Punjab Budget Session : ਰਾਜਪਾਲ ਨੇ ਆਪਣੇ ਹੀ ਦਾਅਵਿਆਂ ਨੂੰ ਕੱਟਿਆ, ਨਸ਼ਿਆਂ ਬਾਰੇ ਵੀ ਨਹੀਂ ਕੀਤੀ ਕੋਈ ਗੱਲ

03/03/2023 3:56:43 PM

ਜਲੰਧਰ (ਨਰਿੰਦਰ ਮੋਹਨ) : ਪੰਜਾਬ ਵਿਧਾਨ ਸਭਾ 'ਚ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਭਾਸ਼ਣ 'ਚ ਆਪਣੇ ਹੀ ਦਾਅਵਿਆਂ ਦਾ ਖੰਡਨ ਕੀਤਾ। ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਜਾ ਕੇ ਆਏ ਰਾਜਪਾਲ ਨੇ ਸੂਬੇ 'ਚ ਨਸ਼ਿਆਂ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਸੀ ਪਰ ਅੱਜ ਆਪਣੇ ਭਾਸ਼ਣ 'ਚ ਉਨ੍ਹਾਂ ਨੇ ਇਸ ਬਾਰੇ ਕੋਈ ਚਿੰਤਾ ਪ੍ਰਗਟ ਨਹੀਂ ਕੀਤੀ। ਇਸੇ ਤਰ੍ਹਾਂ ਸਿੰਗਾਪੁਰ ਭੇਜੇ ਗਏ ਅਧਿਆਪਕਾਂ ਦੇ ਮਾਮਲੇ ਨੂੰ ਵੀ ਸਰਕਾਰ ਦੀ ਉਪਲੱਬਧੀ ਦੱਸਿਆ, ਜਦੋਂ ਕਿ ਉਨ੍ਹਾਂ ਨੇ ਵਿਦੇਸ਼ ਭੇਜੇ ਅਧਿਆਪਕਾਂ ਦੀ ਚੋਣ ਦੇ ਮਾਪਦੰਡ ਨੂੰ ਲੈ ਕੇ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਹੋਇਆ ਹੈ। ਕਰੀਬ ਇਕ ਮਹੀਨਾ ਪਹਿਲਾਂ ਰਾਜਪਾਲ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ 'ਤੇ ਸਵਾਲ ਚੁੱਕੇ ਸਨ। ਰਾਜਪਾਲ ਨੇ ਕਿਹਾ ਸੀ ਕਿ ਹੁਣ ਤਾਂ ਡਰੱਗਜ਼ ਸਕੂਲਾਂ ਤੱਕ ਵੀ ਪਹੁੰਚ ਗਿਆ ਹੈ। ਹਾਲਾਤ ਇਹ ਹਨ ਕਿ ਪਿੰਡਾਂ 'ਚ ਨਸ਼ਾ ਜਨਰਲ ਸਟੋਰਾਂ 'ਤੇ ਮਿਲਣ ਵਾਲੇ ਸਾਮਾਨ ਦੀ ਤਰ੍ਹਾਂ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਵਿਆਹ ਸਮਾਰੋਹ 'ਚ ਅਚਾਨਕ ਪਈਆਂ ਭਾਜੜਾਂ ਤੇ ਚੱਲੇ ਇੱਟਾਂ-ਪੱਥਰ, ਜਾਨ ਬਚਾਉਣ ਲਈ ਭੱਜੇ ਬਰਾਤੀ (ਤਸਵੀਰਾਂ)

ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਬੱਚਿਆਂ ਨੂੰ ਨਸ਼ੇ ਦੀ ਦਲਦਲ 'ਚ ਜਾਂਦੇ ਦੇਖ ਕੇ ਮਾਂ-ਪਿਓ ਪਰੇਸ਼ਾਨ ਹਨ। ਬੱਚੇ ਡਰੱਗਜ਼ ਮਾਫ਼ੀਆ ਦੇ ਚੁੰਗਲ 'ਚ ਫਸ ਚੁੱਕੇ ਹਨ ਅਤੇ ਉਨ੍ਹਾਂ ਨੇ ਪੰਜਾਬ ਪੁਲਸ 'ਤੇ ਵੀ ਤਿੱਖੀ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੀਡੀਆ ਦੇ ਮਾਧਿਅਮ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਪੁਲਸ ਦੇ ਕਈ ਜਵਾਨ ਵੀ ਨਸ਼ੇ ਦਾ ਆਦੀ ਹੋ ਚੁੱਕੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੇ ਅੱਜ ਆਪਣੇ ਭਾਸ਼ਣ 'ਚ ਕਿਹਾ ਕਿ ਸੂਬੇ 'ਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਨਸ਼ੇ ਦੀ ਆਦਤ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਦਿੱਤੇ ਰੁਜ਼ਗਾਰ ਨੂੰ ਨਸ਼ਾ ਸਮਾਪਤੀ ਦੇ ਨਾਲ ਜੋੜਦੇ ਹੋਏ ਰੁਜ਼ਗਾਰ ਦੇ ਅੰਕੜਿਆਂ ਨੂੰ ਵੀ ਸਰਕਾਰ ਦੀ ਪ੍ਰਾਪਤੀ ਦੇ ਰੂਪ 'ਚ ਦੱਸਿਆ। ਰਾਜਪਾਲ ਨੇ 13 ਫਰਵਰੀ ਨੂੰ ਮੁੱਖ ਮੰਤਰੀ ਨੂੰ ਇਕ ਚਿੱਠੀ ਲਿਖੀ ਸੀ, ਜਿਸ 'ਚ ਉਨ੍ਹਾਂ ਨੇ ਟ੍ਰੇਨਿੰਗ ਲਈ ਸਿੰਗਾਪੁਰ ਭੇਜੇ ਗਏ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਚੋਣ ਕਰਨ ਨੂੰ ਲੈ ਕੇ ਮਾਪਦੰਡਾਂ ਦੀ ਰਿਪੋਰਟ ਮੰਗੀ ਸੀ।

ਇਹ ਵੀ ਪੜ੍ਹੋ : ਪੰਜਾਬ Budget Session ਦੇ ਪਹਿਲੇ ਦਿਨ ਰਾਜਪਾਲ ਨੇ ਦਿੱਤਾ ਭਾਸ਼ਣ, ਗਿਣਵਾਈਆਂ ਸਰਕਾਰ ਦੀਆਂ ਪ੍ਰਾਪਤੀਆਂ

ਇਸ ਰਿਪੋਰਟ ਨੂੰ ਮੰਗਦੇ ਹੋਏ ਰਾਜਪਾਲ ਨੇ ਕਿਹਾ ਸੀ ਕਿ ਇਸ ਬਾਰੇ 'ਚ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲ ਚੁੱਕੀਆਂ ਹਨ। ਆਪਣੀ ਚਿੱਠੀ 'ਚ ਰਾਜਪਾਲ ਨੇ ਮੁੱਖ ਮੰਤਰੀ ਨੂੰ ਇਸ ਦਾ ਜਵਾਬ ਦੇਣ ਲਈ ਕਿਹਾ ਸੀ ਅਤੇ ਨਾਲ ਹੀ ਇਹ ਵੀ ਕਿਹਾ ਸੀ ਕਿ ਜੇਕਰ ਮੁੱਖ ਮੰਤਰੀ ਇਸ ਦਾ ਜਵਾਬ ਨਹੀਂ ਦਿੰਦੇ ਤਾਂ ਰਾਜਪਾਲ ਕਾਨੂੰਨੀ ਸਲਾਹ ਲੈਣਗੇ। ਦਿਲਚਸਪ ਗੱਲ ਇਹ ਹੈ ਕਿ ਪਹਿਲੇ ਦੌਰ 'ਚ 36 ਪ੍ਰਿੰਸੀਪਲਾਂ ਨੂੰ ਸਿੰਗਾਪੁਰ 'ਚ ਟ੍ਰੇਨਿੰਗ ਲਈ ਭੇਜਿਆ ਗਿਆ ਸੀ ਅਤੇ ਹੁਣ ਇਕ ਦਿਨ ਪਹਿਲਾਂ ਫਿਰ 30 ਪ੍ਰਿੰਸੀਪਲਾਂ ਨੂੰ ਸਿੰਗਾਪੁਰ 'ਚ ਟ੍ਰੇਨਿੰਗ ਲੈਣ ਲਈ ਭੇਜ ਦਿੱਤਾ ਗਿਆ ਹੈ ਪਰ ਮੁੱਖ ਮੰਤਰੀ ਨੇ ਅਜੇ ਤੱਕ ਰਾਜਪਾਲ ਵੱਲੋਂ ਮੰਗੇ ਗਏ ਪ੍ਰਸ਼ਨਾਂ ਦਾ ਜਵਾਬ ਨਹੀਂ ਦਿੱਤਾ। ਅੱਜ ਵਿਧਾਨ ਸਭਾ 'ਚ ਆਪਣੇ ਭਾਸ਼ਣ 'ਚ ਰਾਜਪਾਲ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਮੁੱਖ ਮੰਤਰੀ ਉਨ੍ਹਾਂ ਦੇ ਮੰਗੇ ਗਏ ਪ੍ਰਸ਼ਨਾਂ ਦਾ ਜਵਾਬ ਜਲਦੀ ਦੇਣਗੇ। ਉਨ੍ਹਾਂ ਨੇ ਤਲਖ਼ ਟਿੱਪਣੀ ਵੀ ਕੀਤੀ ਕਿ ਸਰਕਾਰ ਨੂੰ ਪਾਰਦਰਸ਼ਤਾ ਅਪਨਾਉਣੀ ਚਾਹੀਦੀ ਹੈ ਅਤੇ ਗੈਰ ਸੰਵਿਧਾਨਕ ਸ਼ਬਦਾਂ ਦਾ ਇਸਤੇਮਾਲ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਆਪਣੇ ਭਾਸ਼ਣ ਦੌਰਾਨ ਰਾਜਪਾਲ ਨੇ ਵਿਰੋਧੀ ਧਿਰ ਦੇ ਵਿਰੋਧ 'ਚ ਜਵਾਬ 'ਚ ਕਿਹਾ ਕਿ ਉਹ ਭਾਸ਼ਣ ਨੂੰ ਪੜ੍ਹਨ ਲਈ ਮਜਬੂਰ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News