ਕੇਂਦਰ ਨੇ 2016-17 ''ਚ ਵੀ ਬੀਮਾ ਕਰਨ ਦਾ ਐਲਾਨ ਕੀਤਾ ਸੀ, ਹੁਣ ਤਕ ਲਾਗੂ ਨਹੀਂ ਹੋਇਆ
Saturday, Feb 03, 2018 - 07:12 AM (IST)
ਜਲੰਧਰ (ਧਵਨ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਸਿਰਫ ਐਲਾਨ ਕਰਨ ਵਾਲੀ ਸਰਕਾਰ ਹੈ। ਉਨ੍ਹਾਂ ਕਿਹਾ ਕਿ 2016-17 ਦੇ ਬਜਟ 'ਚ ਵੀ ਕੇਂਦਰ ਨੇ ਪ੍ਰਤੀ ਪਰਿਵਾਰ ਇਕ ਲੱਖ ਰੁਪਏ ਦਾ ਸਿਹਤ ਬੀਮਾ ਕਰਨ ਦਾ ਐਲਾਨ ਕੀਤਾ ਸੀ ਪਰ ਉਸ ਨੂੰ ਅਜੇ ਤਕ ਲਾਗੂ ਨਹੀਂ ਕੀਤਾ ਗਿਆ। ਇਸ ਲਈ ਮੌਜੂਦਾ ਬਜਟ 'ਚ ਕੀਤੇ ਗਏ ਐਲਾਨ ਵੀ ਸਿਰਫ ਐਲਾਨ ਬਣ ਕੇ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਹੁਣ ਬਜਟ 'ਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਗਰੀਬਾਂ ਦਾ 5 ਲੱਖ ਰੁਪਏ ਦਾ ਸਿਹਤ ਬੀਮਾ ਕਰਨ ਦਾ ਐਲਾਨ ਕੀਤਾ ਹੈ। ਉਹ ਦਾਅਵਾ ਕਰ ਰਹੇ ਹਨ ਕਿ ਇਸ ਨਾਲ 10 ਕਰੋੜ ਲੋਕਾਂ ਨੂੰ ਲਾਭ ਮਿਲੇਗਾ।
ਜਾਖੜ ਨੇ ਕਿਹਾ ਕਿ ਜੇਤਲੀ ਨੂੰ ਪਹਿਲਾਂ 2016-17 ਦੇ ਬਜਟ 'ਚ 1 ਲੱਖ ਰੁਪਏ ਦਾ ਸਿਹਤ ਬੀਮਾ ਕਰਨ ਦੇ ਐਲਾਨ 'ਤੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਉਹ ਹੁਣ ਤਕ ਲਾਗੂ ਕਿਉਂ ਨਹੀਂ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਕ ਨਵਾਂ ਜੁਮਲਾ ਛੱਡ ਦਿੱਤਾ ਜਾਂਦਾ ਹੈ। ਇਕ ਸਾਲ ਬਾਅਦ ਜਦੋਂ ਕੁਝ ਵੀ ਲਾਗੂ ਨਹੀਂ ਹੋਵੇਗਾ ਤਾਂ ਉਸ ਹਾਲਤ 'ਚ ਕਾਂਗਰਸ ਉਨ੍ਹਾਂ ਤੋਂ ਸਵਾਲ ਪੁੱਛੇਗੀ ਕਿ ਬਜਟ 'ਚ ਕੀਤੇ ਗਏ ਐਲਾਨਾਂ ਨੂੰ ਕੇਂਦਰ ਕਿਉਂ ਨਹੀਂ ਲਾਗੂ ਕਰ ਸਕਿਆ ਹੈ।
ਕਾਂਗਰਸ ਨੇਤਾ ਨੇ ਕਿਹਾ ਕਿ ਅੱਜ ਹਸਪਤਾਲਾਂ 'ਚ ਇਲਾਜ ਬਹੁਤ ਮਹਿੰਗਾ ਹੋ ਚੁੱਕਾ ਹੈ। ਕੇਂਦਰ ਸਰਕਾਰ ਗਰੀਬਾਂ ਦੇ ਜ਼ਖ਼ਮਾਂ 'ਤੇ ਨਮਕ ਛਿੜਕ ਰਹੀ ਹੈ। ਐਲਾਨ ਤਾਂ ਬਹੁਤ ਹੁੰਦੇ ਹਨ ਪਰ ਉਨ੍ਹਾਂ ਨੂੰ ਵਿਵਹਾਰਕ ਤੌਰ 'ਤੇ ਲਾਗੂ ਕਰਨਾ ਹੀ ਸਰਕਾਰ ਲਈ ਚੁਣੌਤੀਪੂਰਨ ਹੋਵੇਗਾ। ਉਨ੍ਹਾਂ ਕਿਹਾ ਕਿ ਬਜਟ 'ਚ ਕਈ ਅਜਿਹੇ ਐਲਾਨ ਕੀਤੇ ਗਏ ਹਨ, ਜਿਨ੍ਹਾਂ ਨੂੰ ਵਿਵਹਾਰਕ ਤੌਰ 'ਤੇ ਲਾਗੂ ਕਰਨਾ ਸੰਭਵ ਨਹੀਂ ਹੈ।
ਜਾਖੜ ਨੇ ਕਿਹਾ ਕਿ ਪਿਛਲੇ 4 ਬਜਟਾਂ 'ਚ ਕੀਤੇ ਗਏ ਐਲਾਨਾਂ ਦੀਆਂ ਜੇਕਰ ਕਾਪੀਆਂ ਮੰਗਵਾ ਲਈਆਂ ਜਾਣ ਤਾਂ ਉਸ ਤੋਂ ਪਤਾ ਲੱਗ ਜਾਵੇਗਾ ਕਿ ਕੇਂਦਰ ਦੀ ਰਾਜਗ ਸਰਕਾਰ ਨੇ ਪੰਜਾਬ ਨੂੰ ਕੀ ਕੁਝ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਯੂ. ਪੀ. ਏ. ਸਰਕਾਰ ਦੇ 10 ਸਾਲਾਂ ਦੇ ਸ਼ਾਸਨਕਾਲ 'ਚ ਪੰਜਾਬ ਨੂੰ ਕਿੰਨੀਆਂ ਜ਼ਿਆਦਾ ਗ੍ਰਾਂਟਾਂ ਦੇ ਗੱਫੇ ਮਿਲੇ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਸਾਬਕਾ ਯੂ. ਪੀ. ਏ. ਸਰਕਾਰ ਵਲੋਂ ਦਿੱਤੀਆਂ ਗਈਆਂ ਗ੍ਰਾਂਟਾਂ ਦੇ ਕੰਮ ਹੁਣ ਵੀ ਪੰਜਾਬ 'ਚ ਚੱਲ ਰਹੇ ਹਨ।
ਹਨ।
