ ਜ਼ਿਲੇ ਦੇ ਥਾਣਾ ਗੜ੍ਹਸ਼ੰਕਰ ਅਧੀਨ ਉਕਤ ਦੋਸ਼ੀਆਂ ਵੱਲੋਂ ਵੱਖ-ਵੱਖ ਵਾਰਤਾਦਾਂ ਨੂੰ ਅੰਜਾਮ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ ’ਤੇ ਦੋਸ਼ੀਆਂ ਨੂੰ ਪਿੰਡ ਚੱਕ ਫੁੱਲੂ ਭੱਠੇ ’ਤੇ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਅਗਲੀ ਵਿਊਂਤਬੰਦੀ ਪ੍ਰਭਾਤ ਚੌਕ ਹੁਸ਼ਿਆਰਪੁਰ ਵਿਖੇ ਸਥਿਤ ਇਕ ਮਨੀ ਐਕਸਚੇਂਜਰ ਕੋਲੋਂ ਲੁੱਟ ਕਰਨ ਦੀ ਸੀ।

ਹੀਰ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀਆਂ ਵਿਚ ਅਦਿੱਤਿਆ ਬਾਵਾ ਉਰਫ ਬਾਵਾ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਗੋਬਿੰਦਪੁਰ, ਥਾਣਾ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਮਨਿੰਦਰਜੀਤ ਸਿੰਘ ਉਰਫ ਮਨੀ ਪੁੱਤਰ ਰਾਜ ਕੁਮਾਰ ਵਾਸੀ ਗੋਬਿੰਦਪੁਰ ਥਾਣਾ ਬੰਗਾ, ਕਮਲਦੀਪ ਸਿੰਘ ਉਰਫ ਕਮਲ ਪੁੱਤਰ ਗੁਰਮੇਲ ਸਿੰਘ ਵਾਸੀ ਫਤਹਿ ਨਗਰ, ਸ਼ਹੀਦ ਭਗਤ ਸਿੰਘ ਨਗਰ, ਜਸ਼ਨਦੀਪ ਸਿੰਘ ਉਰਫ ਸੁੱਖਾ ਪੁੱਤਰ ਗੁਰਦਾਸ ਸਿੰਘ ਵਾਸੀ ਸ਼ੇਰਗੜ੍ਹ ਥਾਣਾ ਡੱਬਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਸਟੇਟ, ਹਰਕਮਲ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਠੀਂਡਾ ਥਾਣਾ ਮਾਹਿਲਪੁਰ, ਹੁਸ਼ਿਆਰਪੁਰ, ਹੁਕਮ ਦੇਵ ਨਰਾਇਣ ਪੁੱਤਰ ਕ੍ਰਿਸ਼ਨਾ ਚੰਦ ਵਰਮਾ ਵਾਸੀ ਸਰਵਨ ਗ੍ਰਾਮ ਪਹਾੜੀਆਂ ਜ਼ਿਲ੍ਹਾ ਦੇਵਗੜ੍ਹ (ਝਾਰਖੰਡ) ਅਤੇ ਤਰਵਿੰਦਰ ਸਿੰਘ ਉਰਫ ਭਿੰਡਰ ਪੁੱਤਰ ਬਲਵੀਰ ਸਿੰਘ ਵਾਸੀ ਚੱਕ ਮੂਸਾਂ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਦੋਸ਼ੀਆਂ ਕੋਲੋਂ 4 ਦੇਸੀ ਪਿਸਤੌਲ 32 ਬੋਰ, 44 ਜ਼ਿੰਦਾ ਰੌਂਦ 32 ਬੋਰ, 3 ਦਾਤਰ, 1 ਹਾਂਡਾ ਏਵੀਏਟਰ ਸਕੂਟਰੀ, 1 ਸਵਿਫਟ ਕਾਰ, 1 ਈਟੀਅਸ ਕਾਰ, 1 ਸਪਲੈਂਡਰ ਮੋਟਰਸਾਈਕਲ, 10 ਮੋਬਾਇਲ ਫੋਨ, 2 ਸੋਨੇ ਦੀਆਂ ਚੇਨੀਆਂ, 15 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ ਹਨ। ਮੁਢਲੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਹੋਰ ਵੀ ਕਈ ਵਾਰਦਾਤਾਂ ਕਰਨ ਸਬੰਧੀ ਕਬੂਲ ਕੀਤਾ ਹੈ।

 


Gurminder Singh

Content Editor

Related News