ਅਨਾਜ ਭੰਡਾਰ ਦਾ ਪੂਰਾ ਬਿਓਰਾ ਪੰਜਾਬ ਸਰਕਾਰ ਕੋਲ : ਕੈਰੋਂ
Sunday, Apr 17, 2016 - 01:20 PM (IST)
ਚੰਡੀਗੜ੍ਹ (ਭੁੱਲਰ)— ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ 12000 ਕਰੋੜ ਰੁਪਏ ਦੇ ਅਨਾਜ ਘੋਟਾਲੇ ਦੀ ਚਰਚਾ ''ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਰਾਜ ਸਰਕਾਰ ਕੋਲ ਅਨਾਜ ਭੰਡਾਰ ਦਾ ਪੂਰਾ ਬਿਓਰਾ ਉਪਲੱਬਧ ਹੈ। ਉਨ੍ਹਾਂ ਇਸ ਮਾਮਲੇ ''ਚ ਸਾਹਮਣੇ ਆਏ ਤੱਥਾਂ ''ਤੇ ਸਫਾਈ ਦਿੰਦਿਆਂ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ''ਚ ਕਿਹਾ ਕਿ ਵਿਰੋਧੀ ਧਿਰ ਬਿਨਾਂ ਕਾਰਨ ਮਾਮਲੇ ਨੂੰ ਸਿਆਸੀ ਹਿੱਤਾਂ ਲਈ ਤੂਲ ਦੇ ਰਹੇ ਹਨ। ਉਨ੍ਹਾਂ ਘੋਟਾਲੇ ਦੇ ਤੱਥਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਅਨਾਜ ਦੀ ਖਰੀਦ ਤੇ ਭੰਡਾਰਨ ਦਾ ਸਾਰਾ ਕੰਮ ਨਿਯਮਾਂ ਮੁਤਾਬਕ ਹੀ ਕੀਤਾ ਗਿਆ ਹੈ, ਜਿਸ ''ਚ ਕੁਝ ਵੀ ਗਲਤ ਨਹੀਂ ਹੋਇਆ ਤੇ ਨਾ ਹੀ ਅਨਾਜ ਗਾਇਬ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਜਿਸ ''ਗੈਪ'' ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਹ ਅਸਲ ਲਾਗਤ ਅਤੇ ਭਾਰਤ ਸਰਕਾਰ/ਐੱਫ. ਸੀ. ਆਈ. ਵੱਲੋਂ ਕੀਤੀ ਅਦਾਇਗੀ (ਰੀਇੰਬਰਸਮੈਂਟ) ਦਾ ਫਰਕ ਹੈ। ਅਨਾਜ ਦੀ ਖਰੀਦ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਲਈ ਸੂਬਾ ਸਰਕਾਰ ਵਪਾਰਕ ਬੈਂਕਾਂ ਤੋਂ ਵੱਡੀ ਮਾਤਰਾ ਵਿਚ ਕੈਸ਼ ਕ੍ਰੈਡਿਟ ਕਰਜ਼ਾ ਲੈਂਦੀ ਹੈ, ਜਿਸ ਦੀ ਗਣਨਾ ਬੈਂਕ ਮਹੀਨਾਵਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਅਨਾਜ ਦੀ ਖਰੀਦ ਲਈ ਲਏ ਕਰਜ਼ੇ ਦੀ ਆਊਟਸਟੈਂਡਿੰਗ ਦਾ ਮਾਮਲਾ ਪਹਿਲਾਂ ਹੀ ਭਾਰਤ ਸਰਕਾਰ ਦੇ ਵਿਚਾਰ ਅਧੀਨ ਹੈ।
