ਵਾਹ ਨੀ ਸਰਕਾਰੇ! ਪੜ੍ਹਨ ਲਈ ਵਿਦਿਆਰਥੀ 340 ਤੇ ਅਧਿਆਪਕ ਸਿਰਫ 5
Tuesday, Jul 09, 2019 - 01:04 PM (IST)

ਫਗਵਾੜਾ (ਰੁਪਿੰਦਰ ਕੌਰ)— ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੀਆਂ ਗੱਲਾਂ ਕਰਨ ਵਾਲੀ ਅਤੇ ਪੰਜਾਬ ਦੇ ਹਰੇਕ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦੀਆਂ ਗੱਲਾਂ ਕਰਨ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੇ ਦਾਅਵਿਆਂ ਦੀ ਹਵਾ ਨਿਕਲਦੀ ਉਸ ਵਕਤ ਦਿਖਾਈ ਦਿੱਤੀ, ਜਦੋਂ 'ਜਗ ਬਾਣੀ' ਟੀਮ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਚਾਚੋਕੀ ਫਗਵਾੜਾ ਦਾ ਦੌਰਾ ਕੀਤਾ। ਇਸ ਮੌਕੇ ਦੇਖਿਆ ਗਿਆ ਕਿ ਕਲਾਸ 'ਚ ਵਿਦਿਆਰਥੀਆਂ ਦੀ ਕਾਫੀ ਭੀੜ ਲੱਗੀ ਹੋਈ ਸੀ। ਇਹ ਵੀ ਪਤਾ ਲੱਗਾ ਕਿ ਸਕੂਲ 'ਚ ਪੜ੍ਹਦੇ 340 ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਸਿਰਫ 5 ਹੀ ਅਧਿਆਪਕ ਸਨ।
ਇਸ ਸਬੰਧੀ ਗੱਲ ਕਰਨ 'ਤੇ ਸਕੂਲ ਪ੍ਰਿੰਸੀਪਲ ਰਾਣੀ ਨੇ ਦੱਸਿਆ ਕਿ ਸਕੂਲ 'ਚ ਬੱਚਿਆਂ ਨੂੰ ਪੜ੍ਹਾਉਣ ਲਈ ਪੂਰੇ ਅਧਿਆਪਕ ਨਹੀਂ ਹਨ। ਉਨ੍ਹਾਂ ਦੱਸਿਆ ਕਿ 5 ਅਧਿਆਪਕ ਅਤੇ ਵਿਦਿਆਰਥੀ ਜ਼ਿਆਦਾ ਹੋਣ ਕਾਰਨ ਹਰ ਕਲਾਸ ਨੂੰ ਦੋ-ਦੋ ਸੈਕਸ਼ਨਾਂ 'ਚ ਵੰਡਿਆ ਹੋਇਆ ਹੈ, ਜਿਸ ਕਰਕੇ ਟੋਟਲ 10 ਕਲਾਸਾਂ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਨਿਯਮਾਂ ਅਨੁਸਾਰ 30 ਬੱਚਿਆਂ ਪਿੱਛੇ ਇਕ ਅਧਿਆਪਕ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਜਬੂਰੀ 'ਚ ਦੋ ਕਲਾਸਾਂ ਨੂੰ ਇਕੱਠੀਆਂ ਲਗਾਉਣੀਆਂ ਪੈਂਦੀਆਂ ਹਨ, ਜਿਸ ਕਾਰਨ ਕਲਾਸ 'ਚ ਤੁਹਾਨੂੰ ਭੀੜ ਜਾਪ ਰਹੀ ਹੈ।
ਇਸ ਦੌਰਾਨ ਸਕੂਲ ਪ੍ਰਿੰਸੀਪਲ ਮੈਡਮ ਰਾਣੀ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਕਈ ਵਾਰ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਪਰ ਅਜੇ ਤੱਕ ਕੋਈ ਵੀ ਜਵਾਬ ਨਹੀਂ ਆਇਆ। ਉਨ੍ਹਾਂ ਕਿਹਾ ਕਿ ਕਰੀਬ ਅੱਧਾ ਸਾਲ ਬੀਤ ਚੁੱਕਾ ਹੈ ਅਤੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ।
ਮਾਪਿਆਂ ਨੇ ਸਕੂਲ ਨੂੰ ਤਾਲਾ ਲਗਾਉਣ ਦੀ ਦਿੱਤੀ ਚਿਤਾਵਨੀ
ਇਸ ਬਾਰੇ ਜਦੋਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਪੂਰੀ ਤਰ੍ਹਾਂ ਨਹੀਂ ਹੋ ਰਹੀ, ਸਕੂਲ 'ਚ ਅਧਿਆਪਕ ਨਾ ਹੋਣ ਕਰਕੇ ਬੱਚਿਆਂ ਦੀ ਪੜ੍ਹਾਈ 'ਤੇ ਮਾੜਾ ਅਸਰ ਪੈ ਰਿਹਾ ਹੈ ਕਿਉਂਕਿ ਬੱਚਿਆਂ ਨੂੰ ਉਨ੍ਹਾਂ ਦੀਆਂ ਕਲਾਸਾਂ ਦੇ ਮੁਤਾਬਕ ਉਹ ਸਮਾਂ ਨਹੀਂ ਮਿਲ ਰਿਹਾ, ਜਿਸ ਕਰਕੇ ਉਹ ਆਪਣੀ ਮੁੱਢਲੀ ਸਿੱਖਿਆ ਤੋਂ ਵਾਂਝੇ ਰਹਿ ਰਹੇ ਹਨ। ਸਕੂਲ 'ਚ ਪੜ੍ਹਦੀ ਇਕ ਵਿਦਿਆਰਥਣ ਦੀ ਮਾਤਾ ਨਿਰਮਲਾ ਦੇਵੀ ਅਤੇ ਇਕ ਵਿਦਿਆਰਥੀ ਦੇ ਪਿਤਾ ਸੁਰੇਸ਼ ਕੁਮਾਰ ਨੇ ਰੋਸ ਪ੍ਰਗਟ ਕੀਤਾ ਕਿ ਜੇ ਇਸੇ ਤਰ੍ਹਾਂ ਹੀ ਬੱਚਿਆਂ ਦੀ ਪੜ੍ਹਾਈ ਚੱਲਦੀ ਰਹੀ ਤਾਂ ਸਾਡੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਪ੍ਰਾਪਤ ਨਹੀਂ ਹੋਵੇਗੀ ਅਤੇ ਉਹ ਅੱਗੇ ਜਾ ਕੇ ਵੱਡੀਆਂ ਕਲਾਸਾਂ 'ਚ ਕਿਸ ਤਰ੍ਹਾਂ ਨਿਪੁੰਨਤਾ ਹਾਸਲ ਕਰਨਗੇ। ਇਸ ਦੌਰਾਨ ਬੱਚਿਆਂ ਦੇ ਮਾਪਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਕੂਲ 'ਚ ਹੋਰ ਅਧਿਆਪਕਾਂ ਦੀ ਨਿਯੁਕਤੀ ਨਾ ਕੀਤੀ ਤਾਂ ਉਹ ਸਕੂਲ ਨੂੰ ਤਾਲਾ ਲਾ ਕੇ ਸਿੱਖਿਆ ਵਿਭਾਗ ਤੇ ਸਰਕਾਰ ਵਿਰੁੱਧ ਧਰਨਾ ਲਾ ਕੇ ਰੋਸ ਪ੍ਰਗਟ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਹਰ ਵਾਰ ਸਰਕਾਰੀ ਸਕੂਲ ਦੇ ਬੱਚਿਆਂ ਨਾਲ ਹੀ ਕਿਉਂ ਦੋਗਲਾ ਵਿਵਹਾਰ ਹੁੰਦਾ ਹੈ ਕਿਉਂਕਿ ਕਦੀ ਤਾਂ ਇਨ੍ਹਾਂ ਦੀਆਂ ਵਰਦੀਆਂ ਨਹੀਂ ਆਉਂਦੀਆਂ, ਜੇ ਇਕ ਸਾਲ ਦੇ ਇੰਤਜ਼ਾਰ ਤੋਂ ਬਾਅਦ ਵਰਦੀਆਂ ਆਉਂਦੀਆਂ ਹੀ ਹਨ ਤਾਂ ਉਹ ਕਿਸੇ ਵੀ ਬੱਚੇ ਦੇ ਨਾਪ ਨਹੀਂ ਆਈਆਂ। ਪਿਛਲੇ ਸਾਲ ਪੂਰੀਆਂ ਸਰਦੀਆਂ ਨਿਕਲਣ ਦੇ ਬਾਅਦ ਵੀ ਬੱਚਿਆਂ ਨੂੰ ਕੋਟੀਆਂ ਨਸੀਬ ਨਹੀਂ ਹੋਈਆਂ।
ਅਧਿਆਪਕਾਂ ਦੀਆਂ ਅਸਾਮੀਆਂ ਦੀ ਪੂਰਤੀ ਹੋਣੀ ਬਹੁਤ ਜ਼ਰੂਰੀ ਹੈ। ਇਸ ਮਾਮਲੇ ਸਬੰਧੀ ਖੁਦ ਸਿੱਖਿਆ ਸਕੱਤਰ ਪੰਜਾਬ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਸੁਝਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। –ਇੰਜ. ਡੀ. ਪੀ. ਐੱਸ. ਖਰਬੰਦਾ, ਡੀ. ਸੀ.।
ਹੁਣ ਆਨ ਲਾਈਨ ਬਦਲੀਆਂ ਸ਼ੁਰੂ ਹੋ ਗਈਆਂ ਹਨ। ਇਸ ਪ੍ਰਕਿਰਿਆ 'ਚ ਅਸੀਂ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਜਲਦ ਹੀ ਪੂਰਾ ਕਰਾਂਗੇ ਕਿਉਂਕਿ ਜਿੱਥੇ ਜ਼ਿਆਦਾ ਅਧਿਆਪਕ ਹਨ ਅਤੇ ਜਿੱਥੇ ਘੱਟ ਅਧਿਆਪਕ ਹਨ ਉਨ੍ਹਾਂ ਨੂੰ ਬਰਾਬਰ ਗਿਣਤੀ 'ਚ ਰੱਖਿਆ ਜਾਵੇਗਾ। ਇਸ ਨਾਲ ਤਕਰੀਬਨ ਸਾਰੇ ਸਕੂਲਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। –ਸਤਿੰਦਰਬੀਰ ਸਿੰਘ, ਡੀ. ਈ. ਓ.।