GST ਮੁਆਵਜ਼ੇ ਲਈ ਪੰਜਾਬ ਨੇ ਕੇਂਦਰ ਨੂੰ ਲਿਖੀ ਚਿੱਠੀ
Saturday, Aug 01, 2020 - 03:47 PM (IST)
ਚੰਡੀਗੜ੍ਹ : ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਜੀ. ਐਸ. ਟੀ. ਮੁਆਵਜ਼ੇ ਸਬੰਧੀ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਣ ਨੂੰ ਇਕ ਚਿੱਠੀ ਲਿਖੀ ਗਈ ਹੈ। ਮਨਪ੍ਰੀਤ ਨੇ ਕਿਹਾ ਕਿ ਹਾਲ ਹੀ 'ਚ ਆਈਆਂ ਖ਼ਬਰਾਂ 'ਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨੇ ਸੰਸਦੀ ਕਮੇਟੀ ਨੂੰ ਸੂਚਿਤ ਕੀਤਾ ਹੈ ਕਿ ਉਸ ਕੋਲ ਸੂਬਿਆਂ ਨੂੰ ਜੀ. ਐਸ. ਟੀ. ਮੁਆਵਜ਼ਾ ਦੇਣ ਲਈ ਪੈਸਾ ਨਹੀਂ ਹੈ ਅਤੇ ਇਹ ਸੂਬਿਆਂ ਲਈ ਇਕ ਝਟਕਾ ਹੈ।
ਸੂਬਿਆਂ ਨੂੰ ਮੁਆਵਜ਼ੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਉਧਾਰੀ ਲੈਣ ਦੀ ਅਟਾਰਨੀ ਜਨਰਲ ਦੀ ਸਲਾਹ ਨੂੰ ਖ਼ਾਰਜ ਕਰਦੇ ਹੋਏ ਬਾਦਲ ਨੇ ਕਿਹਾ ਕਿ ਇਹ ਸੂਬਿਆਂ 'ਤੇ ਬੋਝ ਹੋਵੇਗਾ ਕਿਉਂਕਿ ਇਹ ਮਹਿੰਗੇ ਦਰਾਂ 'ਤੇ ਉਧਾਰੀ ਹੋਵੇਗੀ। ਉਨ੍ਹਾਂ ਨੇ ਸਿਫ਼ਾਰਿਸ਼ ਕੀਤੀ ਹੈ ਕਿ ਟੈਕਸ ਕੁਲੈਕਸ਼ਨ ਵਧਾਉਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ, ਜਿਸ ਨਾਲ ਵਸਤੂਆਂ ਅਤੇ ਸੇਵਾਵਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ, ਜਿਨ੍ਹਾਂ 'ਤੇ ਟੈਕਸ ਲੱਗਦਾ ਹੈ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਸੂਬਿਆਂ 'ਤੇ ਉਧਾਰੀ ਦਾ ਬੋਝ ਨਹੀਂ ਪਾਇਆ ਜਾਣਾ ਚਾਹੀਦਾ, ਜੋ ਹਰ ਹਾਲ 'ਚ ਕੇਂਦਰ ਸਰਕਾਰ ਵੱਲੋਂ ਲਈ ਜਾਣ ਵਾਲੀ ਉਧਾਰੀ ਤੋਂ ਮਹਿੰਗਾ ਪਵੇਗਾ। ਬਾਦਲ ਨੇ ਕਿਹਾ ਕਿ ਪੰਜਾਬ ਨੂੰ ਜੀ. ਐਸ. ਟੀ. ਤੋਂ 45 ਫੀਸਦੀ ਤੋਂ ਜ਼ਿਆਦਾ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਾਲਾਤ 'ਚ ਇਹ ਨੁਕਸਾਨ 60 ਫ਼ੀਸਦੀ ਤੱਕ ਪਹੁੰਚ ਸਕਦਾ ਹੈ।