ਜਲੰਧਰ ’ਚ ਹੋਏ ਦੋਹਰੇ ਕਤਲ ਕਾਂਡ ਦੇ ਮਾਮਲੇ ਵਿਚ ਪੁਲਸ ਦੇ ਹੱਥ ਲੱਗੇ ਅਹਿਮ ਸੁਰਾਗ
Friday, Mar 05, 2021 - 05:03 PM (IST)
ਜਲੰਧਰ (ਜ. ਬ.)– ਗ੍ਰੇਟਰ ਕੈਲਾਸ਼ ਵਿਚ ਸਾਹਮਣੇ ਆਏ ਦਿਲ-ਕੰਬਾਊ ਡਬਲ ਮਰਡਰ ਮਾਮਲੇ ’ਚ ਪੁਲਸ ਨੇ ਮੁਲਜ਼ਮਾਂ ਦੇ ਖੂਨ ਨਾਲ ਲਿਬੜੇ ਕੱਪੜੇ ਗੁਰਬਚਨ ਨਗਰ ਦੀਆਂ ਰੇਲਵੇ ਲਾਈਨਾਂ ਨੇੜਿਓਂ ਬਰਾਮਦ ਕਰ ਲਏ ਹਨ। ਇਸ ਤੋਂ ਇਲਾਵਾ ਪੁਲਸ ਨੇ ਵਾਰਦਾਤ ਵਿਚ ਵਰਤੀ ਹਥੌੜੀ ਵੀ ਘਟਨਾ ਸਥਾਨ ਦੇ ਪਿੱਛੇ ਸਥਿਤ ਇਕ ਖ਼ਾਲੀ ਪਲਾਟ ਦੀਆਂ ਝਾੜੀਆਂ ਵਿਚੋਂ ਬਰਾਮਦ ਕੀਤੀ ਹੈ। ਕੱਪੜੇ ਅਤੇ ਹਥੌੜੀ ਗ੍ਰਿਫ਼ਤਾਰ ਮੁਲਜ਼ਮ ਰਾਜਾ ਦੀ ਨਿਸ਼ਾਨਦੇਹੀ ’ਤੇ ਰਿਕਵਰ ਹੋਏ ਹਨ।
ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਲਈ ਆਏ ਫਰਾਡ ਫੋਨ ਤਾਂ ਹੋ ਜਾਓ ਸਾਵਧਾਨ, ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ
ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਹੱਤਿਆ ਕਰਨ ਤੋਂ ਬਾਅਦ ਮੁਲਜ਼ਮ ਰਾਜਾ ਅਤੇ ਆਕਾਸ਼ ਗੁਰਬਚਨ ਨਗਰ ਸਥਿਤ ਰਾਜਾ ਦੇ ਕਿਰਾਏ ਦੇ ਕਮਰੇ ਵਿਚ ਗਏ ਸਨ। ਉਥੇ ਉਨ੍ਹਾਂ ਖ਼ੂਨ ਨਾਲ ਲਿਬੜੇ ਕੱਪੜੇ ਬਦਲੇ ਅਤੇ ਫਿਰ ਇਕ ਲਿਫ਼ਾਫ਼ੇ ਵਿਚ ਪਾ ਕੇ ਘਰ ਦੇ ਨੇੜੇ ਸਥਿਤ ਰੇਲਵੇ ਲਾਈਨ ਨਜ਼ਦੀਕ ਕੂੜੇ ਵਿਚ ਸੁੱਟ ਦਿੱਤੇ। ਡਬਲ ਮਰਡਰ ਕਰਨ ਤੋਂ ਬਾਅਦ ਮੁਲਜ਼ਮ ਹਥੌੜੀ ਆਪਣੇ ਨਾਲ ਲੈ ਗਏ ਸਨ ਅਤੇ ਕੁਝ ਹੀ ਦੂਰੀ ’ਤੇ ਸਥਿਤ ਇਕ ਖ਼ਾਲੀ ਪਲਾਟ ਵਿਚ ਹਥੌੜੀ ਨੂੰ ਝਾੜੀਆਂ ਵਿਚ ਲੁਕੋ ਦਿੱਤਾ ਸੀ। ਪੁਲਸ ਨੇ ਦੂਜੇ ਮੁਲਜ਼ਮ ਆਕਾਸ਼ ਦੀ ਗ੍ਰਿਫ਼ਤਾਰੀ ਲਈ ਵੀਰਵਾਰ ਨੂੰ ਵੀ ਕਈ ਜਗ੍ਹਾ ਛਾਪੇਮਾਰੀ ਕੀਤੀ ਪਰ ਮੁਲਜ਼ਮ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਮੁਲਜ਼ਮ ਆਕਾਸ਼ ਮੋਬਾਇਲ ਦੀ ਵਰਤੋਂ ਨਹੀਂ ਕਰਦਾ ਸੀ, ਜਿਸ ਕਾਰਨ ਉਸ ਦੀ ਲੋਕੇਸ਼ਨ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਵੱਲੋਂ ਪਾਣੀ ਦੇ ਪੱਧਰ ‘ਚ ਆ ਰਹੀ ਗਿਰਾਵਟ ਨੂੰ ਠੱਲਣ ਲਈ ਸਰਬਸੰਮਤੀ ਨਾਲ ਮਤਾ ਪਾਸ
ਜ਼ਿਕਰਯੋਗ ਹੈ ਕਿ ਬੀਤੇ ਮੰਗਲਵਾਰ ਸਵੇਰੇ ਲਗਭਗ 9 ਵਜੇ ਗ੍ਰੇਟਰ ਕੈਲਾਸ਼ ਇਲਾਕੇ ਵਿਚ ਸ਼ੀਸ਼ਾ ਵਪਾਰੀ ਦੀ ਨਵੀਂ ਬਣ ਰਹੀ ਕੋਠੀ ਵਿਚੋਂ 2 ਕਿਰਤੀਆਂ ਰਾਮ ਸਰੂਪ ਅਤੇ ਕੋਮਲ ਦੋਵੇਂ ਨਿਵਾਸੀ ਛਤਰਪੁਰ (ਮੱਧ ਪ੍ਰਦੇਸ਼) ਦੀਆਂ ਖੂਨ ਵਿਚ ਲਥਪਥ ਲਾਸ਼ਾਂ ਮਿਲੀਆਂ ਸਨ। ਦੋਵਾਂ ਦੇ ਸਿਰ ’ਤੇ ਹਥੌੜੀ ਅਤੇ ਇੱਟਾਂ ਮਾਰ ਕੇ ਬੇਰਹਿਮ ਤਰੀਕੇ ਨਾਲ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਕਿ ਕੋਮਲ ਦਾ ਇਕ ਹੱਥ ਵੀ ਵੱਢਿਆ ਮਿਲਿਆ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਬਣਾਈ ਐੱਸ. ਆਈ. ਟੀ. ਵਿਚ ਸ਼ਾਮਲ ਸੀ. ਆਈ. ਏ. ਸਟਾਫ 1 ਅਤੇ ਥਾਣਾ ਨੰਬਰ 1 ਦੀ ਪੁਲਸ ਟੀਮ ਨੇ ਸਿਰਫ 2 ਘੰਟਿਆਂ ਦੀ ਜਾਂਚ ’ਚ ਡਬਲ ਮਰਡਰ ਕਰਨ ਵਾਲੇ ਮੁਲਜ਼ਮ ਰਾਜਾ (ਮ੍ਰਿਤਕਾਂ ਦਾ ਭਾਣਜਾ) ਪੁੱਤਰ ਬੱਚੂ ਯਾਦਵ ਨਿਵਾਸੀ ਮੱਧ ਪ੍ਰਦੇਸ਼ ਹਾਲ ਨਿਵਾਸੀ ਗੁਰਬਚਨ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂਕਿ ਉਸਦਾ ਸਾਥੀ ਆਕਾਸ਼ ਫ਼ਰਾਰ ਹੋ ਚੁੱਕਾ ਸੀ।
ਇਹ ਵੀ ਪੜ੍ਹੋ: ਜਲੰਧਰ ’ਚ ਹੋਟਲਾਂ ਤੇ ਰੈਸਟੋਰੈਂਟਾਂ ਲਈ ਜਾਰੀ ਕੀਤੇ ਗਏ ਨਵੇਂ ਹੁਕਮ, ਰਾਤ 11 ਵਜੇ ਤੋਂ ਬਾਅਦ ਨਹੀਂ ਹੋਵੇਗੀ ਐਂਟਰੀ
ਹੱਤਿਆਵਾਂ ਦੀ ਰੰਜਿਸ਼ ਇਹ ਸੀ ਕਿ ਰਾਜਾ ਨੂੰ ਲੱਗਦਾ ਸੀ ਕਿ ਉਸ ਦੇ ਦੋਵਾਂ ਮਾਮਿਆਂ ਕਾਰਣ ਹੀ ਉਸ ਦੇ ਪਿਤਾ ਨੇ ਖੁਦਕੁਸ਼ੀ ਕੀਤੀ ਸੀ, ਜਿਸ ਤੋਂ ਬਾਅਦ ਉਸਦੇ ਭਰਾ ਦੀ ਵੀ ਮੌਤ ਹੋ ਗਈ। ਉਕਤ ਹੱਤਿਆਕਾਂਡ ਨੂੰ ਅੰਜਾਮ ਦੇਣ ਲਈ ਰਾਜਾ ਨੇ ਲੁਧਿਆਣਾ ਵਿਚ ਰਹਿਣ ਵਾਲੇ ਆਪਣੇ ਸਾਥੀ ਆਕਾਸ਼ ਨੂੰ ਵੀ ਨਾਲ ਮਿਲਾ ਲਿਆ ਸੀ। ਥਾਣਾ ਨੰਬਰ 1 ਵਿਚ ਰਾਜਾ ਅਤੇ ਆਕਾਸ਼ ਖ਼ਿਲਾਫ਼ ਧਾਰਾ 302 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਹੰਗਾਮਾ ਕਰ ਰਹੇ ਅਕਾਲੀ ਵਿਧਾਇਕਾਂ ’ਤੇ ਸਪੀਕਰ ਦੀ ਵੱਡੀ ਕਾਰਵਾਈ, 3 ਦਿਨਾਂ ਲਈ ਕੀਤਾ ਗਿਆ ਮੁਅੱਤਲ