ਐੱਸ. ਡੀ. ਐੱਮ. ਨੇ ਫੜਵਾਏ ਫਾਇਰਿੰਗ ਕਰਨ ਵਾਲੇ ਨੌਜਵਾਨ ਆਗੂ ਤੇ ਸਾਫਟਵੇਅਰ ਇੰਜੀਨੀਅਰ
Tuesday, Feb 06, 2018 - 01:11 PM (IST)
ਜਲੰਧਰ (ਪ੍ਰੀਤ)— ਸ਼ਰਾਬ ਦੇ ਨਸ਼ੇ ਵਿਚ ਬੀ. ਐੱਸ. ਐੱਫ. ਚੌਕ ਨੇੜੇ ਅੱਧੀ ਰਾਤ ਵੇਲੇ ਫਾਇਰਿੰਗ ਕਰਨ ਵਾਲੇ ਨੌਜਵਾਨ ਆਗੂ ਅਤੇ ਸਾਫਟਵੇਅਰ ਇੰਜੀਨੀਅਰ ਨੂੰ ਪੁਲਸ ਨੇ ਕਾਬੂ ਕਰ ਲਿਆ। ਮੁਲਜ਼ਮਾਂ ਕੋਲੋਂ ਲਾਇਸੈਂਸੀ ਰਿਵਾਲਵਰ, ਕਾਰਤੂਸ ਅਤੇ ਉਨ੍ਹਾਂ ਦੀ ਗੱਡੀ ਜ਼ਬਤ ਕੀਤੀ ਗਈ। ਜਾਣਕਾਰੀ ਮੁਤਾਬਕ ਐੱਸ. ਡੀ. ਐੱਮ. ਆਈ. ਏ. ਐੱਸ. ਪਰਮਵੀਰ ਸਿੰਘ ਰਾਤ ਕਰੀਬ 12.30 ਦੇ ਕਰੀਬ ਕਿਸੇ ਪ੍ਰੋਗਰਾਮ ਤੋਂ ਪਰਤ ਰਹੇ ਸਨ। ਬੀ. ਐੱਸ. ਐੱਫ. ਚੌਕ ਨੇੜੇ ਉਨ੍ਹਾਂ ਨੇ ਐਕਸ. ਯੂ. ਵੀ. ਗੱਡੀ ਵਿਚ ਸਵਾਰ ਨੌਜਵਾਨਾਂ ਨੂੰ ਹਵਾਈ ਫਾਇਰਿੰਗ ਕਰਦੇ ਦੇਖਿਆ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਨੇ ਤੁਰੰਤ ਕਮਿਸ਼ਨਰੇਟ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਨੰਬਰ 7 ਦੇ ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ, ਬੱਸ ਸਟੈਂਡ ਚੌਕੀ ਇੰਚਾਰਜ ਸੇਵਾ ਸਿੰਘ ਪੁਲਸ ਫੋਰਸ ਸਣੇ ਮੌਕੇ 'ਤੇ ਪਹੁੰਚੇ ਤੇ ਐਕਸ. ਯੂ. ਵੀ. ਗੱਡੀ ਵਿਚ ਸਵਾਰ ਦੋਵਾਂ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ। ਮੁਲਜ਼ਮਾਂ ਕੋਲੋਂ ਮੌਕੇ 'ਤੇ 32 ਬੋਰ ਲਾਇਸੈਂਸ ਰਿਵਾਲਵਰ ਅਤੇ ਕਾਰਤੂਸ ਬਰਾਮਦ ਕੀਤੇ ਗਏ। ਐੱਸ. ਐੱਚ. ਓ. ਬਰਾੜ ਨੇ ਕਿਹਾ ਕਿ ਵਿਸ਼ਾਲ ਲੂੰਬਾ ਪੁੱਤਰ ਵਾਸੀ ਸੁਰਾਜਗੰਜ ਜਲੰਧਰ, ਵਿਸ਼ਾਲ ਗੁਪਤਾ ਪੁੱਤਰ ਵਿਨੇ ਗੁਪਤਾ ਵਾਸੀ ਗਰੀਨ ਐਵੇਨਿਊ ਜਲੰਧਰ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਖਿਲਾਫ ਧਾਰਾ 336 ਆਈ. ਪੀ. ਸੀ. ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਕੇਸ ਦਰਜ ਕੀਤਾ ਗਿਆ ਹੈ। ਇੰਸਪੈਕਟਰ ਬਰਾੜ ਨੇ ਦੱਸਿਆ ਕਿ ਮੁਲਜ਼ਮ ਵਿਸ਼ਾਲ ਗੁਪਤਾ ਦੇ ਪਿਤਾ ਬੈਂਕ ਤੋਂ ਰਿਟਾਇਰਡ ਹਨ ਤੇ ਖੁਦ ਵਿਸ਼ਾਲ ਗੁਪਤਾ ਪ੍ਰਾਈਵੇਟ ਫਰਮ ਵਿਚ ਸਾਫਟਵੇਅਰ ਇੰਜੀਨੀਅਰ ਹੈ, ਜਦੋਂਕਿ ਵਿਸ਼ਾਲ ਲੂੰਬਾ ਦਾ ਅਰਬਨ ਅਸਟੇਟ ਫੇਜ਼-1 ਵਿਚ ਧਾਰਮਿਕ ਸਥਾਨ ਨੇੜੇ ਹੈਲਥ ਕਲੱਬ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਗੱਡੀ ਵਿਸ਼ਾਲ ਲੂੰਬਾ ਦੀ ਹੈ ਅਤੇ ਅਸਲਾ ਵੀ ਉਸੇ ਦਾ ਹੈ।
ਸ਼ਰਾਬ ਤੋਂ ਬਾਅਦ ਇੰਜੁਆਏ ਲਈ ਚਲਾਈਆਂ ਗੋਲੀਆਂ
ਇੰਸਪੈਕਟਰ ਬਰਾੜ ਨੇ ਦੱਸਿਆ ਕਿ ਦੋਵੇਂ ਇਕੱਠੇ ਹੀ ਗੱਡੀ ਵਿਚ ਸ਼ਰਾਬ ਪੀ ਰਹੇ ਸਨ। ਗੱਲਾਂ-ਗੱਲਾਂ ਵਿਚ ਦੋਵੇਂ ਕਿਸੇ ਗੱਲ ਤੋਂ ਐਕਸਾਈਟਿਡ ਹੋ ਗਏ ਤੇ ਲੂੰਬਾ ਨੇ ਆਪਣੀ ਪਿਸਤੌਲ ਵਿਸ਼ਾਲ ਗੁਪਤਾ ਨੂੰ ਦਿੱਤੀ ਤੇ ਉਸਨੇ 3 ਹਵਾਈ ਫਾਇਰ ਕਰ ਦਿੱਤੇ।
ਵਿਸ਼ਾਲ ਲੂੰਬਾ 'ਤੇ ਅਸਲਾ ਐਕਟ ਦੀ ਧਾਰਾ 29 ਤੇ 30 ਵੀ ਜੁੜੀ
ਜਾਂਚ ਵਿਚ ਪਤਾ ਲੱਗਾ ਹੈ ਕਿ ਵਿਸ਼ਾਲ ਲੂੰਬਾ ਹੈਲਥ ਕਲੱਬ ਚਲਾਉਣ ਦੇ ਨਾਲ-ਨਾਲ ਅਕਾਲੀ ਪਾਰਟੀ ਨਾਲ ਸਬੰਧਤ ਵੀ ਹੈ। ਮੁਲਜ਼ਮ ਵਿਸ਼ਾਲ ਲੂੰਬਾ ਦੇ ਖਿਲਾਫ ਅਸਲਾ ਐਕਟ ਦੀ ਧਾਰਾ 29 ਅਤੇ 30 ਵੀ ਜੋੜੀ ਗਈ ਹੈ ਕਿਉਂਕਿ ਜਾਂਚ ਵਿਚ ਪਾਇਆ ਕਿ ਅਸਲਾ ਵਿਸ਼ਾਲ ਲੂੰਬਾ ਦਾ ਸੀ ਪਰ ਫਾਇਰ ਵਿਸ਼ਾਲ ਗੁਪਤਾ ਕਰ ਰਿਹਾ ਸੀ। ਨਿਯਮ ਮੁਤਾਬਕ ਆਪਣਾ ਅਸਲਾ ਕਿਸੇ ਦੂਜੇ ਵਿਅਕਤੀ ਨੂੰ ਦੇਣਾ ਵੀ ਗੈਰ-ਕਾਨੂੰਨੀ ਹੈ, ਇਸ ਲਈ ਵਿਸ਼ਾਲ ਲੂੰਬਾ ਦੇ ਖਿਲਾਫ ਵੱਖਰੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ।
