ਫੂਡ ਕਾਰਨਰ ਨਿਸ਼ਾਨੇ ’ਤੇ : ਸ਼ਰਮਾ ਵੈਸ਼ਨੋ ਢਾਬਾ, ਸ਼ਮਾਂ ਅਤੇ ਅਲ ਕਰੀਮ ਰੈਸਟੋਰੈਂਟ ’ਤੇ ਜੀ. ਐੱਸ. ਟੀ. ਦੀ ਰੇਡ

02/22/2023 1:45:51 PM

ਜਲੰਧਰ (ਪੁਨੀਤ) : ਟੈਕਸ ਅਦਾਇਗੀ ਵਾਲੀ ਸਲੈਬ ਦੇ ਘੇਰੇ ’ਚ ਆਉਣ ਦੇ ਬਾਵਜੂਦ ਕਈ ਫੂਡ ਕਾਰਨਰਾਂ ਵੱਲੋਂ ਵਿਭਾਗੀ ਨਿਯਮਾਂ ਪ੍ਰਤੀ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਮਹਾਨਗਰ ’ਚ ਵੱਡੀ ਗਿਣਤੀ ’ਚ ਅਜਿਹੇ ਫੂਡ ਕਾਰਨਰ ਹਨ, ਜਿਹੜੇ ਕਿ ਟੈਕਸ ਤੋਂ ਬਚਣ ਲਈ ਜੀ. ਐੱਸ. ਟੀ. ਦੀ ਰਜਿਸਟ੍ਰੇਸ਼ਨ ਤੋਂ ਬਿਨਾਂ ਚਲਾਏ ਜਾ ਰਹੇ ਹਨ। ਸੂਚਨਾਵਾਂ ਮਿਲਣ ਤੋਂ ਬਾਅਦ ਅਜਿਹੇ ਫੂਡ ਕਾਰਨਰ ਵਿਭਾਗੀ ਨਿਸ਼ਾਨੇ ’ਤੇ ਆ ਚੁੱਕੇ ਹਨ। ਇਸੇ ਲੜੀ ਵਿਚ ਸਟੇਟ ਜੀ. ਐੱਸ. ਟੀ. ਵਿਭਾਗ ਜਲੰਧਰ-2 ਵੱਲੋਂ ਨਕੋਦਰ ਰੋਡ ’ਤੇ ਜੋਤੀ ਮਾਲ ਦੇ ਨੇੜੇ ਸ਼ਰਮਾ ਵੈਸ਼ਨੋ ਢਾਬਾ, ਡੀ. ਐੱਲ. ਐੱਫ. ਮਾਲ ਦੇ ਸਾਹਮਣੇ ਅਲ ਕਰੀਮ ਰੈਸਟੋਰੈਂਟ ਅਤੇ ਸ਼ਮਾਂ ਚਿਕਨ ਕਾਰਨਰ ’ਤੇ ਜੀ. ਐੱਸ. ਟੀ. ਵਿਭਾਗ ਨੇ ਰੇਡ ਮਾਰ ਕੇ ਆਮਦਨ ਦੀ ਜਾਣਕਾਰੀ ਜੁਟਾਉਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ। ਵਿਭਾਗ ਵੱਲੋਂ ਇਨ੍ਹਾਂ ਫੂਡ ਕਾਰਨਰਾਂ ਨੂੰ ਕਈ ਵਾਰ ਨੋਟਿਸ ਭੇਜਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਫੂਡ ਕਾਰਨਰ ਅਤੇ ਰੈਸਟੋਰੈਂਟ ਜੀ. ਐੱਸ. ਟੀ. ਨੰਬਰ ਦੀ ਰਜਿਸਟ੍ਰੇਸ਼ਨ ਕਰਵਾਏ ਬਿਨਾਂ ਚਲਾਏ ਜਾ ਰਹੇ ਹਨ, ਜਿਸ ਕਾਰਨ ਵਿਭਾਗ ਨੂੰ ਇਨ੍ਹਾਂ ਤੋਂ ਟੈਕਸ ਪ੍ਰਾਪਤ ਨਹੀਂ ਹੋ ਰਿਹਾ।

ਇਹ ਵੀ ਪੜ੍ਹੋ : ਕਿੱਥੇ ਰੁਕੀ ਹੈ ਹੈਰੋਇਨ ਤੇ ਹਥਿਆਰਾਂ ਦੀ ਸਮੱਗਲਿੰਗ! ਡਰੋਨ ਸਮੇਤ ਜ਼ਮੀਨ ਤੇ ਸਮੁੰਦਰੀ ਰਸਤੇ ਤੋਂ ਆ ਰਿਹਾ ਹੈ ਚਿੱਟਾ

ਟੈਕਸ ਦੀ ਅਦਾਇਗੀ ਵਾਲੀ ਆਮਦਨ ਦੀ ਸਲੈਬ ਵਿਚ ਹੋਣ ਦੀ ਜਾਣਕਾਰੀ ਮਿਲਣ ’ਤੇ ਅਸਿਸਟੈਂਟ ਕਮਿਸ਼ਨਰ ਜਲੰਧਰ-2 ਸ਼ੁਭੀ ਆਂਗਰਾ ਵੱਲੋਂ ਟੀਮਾਂ ਦਾ ਗਠਨ ਕਰ ਕੇ ਕਈ ਦਿਨਾਂ ਤੱਕ ਇਨ੍ਹਾਂ ਦੀ ਰੇਕੀ ਕਰਵਾਈ ਗਈ। ਇਸ ਦੌਰਾਨ ਵਿਭਾਗ ਨੇ ਕਈ ਅਹਿਮ ਇਨਪੁੱਟ ਜੁਟਾਏ। ਅਧਿਕਾਰੀਆਂ ਨੇ ਦੱਸਿਆ ਕਿ ਸਬੰਧਤ ਫੂਡ ਕਾਰਨਰਾਂ ਵਿਚ ਗਾਹਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਦੌਰਾਨ ਅੰਦਰ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ, ਪ੍ਰਤੀ ਮਹੀਨਾ ਕਿਰਾਇਆ ਅਤੇ ਹੋਰ ਕਈ ਤਰ੍ਹਾਂ ਦੇ ਖਰਚ ਸਬੰਧੀ ਵਿਭਾਗ ਨੇ ਪਹਿਲਾਂ ਹੀ ਜਾਣਕਾਰੀ ਇਕੱਤਰ ਕਰ ਲਈ। ਇਸ ਕਾਰਨ ਉਕਤ ਕਾਰਨਰ ਜੀ. ਐੱਸ. ਟੀ. ਟੈਕਸ ਸਲੈਬ ਅਧੀਨ ਆਉਂਦੇ ਜਾਪੇ। ਅਹਿਮ ਇਨਪੁੱਟ ਮਿਲਣ ’ਤੇ ਜਲੰਧਰ-2 ਦੇ ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਸ਼ਲਿੰਦਰ ਸਿੰਘ, ਪਵਨ ਕੁਮਾਰ ਅਤੇ ਧਰਮਿੰਦਰ ਸਿੰਘ ਦੀ ਅਗਵਾਈ ਵਿਚ ਬਣਾਈਆਂ ਗਈਆਂ 3 ਟੀਮਾਂ ਨੇ ਉਕਤ ਫੂਡ ਕਾਰਨਰਸ ’ਤੇ ਰੇਡ ਮਾਰ ਕੇ ਕਈ ਅਹਿਮ ਸਬੂਤ ਜੁਟਾਏ। ਅਧਿਕਾਰੀਆਂ ਮੁਤਾਬਕ ਇਨ੍ਹਾਂ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਸਮੇਤ ਕਈ ਹੋਰ ਦਸਤਾਵੇਜ਼ ਕਬਜ਼ੇ ਵਿਚ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਫੂਡ ਕਾਰਨਰ ਸਾਮਾਨ ਕਿਥੋਂ ਖਰੀਦਦੇ ਹਨ, ਉਥੇ ਹੀ ਬਿਜਲੀ ਦੇ ਬਿੱਲ, ਵਰਤੇ ਜਾਂਦੇ ਸਿਲੰਡਰਾਂ ਦੀ ਜਾਣਕਾਰੀ ਸਮੇਤ ਕਈ ਜਾਣਕਾਰੀਆਂ ਜਾਂਚ ਦਾ ਮੁੱਖ ਵਿਸ਼ਾ ਹਨ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਵਿਭਾਗ ਉਕਤ ਫੂਡ ਕਾਰਨਰ ਦੀ ਆਮਦਨ ਬਾਰੇ ਪ੍ਰਮੁੱਖਤਾ ਨਾਲ ਜਾਂਚ ਕਰ ਰਿਹਾ ਹੈ। ਸੀ. ਸੀ. ਟੀ. ਵੀ. ਫੁਟੇਜ ਤੋਂ ਆਉਣ ਵਾਲੇ ਗਾਹਕਾਂ ਬਾਰੇ ਪਤਾ ਲੱਗੇਗਾ। ਉਥੇ ਹੀ, ਖਰਚ ਤੋਂ ਆਮਦਨ ਦਾ ਮੁਲਾਂਕਣ ਕਰ ਕੇ ਮੁਨਾਫਾ ਕੱਢਿਆ ਜਾਵੇਗਾ ਅਤੇ ਇਸੇ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਮੌਸਮ ਅਪਡੇਟ : ਹੁਣ ਰਾਤਾਂ ਵੀ ਹੋਈਆਂ ਗਰਮ, ਸੋਮਵਾਰ ਦੀ ਰਾਤ ਸੀਜਨ ਦੀ ਸਭ ਤੋਂ ਗਰਮ ਰਹੀ

ਆਨਲਾਈਨ ਹੋਣ ਵਾਲੀ ਆਮਦਨ ’ਤੇ ਕੀਤਾ ਫੋਕਸ
ਅਧਿਕਾਰੀਆਂ ਮੁਤਾਬਕ ਉਕਤ ਫੂਡ ਕਾਰਨਰ ਜ਼ੋਮੈਟੋ ਅਤੇ ਸਵਿਗੀ ਵਰਗੇ ਆਨਲਾਈਨ ਐਪਸ ’ਤੇ ਉਪਲੱਬਧ ਹਨ, ਜਿਸ ਕਾਰਨ ਇਨ੍ਹਾਂ ਦੀ ਆਮਦਨ ’ਤੇ ਫੋਕਸ ਕੀਤਾ ਗਿਆ ਹੈ। ਇਸ ਬਾਰੇ ਪਿਛਲੇ ਕੁਝ ਮਹੀਨਿਆਂ ਦੀ ਡਿਟੇਲ ਤੋਂ ਆਸਾਨੀ ਨਾਲ ਪਤਾ ਲੱਗ ਜਾਵੇਗਾ, ਜੋ ਕਿ ਅਹਿਮ ਕੜੀ ਹੋਵੇਗਾ। ਉਨ੍ਹਾਂ ਦੱਸਿਆ ਕਿ ਟੈਕਸ ਅਦਾਇਗੀ ਦੀ ਸਲੈਬ ਵਿਚ ਆਉਣ ਦੇ ਬਾਵਜੂਦ ਵਿਭਾਗੀ ਨਿਯਮਾਂ ਦੀ ਪਾਲਣਾ ਨਾ ਹੋਣ ਕਰ ਕੇ ਜੀ. ਐੱਸ. ਟੀ. ਐਕਟ ਦੇ ਅੰਡਰ ਸੈਕਸ਼ਨ 71 ਤਹਿਤ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਸਰਕਾਰੀ ਨੌਕਰੀਆਂ ਦੇਣ ਦੀ ਵਚਨਬੱਧਤਾ ਜਾਰੀ, ਹੁਣ ਤੱਕ 26478 ਨੌਜਵਾਨਾਂ ਨੂੰ ਮਿਲੀਆਂ ਨੌਕਰੀਆਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News