ਸਹੁਰੇ ਪਾਰ ਕਰ ਗਏ ਸਭ ਹੱਦਾਂ, ਮਾਰ ਛੱਡੀ ਕਮਾਊ ਨੂੰਹ, ਧੀ ਦਾ ਹਾਲ ਦੇਖ ਪਿਓ ਦੀਆਂ ਨਿਕਲੀਆਂ ਧਾਹਾਂ
Thursday, Oct 12, 2023 - 05:11 PM (IST)
ਲੁਧਿਆਣਾ (ਵੈੱਬ ਡੈਸਕ, ਰਾਜ) : ਦਾਜ ਦੇ ਲਾਲਚੀ ਸਹੁਰਿਆਂ ਨੇ ਆਪਣੀ ਕਮਾਊ ਨੂੰਹ ਦੀ ਬਲੀ ਚੜ੍ਹਾ ਦਿੱਤੀ। ਮ੍ਰਿਤਕਾ ਦੀ ਪਛਾਣ ਰਾਜਵੰਤ ਕੌਰ (29) ਵਜੋਂ ਹੋਈ ਹੈ। ਫਿਲਹਾਲ ਮ੍ਰਿਤਕਾ ਦੇ ਪੇਕੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਦਾ ਪਤੀ ਅਤੇ ਸੱਸ-ਸਹੁਰਾ ਦਾਜ ਲਈ ਲਗਾਤਾਰ ਤੰਗ-ਪਰੇਸ਼ਾਨ ਕਰ ਰਹੇ ਸਨ। ਥਾਣਾ ਡੇਹਲੋਂ ਦੀ ਪੁਲਸ ਨੇ ਮ੍ਰਿਤਕਾ ਦੀ ਪਿਤਾ ਸੁਖਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਦੋਸ਼ੀ ਪਤੀ ਇੰਦਰਪ੍ਰੀਤ ਸਿੰਘ, ਸੱਸ ਅਮਰਜੀਤ ਕੌਰ ਅਤੇ ਸਹੁਰੇ ਰਵਿੰਦਰ ਸਿੰਘ ਖ਼ਿਲਾਫ਼ ਦਾਜ ਦਾ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਦੋਸ਼ੀ ਪਤੀ ਨੂੰ ਕਾਬੂ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਖੰਨਾ ਦੇ ਪਿੰਡ ਬੱਲੇਵਾਲ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ : ਰਾਤੀਂ ਸੁੱਤੇ ਪਏ ਟੱਬਰ ਨਾਲ ਵਾਪਰ ਗਿਆ ਵੱਡਾ ਭਾਣਾ, ਕੀ ਪਤਾ ਸੀ ਇੰਨੀ ਮਾੜੀ ਚੜ੍ਹੇਗੀ ਸਵੇਰ (ਤਸਵੀਰਾਂ)
ਉਸ ਦੀ ਧੀ ਰਾਜਵੰਤ ਕੌਰ ਦਾ ਵਿਆਹ 2018 'ਚ ਡੇਹਲੋਂ ਦੇ ਪਿੰਡ ਖਾਨਪੁਰ ਦੇ ਰਹਿਣ ਵਾਲੇ ਇੰਦਰਪ੍ਰੀਤ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦਾ 3 ਸਾਲ ਦਾ ਪੁੱਤਰ ਵੀ ਹੈ। ਵਿਆਹ ਤੋਂ ਬਾਅਦ ਹੀ ਪਤੀ ਅਤੇ ਸਹੁਰਾ ਪਰਿਵਾਰ ਉਸ ਦੀ ਧੀ ਨੂੰ ਦਾਜ ਲਈ ਤੰਗ ਕਰਨ ਲੱਗੇ ਕਿਉਂਕਿ ਇੰਦਰਪ੍ਰੀਤ ਕੋਈ ਕੰਮ ਨਹੀਂ ਕਰਦਾ ਸੀ। ਰਾਜਵੰਤ ਕੌਰ ਘਰ 'ਚ ਹੀ ਕੈਫੇ ਸ਼ਾਪ ਚਲਾਉਂਦੀ ਸੀ, ਜਿਸ ਨਾਲ ਘਰ ਦਾ ਗੁਜ਼ਾਰਾ ਹੁੰਦਾ ਸੀ। ਇੰਦਰਪ੍ਰੀਤ ਵਾਰ-ਵਾਰ ਉਸ 'ਤੇ ਦਾਜ ਲਿਆਉਣ ਲਈ ਦਬਾਅ ਪਾ ਰਿਹਾ ਸੀ ਅਤੇ ਉਸ ਨਾਲ ਕੁੱਟਮਾਰ ਵੀ ਕਰਦਾ ਸੀ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਸੋਮਵਾਰ ਨੂੰ ਉਸ ਦੇ ਜਵਾਈ ਦਾ ਫੋਨ ਆਇਆ ਕਿ ਰਾਜਵੰਤ ਕੌਰ ਬੀਮਾਰ ਹੈ। ਉਸ ਨੇ ਕਿਹਾ ਕਿ ਉਹ ਜਲਦੀ ਉਸ ਨੂੰ ਹਸਪਤਾਲ ਲੈ ਕੇ ਜਾਵੇ ਪਰ ਉਹ ਨਾਂਹ-ਨੁੱਕਰ ਕਰਨ ਲੱਗਾ। ਫਿਰ ਜਵਾਈ ਕਹਿਣ ਲੱਗਾ ਕਿ ਉਹ ਤੜਫ਼ ਰਹੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 50 ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ! Snapchat 'ਤੇ ਹੋਈਆਂ ਅਪਲੋਡ
ਇਸ 'ਤੇ ਸੁਖਵਿੰਦਰ ਸਿੰਘ ਦੇ ਜ਼ੋਰ ਦੇਣ 'ਤੇ ਦੋਸ਼ੀਆਂ ਨੇ ਰਾਜਵੰਤ ਕੌਰ ਨੂੰ ਫਿਰੋਜ਼ਪੁਰ ਰੋਡ ਸਥਿਤ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ। ਇਸ ਤੋਂ ਬਾਅਦ ਉਹ ਵੀ ਉਕਤ ਹਸਪਤਾਲ ਪਹੁੰਚ ਗਿਆ। ਪਿਤਾ ਨੇ ਦੇਖਿਆ ਕਿ ਉਸ ਦੀ ਧੀ ਦੇ ਸਾਹ ਚਲਾਉਣ ਲਈ ਪੰਪ ਦਿੱਤਾ ਜਾ ਰਿਹਾ ਹੈ। ਕੁੱਝ ਦੇਰ ਬਾਅਦ ਡਾਕਟਰਾਂ ਨੇ ਉਸ ਦੀ ਧੀ ਨੂੰ ਮ੍ਰਿਤਕ ਕਰਾਰ ਦਿੱਤਾ ਤਾਂ ਪਿਓ ਦੀਆਂ ਧਾਹਾਂ ਨਿਕਲ ਗਈਆਂ। ਡਾਕਟਰਾਂ ਨੇ ਕਿਹਾ ਕਿ ਉਸ ਦੀ ਧੀ ਨੂੰ ਕੋਈ ਨਸ਼ੀਲੀ ਦਵਾਈ ਦੀ ਓਵਰਡੋਜ਼ ਦਿੱਤੀ ਗਈ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਥਾਣਾ ਡੇਹਲੋਂ ਦੀ ਪੁਲਸ ਦਾ ਕਹਿਣਾ ਹੈ ਕਿ ਲਾਸ਼ ਦਾ ਪੋਸਟ ਮਾਰਟਵ ਕਰਵਾਇਆ ਜਾ ਗਿਆ ਹੈ। ਉਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਮ੍ਰਿਤਕਾ ਦੇ ਪਤੀ ਅਤੇ ਸੱਸ-ਸਹੁਰੇ ਨੂੰ ਨਾਮਜ਼ਦ ਕਰਕੇ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8