ਜਲੰਧਰ: ਵਿਅਕਤੀ ਨੇ ਲਾਇਸੈਂਸੀ ਰਿਵਾਲਵਰ ਦੇ ਨਾਲ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

Saturday, Sep 21, 2019 - 11:46 AM (IST)

ਜਲੰਧਰ: ਵਿਅਕਤੀ ਨੇ ਲਾਇਸੈਂਸੀ ਰਿਵਾਲਵਰ ਦੇ ਨਾਲ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਜਲੰਧਰ (ਮਾਹੀ)— ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਵਰਿਆਣਾ 'ਚ ਇਕ ਵਿਅਕਤੀ ਵੱਲੋਂ ਦੇਰ ਰਾਤ 2 ਵਜੇ ਆਪਣੇ ਆਪ ਨੂੰ ਲਾਇਸੈਂਸੀ ਰਿਵਾਲਵਰ ਦੇ ਨਾਲ ਆਪਣੇ ਕਮਰੇ 'ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਜਤਿੰਦਰ ਸਿੰਘ (47) ਪੁੱਤਰ ਹਰਪਾਲ ਸਿੰਘ ਵਜੋਂ ਹੋਈ ਹੈ। ਥਾਣਾ ਮਕਸੂਦਾਂ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਜਤਿੰਦਰ ਸਿੰਘ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ।

ਸੂਚਨਾ ਮਿਲਦੇ ਹੀ ਉਹ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਕੀਤੀ ਅਤੇ ਲਾਸ਼ ਨੂੰ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਘਟਨਾ ਦੇ ਸਮੇਂ ਜਤਿੰਦਰ ਦਾ ਪੁੱਤਰ ਗਗਨਦੀਪ ਅਤੇ ਅਨਮੋਲ ਘਰ 'ਚ ਮੌਜੂਦ ਸਨ, ਜੋ ਕਿ 8ਵੀਂ ਅਤੇ ਇਕ 10ਵੀਂ ਜਮਾਤ 'ਚ ਪੜ੍ਹਦੇ ਹਨ। ਮ੍ਰਿਤਕ ਦੀ ਪਤਨੀ ਸਿਮਰਨਜੀਤ ਕੌਰ ਬੜੌਦਾ (ਗੁਜਰਾਤ) 12 ਸਤੰਬਰ ਤੋਂ ਆਪਣੇ ਪੇਕੇ ਘਰ ਗਈ ਹੋਈ ਸੀ। ਉਕਤ ਜੋੜੇ ਦੀ ਇਕ ਕੁੜੀ ਹੈ, ਜੋ ਵਿਦੇਸ਼ 'ਚ ਰਹਿੰਦੀ ਹੈ।
ਉਨ੍ਹਾਂ ਦੱਸਿਆ ਕਿ ਜਤਿੰਦਰ ਨੇ ਇਸ ਘਟਨਾ ਨੂੰ ਅੰਜਾਮ ਉਸ ਸਮੇਂ ਦਿੱਤਾ ਜਦੋਂ ਉਸ ਦੇ ਦੋਵੇਂ ਬੇਟੇ ਆਪਣੇ ਦੋਸਤਾਂ ਨਾਲ ਖੇਡ ਰਹੇ ਸਨ। ਗੋਲੀ ਦੀ ਆਵਾਜ਼ ਸੁਣਨ ਤੋਂ ਬਾਅਦ ਉਹ ਇਧਰ-ਓਧਰ ਦੇਖਣ ਲੱਗੇ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਘਰ ਆਏ ਉਸ ਦੇ ਪੁੱਤਰ ਦੇ ਇਕ ਦੋਸਤ ਨੇ ਬੈੱਡ 'ਤੇ ਪਈ ਲਾਸ਼ ਨੂੰ ਦੇਖਿਆ। ਇਸ ਤੋਂ ਬਾਅਦ ਗੋਲੀ ਦੀ ਸੂਚਨਾ ਮਿਲਦੇ ਹੀ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ।

ਥਾਣਾ ਮੁਖੀ ਰਮਨਦੀਪ ਸਿੰਘ ਅਤੇ ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਗੋਲੀ ਚਲਾਉਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਕਾਰੋਬਾਰੀ ਦੀ ਵਰਿਆਣਾ 'ਚ ਆਪਣੀ ਮਾਰਕੀਟ ਹੈ ਅਤੇ ਜ਼ਮੀਨ ਵੀ ਕਾਫੀ ਹੈ। ਫਲੈਟ ਕਿਰਾਏ 'ਤੇ ਦੇ ਰੱਖੇ ਸਨ, ਜਿਸ ਦਾ ਲੱਖਾਂ 'ਚ ਮਹੀਨੇ ਦਾ ਕਿਰਾਇਆ ਆਉਂਦਾ ਸੀ। ਪੁਲਸ ਨੇ ਪਤਨੀ ਸਿਮਰਨਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਹੈ।

 


author

shivani attri

Content Editor

Related News