ਬਿਜਲੀ ਦੇ ਸ਼ਾਰਟ-ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ

Wednesday, Jun 26, 2019 - 10:00 PM (IST)

ਬਿਜਲੀ ਦੇ ਸ਼ਾਰਟ-ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ

ਚੌਕੀਮਾਨ (ਗਗਨਦੀਪ)-ਥਾਣਾ ਦਾਖਾ ਅਧੀਨ ਪੈਂਦੇ ਪਿੰਡ ਸ਼ੇਖੂਪੁਰਾ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਅੱਜ ਅਚਾਨਕ ਬਿਜਲੀ ਦਾ ਸ਼ਾਰਟ-ਸਰਕਟ ਹੋਣ ਕਾਰਨ ਗੁਰਦੁਆਰਾ ਸਾਹਿਬ ਵਿਖੇ ਪਏ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ। ਇਸ ਦੁਖਦਾਈ ਘਟਨਾ ਦਾ ਪਤਾ ਲੱਗਣ 'ਤੇ ਵੱਡੀ ਗਿਣਤੀ 'ਚ ਪਿੰਡ ਸ਼ੇਖੂਪੁਰਾ ਦੀਆਂ ਅਤੇ ਆਸਪਾਸ ਦੀਆਂ ਸਿੱਖ ਸੰਗਤਾਂ ਇਕੱਤਰ ਹੋ ਗਈਆਂ। ਪੁਲਸ ਨੂੰ ਸੂਚਨਾ ਮਿਲਣ 'ਤੇ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਵਰਿੰਦਰ ਸਿੰਘ ਬਰਾੜ, ਡੀ.ਐੱਸ.ਪੀ. ਦਾਖਾ ਗੁਰਬੰਸ ਸਿੰਘ ਬੈਂਸ, ਐੱਸ.ਐੱਚ.ਓ. ਜਗਦੀਸ਼ ਕੁਮਾਰ ਸ਼ਰਮਾ, ਏ.ਐੱਸ.ਆਈ. ਸੁਰਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕਿ ਘਟਨਾ ਦੇ ਕਾਰਨਾਂ ਦੀ ਘੋਖ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ।

ਇਕੱਤਰ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ 4 ਕੁ ਵਜੇ ਦੇ ਕਰੀਬ ਗੁਰਦੁਆਰਾ ਸਾਹਿਬ 'ਚ ਲੱਗੇ ਪੱਖੇ ਦੀਆਂ ਤਾਰਾਂ ਸਪਾਰਕਿੰਗ ਕਰ ਗਈਆਂ, ਪਿੰਡ ਦੇ ਕਿਸੇ ਵਿਅਕਤੀ ਨੇ ਗੁਰਦੁਆਰਾ ਸਾਹਿਬ 'ਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਸਨੇ ਇਸ ਦੀ ਸੂਚਨਾ ਹੈੱਡ ਗ੍ਰੰਥੀ ਜਸਪ੍ਰੀਤ ਸਿੰਘ ਨੂੰ ਦਿੱਤੀ। ਗ੍ਰੰਥੀ ਜਸਪ੍ਰੀਤ ਸਿੰਘ ਨੇ ਅੰਦਰ ਜਾ ਕੇ ਦੇਖਿਆ ਤਾਂ ਦਰਬਾਰ ਸਾਹਿਬ 'ਚ ਧੂੰਆਂ ਹੀ ਧੂੰਆਂ ਸੀ। ਪਤਾ ਲੱਗਣ 'ਤੇ ਵੱਡੀ ਗਿਣਤੀ 'ਚ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਅੰਦਰ ਜਾ ਕੇ ਅੱਗ 'ਤੇ ਕਾਬੂ ਪਾਉਣ ਲਈ ਯਤਨ ਕਰਨ ਲੱਗੇ ਪਰ ਤਦ ਤੱਕ ਪਾਲਕੀ ਸਾਹਿਬ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋ ਚੁੱਕੇ ਸੀ। ਇਸ ਸਾਰੀ ਦੁਰਘਟਨਾ ਦੀ ਗੁਰਦੁਆਰਾ ਸਾਹਿਬ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਪੱਖਾ ਮੈਲਟ ਹੋਣ ਦੀ ਵੀਡੀਓ ਕੈਦ ਹੋ ਗਈ। ਇਸ ਸਮੇਂ ਹਾਜ਼ਰ ਮੌਕੇ 'ਤੇ ਪਹੁੰਚੇ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੜੈਣ ਅਤੇ ਸਰਪੰਚ ਸੁਰਿੰਦਰ ਸਿੰਘ ਰਾਜੂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਾਰੇ ਪਿੰਡ ਅੰਦਰ ਗਮਗੀਨ ਮਾਹੌਲ ਬਣਿਆ ਹੋਇਆ ਹੈ।

ਪਿੰਡ 'ਚ ਨਸ਼ਿਆਂ ਵਿਰੋਧੀ ਚੇਤਨਾ ਰੈਲੀ ਰੱਦ
ਇਸ ਸਮੇਂ ਕਈ ਦਿਨਾਂ ਤੋ ਆਲ ਇੰਡੀਆ ਕ੍ਰਾਈਮ ਪ੍ਰੀਵੈਨਸ਼ਨ ਸੋਸਾਇਟੀ ਵਲੋਂ ਮੁੱਖ ਮੰਤਰੀ ਪੰਜਾਬ ਦੇ ਓ. ਐੱਸ. ਡੀ. ਦਮਨਜੀਤ ਸਿੰਘ ਮੋਹੀ, ਐੱਸ. ਐੱਸ. ਪੀ. ਵਰਿੰਦਰ ਸਿੰਘ ਬਰਾੜ, ਭਾਜਪਾ ਕਿਸਾਨ ਮੋਰਚੇ ਦੇ ਸਾਬਕਾ ਪ੍ਰਧਾਨ ਮੇਜਰ ਸਿੰਘ ਦੇਤਵਾਲ, ਸੀਨੀਅਰ ਕਾਂਗਰਸੀ ਆਗੂ ਅਨੰਦ ਸਰੂਪ ਸਿੰਘ ਮੋਹੀ ਦੀ ਅਗਵਾਈ 'ਚ ਕੱਢੀ ਜਾ ਰਹੀ ਰੈਲੀ ਕਾਰਨ ਪਿੰਡ 'ਚ ਭਾਰੀ ਇਕੱਠ ਸੀ। ਘਟਨਾ ਦਾ ਪਤਾ ਲੱਗਣ 'ਤੇ ਪ੍ਰਧਾਨ ਸੁਖਵਿੰਦਰ ਸਿੰਘ ਢੱਟ ਨੇ ਤੁਰੰਤ ਰੈਲੀ ਰੱਦ ਕਰਕੇ ਘਟਨਾ ਸਥਾਨ 'ਤੇ ਪਹੁੰਚ ਕੇ ਪਸ਼ਤਾਚਾਪ ਅਰਦਾਸ 'ਚ ਸ਼ਾਮਲ ਹੋਏ।

ਕੀ ਕਹਿਣੈ ਐੱਸ. ਐੱਸ. ਪੀ. ਦਾ
ਇਸ ਸਬੰਧੀ ਜਦੋਂ ਐੱਸ. ਐੱਸ. ਪੀ. ਲੁਧਿਆਣਾ ਦਿਹਾਤੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕਿਸੇ ਸ਼ਰਾਰਤੀ ਅਨਸਰ ਦੀ ਸ਼ਮੂਲੀਅਤ ਤੋਂ ਇਨਕਾਰ ਕਰਦਿਆਂ ਕਿਹਾ ਕਿ ਘਟਨਾ ਦੀ ਵੀਡੀਓ ਦੇਖਣ ਉਪਰੰਤ ਸਾਫ ਹੈ ਕਿ ਮਸਲਾ ਸ਼ਾਰਟ-ਸਰਕਟ ਦਾ ਹੀ ਹੈ।


author

Karan Kumar

Content Editor

Related News