ਸੰਕਟ ਦੀ ਇਸ ਘੜੀ ’ਚ ਵਪਾਰੀਆਂ ਦੀ ਸਾਰ ਲਵੇ ਸਰਕਾਰ : ‘ਆਪ’
Monday, May 04, 2020 - 08:33 PM (IST)
ਚੰਡੀਗੜ੍ਹ, (ਰਮਨਜੀਤ)- ਆਮ ਆਦਮੀ ਪਾਰਟੀ ਟ੍ਰੇਡ ਐਂਡ ਇੰਡਸਟਰੀ ਵਿੰਗ ਪੰਜਾਬ ਵਲੋਂ ਪ੍ਰਧਾਨ ਨੀਨਾ ਮਿੱਤਲ ਦੀ ਅਗਵਾਈ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਅੱਜ ਬੈਠਕ ਕੀਤੀ ਗਈ। ਇਸ ਵੀਡੀਓ ਕਾਨਫ਼ਰੰਸ ’ਚ ਪੰਜਾਬ ਦੇ ਜ਼ੋਨ ਇੰਚਾਰਜ ਤੇ ਜ਼ਿਲਾ ਪ੍ਰਧਾਨ ਸ਼ਾਮਲ ਹੋਏ। ਇਸ ਦੌਰਾਨ ਕੋਰੋਨਾ ਮਹਾਮਾਰੀ ਦੇ ਕਾਰਨ ਸੂਬੇ ਅੰਦਰ ਵਪਾਰ ਦੀ ਮੌਜੂਦਾ ਸਥਿਤੀ ਤੇ ਵਪਾਰੀਆਂ ਨੂੰ ਆਉਣ ਵਾਲੇ ਸਮੇਂ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ’ਤੇ ਚਰਚਾ ਕੀਤੀ ਗਈ। ਚਰਚਾ ਦੌਰਾਨ ਉਨ੍ਹਾਂ ਕਿਹਾ ਕਿ ਵਪਾਰੀਆਂ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਅਤੇ ਜੇਕਰ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਅੱਗੇ ਜਾ ਕੇ ਇਹ ਹਾਲਾਤ ਹੋਰ ਵੀ ਭਿਆਨਕ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ’ਚ ਵਪਾਰੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਹੁਣ ਇਸ ਸੰਕਟ ਦੀ ਘੜੀ ਦੇ ’ਚ ਸਰਕਾਰ ਨੂੰ ਵੀ ਇਨ੍ਹਾਂ ਦੀ ਸਾਰ ਲੈਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਹਰ ਛੋਟੇ ਵੱਡੇ ਵਪਾਰੀਆਂ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਜਲਦੀ ਐਲਾਨ ਕਰੇ ਅਤੇ ਵਪਾਰੀਆਂ ਦੀਆਂ ਕਾਰੋਬਾਰੀ ਲਿਮਟਾਂ, ਲੋਨ ’ਚ ਰਾਹਤ ਦੇਣ ਦੀ ਪ੍ਰਕਿਰਿਆ ਵੀ ਬਣਾਵੇ। ਵਪਾਰੀਆਂ ਦਾ ਅਗਲੇ ਤਿੰਨ ਮਹੀਨਿਆਂ ਦੇ ਬਿਜਲੀ ਬਿੱਲ ਤੇ ਇਸ ਸਾਲ ਦਾ ਪ੍ਰਾਪਰਟੀ ਟੈਕਸ ਵੀ ਮੁਆਫ਼ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਸ ਲਾਕਡਾਊਨ ਦੇ ਕਾਰਨ ਅਤੇ ਅਗਲੇ ਦੋ ਤਿੰਨ ਸਾਲ ਤੱਕ ਲਗਭਗ ਕਾਰੋਬਾਰੀ ਚਾਹੇ ਉਹ ਦੁਕਾਨਦਾਰ ਹੈ ਜਾਂ ਇੰਡਸਟਰੀ ਬੁਰੀ ਤਰਾਂ ਪ੍ਰਭਾਵਿਤ ਹੋਣਗੇ। ਇਸ ਸਬੰਧੀ ਜਲਦੀ ਹੀ ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਵਲੋਂ ਸਰਕਾਰ ਨੂੰ ਮੰਗ ਪੱਤਰ ਵੀ ਸੌਂਪਿਆ ਜਾਵੇਗਾ।