ਰਾਹੁਲ ਗੁਜਰਾਤ ਚੋਣਾਂ ''ਚ ਕੀਤੇ ਪ੍ਰਯੋਗਾਂ ਨੂੰ ਹੋਰ ਸੂਬਿਆਂ ''ਚ ਦੁਹਰਾਉਣਗੇ

06/29/2018 7:20:55 AM

ਜਲੰਧਰ (ਧਵਨ) - ਗੁਜਰਾਤ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵਲੋਂ ਅਪਣਾਏ ਗਏ ਮਾਡਲ ਦੇ ਸਫਲ ਰਹਿਣ ਤੋਂ ਬਾਅਦ ਹੁਣ ਇਸ ਨੂੰ ਇਸ ਸਾਲ ਦੇ ਅਖੀਰ 'ਚ ਹੋਣ ਵਾਲੇ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਧਾਨਸਭਾ ਚੋਣਾਂ 'ਚ ਵੀ ਅਪਣਾਉਣ ਦਾ ਫੈਸਲਾ ਲਿਆ ਗਿਆ ਹੈ, ਜਿਸ ਤਹਿਤ ਪਾਰਟੀ ਵਲੋਂ ਸਵੈਮ-ਸੇਵੀ ਸੰਗਠਨਾਂ (ਐੱਨ. ਜੀ. ਓ.) ਅਤੇ ਵਰਕਰਾਂ ਨਾਲ ਮੇਲ-ਜੋਲ ਵਧਾਇਆ ਜਾਵੇਗਾ।
ਗੁਜਰਾਤ 'ਚ ਕਾਂਗਰਸ ਨੇ ਜਨ-ਅੰਦੋਲਨ ਚਲਾਉਣ ਵਾਲੇ ਸੰਗਠਨਾਂ ਦੇ ਨੇਤਾਵਾਂ ਜਿਵੇਂ ਹਾਰਦਿਕ ਪਟੇਲ, ਜਿਗਨੀਸ਼ ਮੇਵਾਣੀ ਅਤੇ ਅਲਪੇਸ਼ ਠਾਕੁਰ ਨੂੰ ਆਪਣੇ ਵਲੋਂ ਸਮਰਥਨ ਦਿੱਤਾ ਗਿਆ ਸੀ। ਇਸੇ ਤਰ੍ਹਾਂ ਤਿੰਨ ਸੂਬੇ ਵਿਧਾਨ ਸਭਾ ਚੋਣਾਂ 'ਚ ਜਨ-ਅੰਦੋਲਨ ਚਲਾਉਣ ਵਾਲੇ ਵੱਖ-ਵੱਖ ਸੰਗਠਨਾਂ ਦੇ ਨੇਤਾਵਾਂ ਨੂੰ ਕਾਂਗਰਸ ਆਪਣੇ ਵਲੋਂ ਸਮਰਥਨ ਦੇਵੇਗੀ। ਕਾਂਗਰਸ ਨੇਤਾਵਾਂ ਦਾ ਮੰਨਣਾ ਹੈ ਕਿ ਤਿੰਨਾਂ ਸੂਬਿਆਂ 'ਚ ਪਾਰਟੀ ਵਲੋਂ ਸਮਾਜਿਕ ਸੰਗਠਨਾਂ ਦਾ ਸਮਰਥਨ ਲਿਆ ਜਾ ਰਿਹਾ ਹੈ ਅਤੇ ਨਾਲ-ਨਾਲ ਕਬੀਲਿਆਈ ਅਤੇ ਹੋਰ ਸਮੂਹਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ।ਰਾਹੁਲ ਗਾਂਧੀ ਵਲੋਂ ਜਿਸ ਤਰ੍ਹਾਂ ਗੁਜਰਾਤ ਮਾਡਲ ਨੂੰ ਅਪਣਾ ਕੇ ਭਾਜਪਾ ਨੂੰ ਸਖਤ ਟੱਕਰ ਵਿਧਾਨਸਭਾ ਚੋਣਾਂ 'ਚ ਦਿੱਤੀ ਗਈ ਸੀ, ਨੂੰ ਦੇਖਦੇ ਹੋਏ ਹੁਣ ਗੁਜਰਾਤ ਮਾਡਲ ਨੂੰ ਇਨ੍ਹਾਂ ਚੋਣ ਸੂਬਿਆਂ 'ਚ ਵੀ ਲਾਗੂ ਕਰ ਦਿੱਤਾ ਜਾਵੇਗਾ। ਗੁਜਰਾਤ ਮਾਡਲ ਅਸਲ 'ਚ ਰਾਹੁਲ ਗਾਂਧੀ ਦੇ ਵਫਾਦਾਰ ਲੈਫਟੀਨੈਂਟ ਕੇ. ਰਾਜੂ ਵਲੋਂ ਤਿਆਰ ਕੀਤਾ ਗਿਆ ਸੀ। ਕੇ. ਰਾਜੂ ਨੇ ਕਾਂਗਰਸੀ ਨੇਤਾਵਾਂ ਨੂੰ ਸਿਵਲ ਸੁਸਾਇਟੀ ਸੰਗਠਨਾਂ ਦੇ ਅੰਦਰ ਜਾਣ ਦੀ ਹਦਾਇਤ ਦਿੱਤੀ ਸੀ। ਇਸੇ ਕਾਰਨ ਭਾਜਪਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ 'ਚ ਪੂਰੀ ਤਰ੍ਹਾਂ ਕਾਂਗਰਸ ਘੇਰਨ 'ਚ ਸਫਲ ਹੋਈ ਸੀ।


Related News