ਪੀੜਤਾ ਨੂੰ ਇਨਸਾਫ ਦਿਵਾਉਣ ਲਈ ਥਾਣਾ ਇਸਲਾਮਾਬਾਦ ਦਾ ਘਿਰਾਓ

Wednesday, Mar 14, 2018 - 05:48 AM (IST)

ਅੰਮ੍ਰਿਤਸਰ,  (ਦਲਜੀਤ)-  ਆਲ ਇੰਡੀਆ ਐਂਟੀ-ਕੁਰੱਪਸ਼ਨ ਮੋਰਚੇ ਵੱਲੋਂ ਅੱਜ ਪੀੜਤ ਜਸਵਿੰਦਰ ਕੌਰ ਨੂੰ ਇਨਸਾਫ ਦਿਵਾਉਣ ਲਈ ਥਾਣਾ ਇਸਲਾਮਾਬਾਦ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਸੈਂਕੜੇ ਦੀ ਸੰਖਿਆ 'ਚ ਮੌਜੂਦ ਲੋਕਾਂ ਨੇ ਜੰਮ ਕੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਜ਼ਿਲਾ ਪ੍ਰਧਾਨ ਵਰਿੰਦਰ ਲਾਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਸਵਿੰਦਰ ਕੌਰ ਨਾਲ ਬੇਇਨਸਾਫ਼ੀ ਹੋ ਰਹੀ ਹੈ, ਕੁਝ ਲੋਕ ਉਸ ਦੇ ਪਰਿਵਾਰ ਨਾਲ ਬੇਵਜ੍ਹਾ ਲੜਾਈ ਕਰ ਕੇ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਰਹੇ ਹਨ। ਇਸ ਸਬੰਧੀ ਥਾਣਾ ਇਸਲਾਮਾਬਾਦ ਨੂੰ ਕਾਫ਼ੀ ਸਮਾਂ ਪਹਿਲਾਂ ਸ਼ਿਕਾਇਤ ਵੀ ਦਿੱਤੀ ਗਈ ਸੀ ਪਰ ਪੁਲਸ ਨੇ ਉਸ 'ਤੇ ਕਾਰਵਾਈ ਕਰਨ ਦੀ ਬਜਾਏ ਮਾਮਲੇ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ।
ਮੋਰਚੇ ਦੇ ਪਦਅਧਿਕਾਰੀ ਕਈ ਵਾਰ ਉਕਤ ਮਾਮਲੇ ਸਬੰਧੀ ਥਾਣਾ ਇਸਲਾਮਾਬਾਦ ਦੇ ਐੱਸ. ਐੱਚ. ਓ. ਨੂੰ ਵੀ ਮਿਲ ਚੁੱਕੇ ਹਨ ਪਰ ਉਹ ਵੀ ਭਰੋਸੇ 'ਤੇ ਭਰੋਸਾ ਦੇ ਕੇ ਹਕੀਕਤ ਵਿਚ ਕੰਮ ਨਹੀਂ ਕਰ ਰਹੇ, ਜਿਸ ਕਾਰਨ ਮਜਬੂਰਨ ਮੋਰਚੇ ਨੂੰ ਥਾਣੇ ਦਾ ਘਿਰਾਓ ਕਰਨਾ ਪਿਆ ਹੈ। ਮੋਰਚੇ ਦੇ ਰਾਸ਼ਟਰੀ ਚੇਅਰਮੈਨ ਮਹੰਤ ਰਾਮੇਸ਼ਾਨੰਦ ਸਰਸਵਤੀ ਤੇ ਸੂਬਾ ਪ੍ਰਧਾਨ ਅਜੇ ਕੁਮਾਰ ਚੀਨੂ ਨੇ ਕਿਹਾ ਕਿ ਪੀੜਤ ਜਸਵਿੰਦਰ ਕੌਰ ਜਿਹੇ ਸੈਂਕੜੇ ਪਰਿਵਾਰ ਪੁਲਸ ਤੋਂ ਨਿਆਂ ਲੈਣ ਲਈ ਥਾਣਿਆਂ ਦੇ ਧੱਕੇ ਖਾ ਰਹੇ ਹਨ। ਇਕ ਪਾਸੇ ਪੁਲਸ ਕਮਿਸ਼ਨਰ ਲੋਕਾਂ ਨੂੰ ਸਮੇਂ 'ਤੇ ਇਨਸਾਫ ਦੇਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹਨ, ਦੂਜੇ ਪਾਸੇ ਅਧਿਕਾਰੀ ਹੀ ਕਮਿਸ਼ਨਰ ਦੇ ਨਿਰਦੇਸ਼ਾਂ ਨੂੰ ਅੰਗੂਠਾ ਦਿਖਾ ਕੇ ਆਪਣੀ ਮਨਮਰਜ਼ੀ ਕਰ ਰਹੇ ਹਨ। ਏ. ਸੀ. ਪੀ. ਨਰਿੰਦਰ ਸਿੰਘ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਕਤ ਮਾਮਲੇ ਸਬੰਧੀ ਛੇਤੀ ਕਾਰਵਾਈ ਕੀਤੀ ਜਾਵੇਗੀ ਪਰ ਮੋਰਚੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ 3 ਦਿਨਾਂ 'ਚ ਸ਼ਿਕਾਇਤ 'ਤੇ ਕਾਰਵਾਈ ਨਾ ਕੀਤੀ ਗਈ ਤਾਂ ਪੁਲਸ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਤਾਰਾ ਚੰਦ ਭਗਤ, ਜੁਗਲ ਮਹਾਜਨ, ਵਰੁਣ ਸ਼ਰਮਾ, ਨਿਮਾਣਾ, ਲਵਪ੍ਰੀਤ, ਪ੍ਰਦੀਪ, ਪ੍ਰਵੀਨ ਟੰਡਨ, ਲੱਕੀ, ਸੀਨੀਅਰ ਐਡਵੋਕੇਟ ਸਾਈਂ ਕਿਰਨ, ਕੇਵਲ ਕ੍ਰਿਸ਼ਨ, ਤਰਨਤਾਰਨ ਜ਼ਿਲਾ ਪ੍ਰਧਾਨ ਜਸਪਾਲ ਸਿੰਘ, ਸੁਖਰਾਜ ਸਿੰਘ, ਕੁਲਦੀਪ ਸਿੰਘ, ਦਲਬੀਰ ਸਿੰਘ ਤੇ ਹੋਰ ਮੌਜੂਦ ਸਨ।


Related News