GST ਬਕਾਇਆ ਰਿਲੀਜ਼ ਨਾ ਕਰਨ ''ਤੇ ਪ੍ਰਧਾਨ ਮੰਤਰੀ ਨਿਵਾਸ ਨੂੰ ਘੇਰਨ ਦੀ ਦਿੱਤੀ ਧਮਕੀ

Friday, Nov 29, 2019 - 04:53 PM (IST)

GST ਬਕਾਇਆ ਰਿਲੀਜ਼ ਨਾ ਕਰਨ ''ਤੇ ਪ੍ਰਧਾਨ ਮੰਤਰੀ ਨਿਵਾਸ ਨੂੰ ਘੇਰਨ ਦੀ ਦਿੱਤੀ ਧਮਕੀ

ਜਲੰਧਰ (ਧਵਨ) : ਕੇਂਦਰ ਦੀ ਮੋਦੀ ਸਰਕਾਰ ਵਲੋਂ ਪੰਜਾਬ ਨੂੰ ਜੀ.ਐੱਸ. ਟੀ. ਦਾ 4100 ਕਰੋੜ ਰੁਪਏ ਦਾ ਬਕਾਇਆ ਰਿਲੀਜ਼ ਨਾ ਕਰਨ ਦਾ ਮਾਮਲਾ ਉਸ ਸਮੇਂ ਹੋਰ ਭਖ ਗਿਆ ਜਦੋਂ ਸੂਬਾਈ ਕਾਂਗਰਸ ਨੇ ਕੇਂਦਰ ਸਰਕਾਰ ਨੂੰ ਧਮਕੀ ਦਿੱਤੀ ਕਿ ਜੇ ਉਸ ਨੇ ਪੰਜਾਬ ਨੂੰ ਬਕਾਇਆ ਜਾਰੀ ਨਾ ਕੀਤਾ ਤਾਂ ਕਾਂਗਰਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿੱਲੀ 'ਚ ਘਿਰਾਓ ਕਰਨ ਲਈ ਮਜਬੂਰ ਹੋਵੇਗੀ। ਪ੍ਰਧਾਨ ਮੰਤਰੀ ਦੇ ਨਿਵਾਸ ਨੂੰ ਹੀ ਪਾਰਟੀ ਵਲੋਂ ਘੇਰਿਆ ਜਾਵੇਗਾ।

ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਪੰਜਾਬ ਨੂੰ ਆਰਥਿਕ ਫਰੰਟ 'ਤੇ ਜਾਣਬੁੱਝ ਕੇ ਤੰਗ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਨੇ ਦੇਸ਼ ਦੇ ਫੈਡਰਲ ਢਾਂਚੇ ਦੀ ਮੂਲ ਭਾਵਨਾ ਵਿਰੁੱਧ ਕੰਮ ਕੀਤਾ ਹੈ। ਪਹਿਲਾਂ ਤਾਂ ਕੇਂਦਰ ਦੀ ਭਾਜਪਾ ਸਰਕਾਰ ਨੇ ਜਲਦਬਾਜ਼ੀ 'ਚ ਜੀ. ਐੱਸ. ਟੀ. ਨੂੰ ਲਾਗੂ ਕੀਤਾ, ਜਿਸ ਕਾਰਣ ਵਪਾਰੀਆਂ ਅਤੇ ਉੱਦਮੀਆਂ ਸਾਹਮਣੇ ਮੁਸ਼ਕਲਾਂ ਪੈਦਾ ਹੋ ਗਈਆਂ। ਉਸ ਤੋਂ ਬਾਅਦ ਇਸ ਨੂੰ ਇੰਨਾ ਉਲਝਣ ਭਰਿਆ ਬਣਾ ਦਿੱਤਾ ਗਿਆ। ਛੋਟੇ ਵਪਾਰੀਆਂ ਲਈ ਸਾਹ ਲੈਣਾ ਵੀ ਔਖਾ ਹੋ ਗਿਆ। ਨਵੀਂ ਪ੍ਰਣਾਲੀ 'ਚ ਸੂਬਿਆਂ ਨੂੰ ਹੋਣ ਵਾਲੇ ਵਿੱਤੀ ਘਾਟੇ ਦੀ ਪੂਰਤੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਪੂਰਤੀ ਕਰਨੀ ਤਾਂ ਦੂਰ, ਸੂਬਿਆਂ ਨੂੰ ਉਨ੍ਹਾਂ ਦਾ ਬਣਦਾ ਜੀ.ਐੱਸ.ਟੀ. ਦਾ ਹਿੱਸਾ ਵੀ ਨਹੀਂ ਦਿੱਤਾ ਜਾ ਰਿਹਾ।

ਦੇਸ਼ 'ਚ ਮੰਦੀ ਦਾ ਮਾਹੌਲ
ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨੋਟਬੰਦੀ ਅਤੇ ਜੀ. ਐੱਸ. ਟੀ. ਵਰਗੇ ਗਲਤ ਫੈਸਲੇ ਲਾਗੂ ਕਰ ਕੇ ਦੇਸ਼ 'ਚ ਮੰਦੀ ਦਾ ਮਾਹੌਲ ਕਾਇਮ ਕਰ ਦਿੱਤਾ ਹੈ। ਸੂਬਿਆਂ 'ਚ ਜੀ.ਐੱਸ.ਟੀ. ਤੋਂ ਹੋਣ ਵਾਲੀ ਆਮਦਨ 'ਚ ਵਾਧਾ ਨਹੀਂ ਹੋ ਰਿਹਾ ਕਿਉਂਕਿ ਚਾਰੇ ਪਾਸੇ ਮੰਦੀ ਛਾਈ ਹੋਈ ਹੈ। ਪੰਜਾਬ 'ਚ ਜੀ.ਐੱਸ. ਟੀ. ਤੋਂ ਹੋਣ ਵਾਲੇ ਮਾਲੀਏ 'ਚ 44 ਫੀਸਦੀ ਤਕ ਦੀ ਗਿਰਾਵਟ ਆ ਗਈ ਹੈ। ਇਹ ਸਮੱਸਿਆ ਸਿਰਫ ਪੰਜਾਬ ਦੀ ਨਹੀਂ ਹੈ ਸਗੋਂ ਹੋਰਨਾਂ ਸੂਬਿਆਂ ਨੂੰ ਵੀ ਇਸ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੂਬਾਈ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਜੀ.ਐੱਸ. ਟੀ. ਦੇ 4100 ਕਰੋੜ ਰੁਪਏ ਨੂੰ ਰੋਕਿਆ ਜਾਣਾ ਨਿਖੇਧੀਯੋਗ ਹੈ। ਕੇਂਦਰ ਨੂੰ ਬਿਨਾਂ ਕਿਸੇ ਦੇਰੀ ਤੋਂ ਇਹ ਰਕਮ ਜਾਰੀ ਕਰਨੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰੀ ਪੱਧਰ 'ਤੇ ਇਹ ਮਾਮਲਾ ਪ੍ਰਧਾਨ ਮੰਤਰੀ ਦੇ ਸਾਹਮਣੇ ਉਠਾਉਣਗੇ। ਨਾਲ ਹੀ ਕਾਂਗਰਸ ਪਾਰਟੀ ਇਸ ਮਾਮਲੇ ਨੂੰ ਲੈ ਕੇ ਸੜਕਾਂ 'ਤੇ ਉਤਰੇਗੀ। ਜਾਖੜ ਨੇ ਯਾਦ ਦਿਵਾਇਆ ਕਿ ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ 'ਚ ਇਨਸਾਫ ਲੈਣ ਲਈ ਪ੍ਰਧਾਨ ਮੰਤਰੀ ਦੇ ਨਿਵਾਸ ਦੇ ਬਾਹਰ ਧਰਨਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹਮੇਸ਼ਾ ਗੈਰ-ਭਾਜਪਾ ਸਰਕਾਰਾਂ ਨੂੰ ਤੰਗ ਕਰਨ ਵਾਲਾ ਰਵੱਈਆ ਅਪਣਾਇਆ ਹੈ।
 


author

Anuradha

Content Editor

Related News