ਜੰਮੂ-ਕਸ਼ਮੀਰ ''ਚ ਗਵਰਨਰੀ ਰੂਲ : ਸੂਬੇ ''ਚ 8ਵੀਂ ਵਾਰ ਲੱਗਾ ਰਾਜਪਾਲ ਰਾਜ

Thursday, Jun 21, 2018 - 10:08 AM (IST)

ਸ਼੍ਰੀਨਗਰ (ਮਜੀਦ, ਯੂ. ਐੱਨ.ਆਈ.)— ਪਿਛਲੇ 40 ਸਾਲਾਂ ਦੌਰਾਨ 8ਵੀਂ ਵਾਰ ਜੰਮੂ-ਕਸ਼ਮੀਰ ਵਿਚ  ਬੁੱਧਵਾਰ ਰਾਜਪਾਲ ਰਾਜ ਲਾਗੂ ਕਰ ਦਿੱਤਾ ਗਿਆ। ਮੰਗਲਵਾਰ ਭਾਜਪਾ ਨੇ ਮਹਿਬੂਬਾ ਮੁਫਤੀ ਦੀ ਅਗਵਾਈ ਵਾਲੀ ਸਰਕਾਰ ਨੂੰ ਦਿੱਤੀ ਆਪਣੀ ਹਮਾਇਤ ਵਾਪਸ ਲਈ ਸੀ, ਜਿਸ ਪਿੱਛੋਂ ਰਾਜਪਾਲ ਐੱਨ. ਐੱਨ. ਵੋਹਰਾ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਰਾਜਪਾਲ ਰਾਜ ਲਾਗੂ ਕਰਨ ਦੀ ਸਿਫਾਰਸ਼ ਕੀਤੀ ਸੀ। ਇਸ ਸਿਫਾਰਸ਼ 'ਤੇ ਅਮਲ ਕਰਦਿਆਂ ਬੁੱਧਵਾਰ ਸਵੇਰੇ ਸੂਬੇ ਵਿਚ ਰਾਜਪਾਲ ਰਾਜ ਲਾਗੂ ਹੋ ਗਿਆ। 
ਵੋਹਰਾ ਦੇ  ਕਾਰਜਕਾਲ ਦੌਰਾਨ ਹੀ ਸੂਬੇ ਵਿਚ ਚੌਥੀ ਵਾਰ ਰਾਜਪਾਲ ਦਾ ਰਾਜ ਲੱੱਗਾ ਹੈ। ਸੂਬੇ ਵਿਚ ਪਹਿਲੀ ਵਾਰ 26 ਮਾਰਚ 1977 ਨੂੰ  ਰਾਜਪਾਲ ਰਾਜ ਲਾਗੂ ਹੋਇਆ ਸੀ ਜੋ 105 ਦਿਨ ਜਾਰੀ ਰਿਹਾ। ਉਸ ਤੋਂ ਬਾਅਦ ਹੋਈਆਂ ਚੋਣਾਂ ਵਿਚ ਫਾਰੂਖ ਅਬਦੁੱਲਾ ਦੀ ਅਗਵਾਈ ਵਿਚ ਸਰਕਾਰ ਬਣੀ ਜੋ 5 ਸਾਲ ਚੱਲੀ। 
ਦੂਜੀ  ਵਾਰ 6 ਮਾਰਚ 1986 ਨੂੰ ਸੂਬੇ ਵਿਚ ਰਾਜਪਾਲ ਰਾਜ ਲਾਗੂ ਹੋਇਆ ਜੋ 246 ਦਿਨ ਚਲਿਆ। ਉਦੋਂ ਕਾਂਗਰਸ ਨੇ ਜੀ. ਐੱਮ. ਸ਼ਾਹ ਦੀ ਸਰਕਾਰ ਨੂੰ ਦਿੱਤੀ ਹਮਾਇਤ ਵਾਪਸ ਲੈ ਲਈ ਸੀ। 
ਤੀਜੀ ਵਾਰ ਰਾਜਪਾਲ ਰਾਜ 19 ਜਨਵਰੀ 1990 ਨੂੰ ਲੱਗਾ ਜੋ 6 ਸਾਲ 264 ਦਿਨ ਤੱਕ ਰਿਹਾ। ਉਦੋਂ ਫਾਰੂਕ ਅਬਦੁੱਲਾ ਨੇ ਜਗਮੋਹਨ ਨੂੰ ਸੂਬੇ ਦਾ ਰਾਜਪਾਲ ਨਿਯੁਕਤ ਕੀਤੇ ਜਾਣ ਵਿਰੁੱਧ ਅਸਤੀਫਾ ਦਿੱਤਾ ਸੀ। 1996 ਵਿਚ ਹੋਈਆਂ ਚੋਣਾਂ ਦੌਰਾਨ ਫਾਰੂਕ ਦੀ ਅਗਵਾਈ ਵਿਚ ਸਰਕਾਰ ਬਣੀ ਸੀ। 
ਚੌਥੀ ਵਾਰ ਸਿਰਫ 15 ਦਿਨ ਲਈ ਰਾਜਪਾਲ ਰਾਜ ਲਾਗੂ ਹੋਇਆ ਸੀ। 18 ਅਕਤੂਬਰ 2002 ਤੋਂ ਲੈ ਕੇ 15 ਦਿਨ ਤੱਕ ਰਾਜਪਾਲ ਰਾਜ ਰਿਹਾ। ਉਸ ਪਿੱਛੋਂ ਮੁਫਤੀ ਮੁਹੰਮਦ ਸਈਦ ਨੂੰ ਕਾਂਗਰਸ ਅਤੇ ਆਜ਼ਾਦ ਵਿਧਾਇਕਾਂ ਨੇ ਆਪਣੀ ਹਮਾਇਤ ਦੇ ਦਿੱਤੀ ਅਤੇ ਗੱਠਜੋੜ ਸਰਕਾਰ ਬਣ ਗਈ।
ਪੰਜਵੀਂ ਵਾਰ ਰਾਜਪਾਲ ਰਾਜ 11 ਜੁਲਾਈ 2008 ਨੂੰ ਲੱਗਾ ਜੋ 178 ਦਿਨ ਰਿਹਾ।  ਉਸ ਸਮੇਂ ਗੁਲਾਮ ਨਬੀ ਆਜ਼ਾਦ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੱਤਾ ਵਿਚ ਸੀ ਪਰ ਅਮਰਨਾਥ ਜ਼ਮੀਨੀ ਵਿਵਾਦ ਕਾਰਨ ਪੀ. ਡੀ. ਪੀ. ਨੇ ਹਮਾਇਤ ਵਾਪਸ ਲੈ ਲਈ ਅਤੇ ਰਾਜਪਾਲ ਰਾਜ ਲਾਗੂ ਕਰਨਾ ਪਿਆ। ਬਾਅਦ ਵਿਚ ਉਮਰ ਅਬਦੁੱਲਾ ਦੀ ਅਗਵਾਈ ਵਿਚ 5 ਜਨਵਰੀ 2009 ਨੂੰ ਨੈਸ਼ਨਲ ਕਾਨਫਰੰਸ ਦੀ ਅਗਵਾਈ ਹੇਠ ਸੂਬੇ ਵਿਚ ਸਰਕਾਰ ਬਣੀ। 
ਛੇਵੀਂ ਵਾਰ 9 ਜਨਵਰੀ 2015 ਨੂੰ ਹੰਗ ਵਿਧਾਨ ਸਭਾ ਬਣਨ ਕਾਰਨ ਰਾਜਪਾਲ ਰਾਜ ਲਾਗੂ ਕਰਨਾ ਪਿਆ। ਬਾਅਦ ਵਿਚ ਪੀ. ਡੀ. ਪੀ.ਅਤੇ ਭਾਜਪਾ ਦਾ ਗੱਠਜੋੜ ਹੋਇਆ ਅਤੇ ਮੁਫਤੀ ਮੁਹੰਮਦ ਸਈਦ ਦੀ ਅਗਵਾਈ ਵਿਚ 1 ਮਾਰਚ 2015 ਨੂੰ ਸੂਬੇ ਵਿਚ ਨਵੀਂ ਸਰਕਾਰ ਬਣੀ। 
ਸੱਤਵੀਂ ਵਾਰ 8 ਜਨਵਰੀ 2016 ਨੂੰ ਰਾਜਪਾਲ ਰਾਜ ਲਾਗੂ ਕਰਨਾ ਪਿਆ। ਮੁਫਤੀ ਮੁਹੰਮਦ ਸਈਦ ਦੀ ਮੌਤ ਪਿੱਛੋਂ ਨਾ ਤਾਂ ਭਾਜਪਾ ਅਤੇ ਨਾ ਹੀ ਪੀ. ਡੀ. ਪੀ. ਨੇ ਸਰਕਾਰ ਬਣਾਈ, ਜਿਸ ਕਾਰਨ ਰਾਜਪਾਲ ਰਾਜ ਲਾਗੂ ਕਰਨਾ ਪਿਆ ਜੋ 87 ਦਿਨ ਤੱਕ ਜਾਰੀ ਰਿਹਾ।  ਬਾਅਦ ਵਿਚ ਦੋਵਾਂ ਪਾਰਟੀਆਂ ਵਿਚ ਸਹਿਮਤੀ ਬਣੀ ਅਤੇ ਮਹਿਬੂਬਾ ਮੁਫਤੀ ਦੀ ਅਗਵਾਈ ਹੇਠ ਭਾਜਪਾ-ਪੀ. ਡੀ. ਪੀ. ਸਰਕਾਰ ਦਾ ਗਠਨ ਕੀਤਾ ਗਿਆ। ਅੱਠਵੀਂ ਵਾਰ ਰਾਜਪਾਲ ਦਾ ਰਾਜ 20 ਜੂਨ 2018 ਨੂੰ ਲਾਗੂ ਕੀਤਾ ਗਿਆ।

PunjabKesari
ਪੀ. ਡੀ. ਪੀ. ਦੇ 4 ਵਿਧਾਇਕ ਮਿਲੇ ਉਮਰ ਨੂੰ
ਜੰਮੂ-ਕਸ਼ਮੀਰ ਵਿਚ ਭਾਜਪਾ ਅਤੇ ਪੀ. ਡੀ. ਪੀ. ਦਰਮਿਆਨ ਗੱਠਜੋੜ ਟੁੱਟਣ ਪਿੱਛੋਂ ਸਿਆਸੀ ਜੋੜ-ਤੋੜ ਸ਼ੁਰੂ ਹੋ ਗਿਆ ਹੈ। ਪੀ. ਡੀ. ਪੀ. ਦੇ 4 ਵਿਧਾਇਕਾਂ ਵਲੋਂ ਨੈਸ਼ਨਲ ਕਾਨਫਰੰਸ ਦੇ ਮੁਖੀ ਉਮਰ ਅਬਦੁੱਲਾ ਨਾਲ ਮੁਲਾਕਾਤ ਕੀਤੇ ਜਾਣ ਦੀਆਂ ਖਬਰਾਂ ਹਨ। ਦੱਸਿਆ ਜਾਂਦਾ ਹੈ ਕਿ ਉਕਤ ਵਿਧਾਇਕ ਮਹਿਬੂਬਾ ਮੁਫਤੀ ਨਾਲ ਨਾਰਾਜ਼ ਦੱਸੇ ਜਾਂਦੇ ਹਨ ਪਰ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਅਜਿਹੀ ਕੋਈ ਮੁਲਾਕਾਤ ਨਹੀਂ ਹੋਈ। ਜਿਨ੍ਹਾਂ 4 ਵਿਧਾਇਕਾਂ ਵਲੋਂ ਉਮਰ ਨਾਲ ਮੁਲਾਕਾਤ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ, ਉਨ੍ਹਾਂ ਵਿਚ ਅਬਦੁਲ ਹੱਕ ਖਾਨ, ਹਸੀਬ ਦਰਾਬੂ, ਮਜੀਦ ਪਡਰ ਅਤੇ ਚੌਧਰੀ ਕਮਰ ਸ਼ਾਮਲ ਹਨ। 

PunjabKesari

ਫੌਜ 'ਤੇ ਸਿਆਸੀ ਫੇਰਬਦਲ ਦਾ ਕੋਈ ਅਸਰ ਨਹੀਂ : ਜਨਰਲ ਰਾਵਤ
ਫੌਜ ਮੁਖੀ ਜਨਰਲ ਰਾਵਤ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਵਿਚ ਫੌਜ ਦੇ ਕੰਮ 'ਚ ਕਿਸੇ ਤਰ੍ਹਾਂ ਦੀ ਸਿਆਸੀ ਦਖਲਅੰਦਾਜ਼ੀ ਨਹੀਂ ਹੁੰਦੀ ਅਤੇ ਸੂਬੇ 'ਚ ਰਾਜਪਾਲ ਸ਼ਾਸਨ ਲਾਗੂ ਹੋਣ ਮਗਰੋਂ ਵੀ ਫੌਜੀ ਆਪ੍ਰੇਸ਼ਨ ਪਹਿਲਾਂ ਵਾਂਗ ਚਲਾਏ ਜਾਂਦੇ ਰਹਿਣਗੇ। 
ਜਨਰਲ ਰਾਵਤ ਨੇ ਫੌਜੀਆਂ ਦੀ ਭਲਾਈ ਸਬੰਧੀ ਇਥੇ ਆਯੋਜਿਤ ਇਕ ਪ੍ਰੋਗਰਾਮ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ 'ਚ ਕਿਹਾ, ''ਕਸ਼ਮੀਰ 'ਚ ਫੌਜ ਦੇ ਆਪ੍ਰੇਸ਼ਨ ਅਜੇ ਵੀ ਚੱਲ ਰਹੇ ਹਨ। ਰਮਜ਼ਾਨ ਦੌਰਾਨ ਇਕ ਮਹੀਨੇ ਲਈ ਮੁਹਿੰਮਾਂ ਨੂੰ ਰੋਕਿਆ ਗਿਆ ਸੀ ਤਾਂ ਕਿ ਲੋਕ ਚੰਗੇ ਮਾਹੌਲ ਵਿਚ ਇਹ ਤਿਉਹਾਰ ਮਨਾ ਸਕਣ ਪਰ ਇਨ੍ਹਾਂ ਦਿਨਾਂ 'ਚ ਵੀ  ਅੱਤਵਾਦੀ ਆਪਣੀਆਂ ਹਰਕਤਾਂ ਨੂੰ ਅੰਜਾਮ ਦਿੰਦੇ ਰਹੇ। ਇਸੇ ਨੂੰ ਦੇਖਦੇ ਹੋਏ ਮੁਹਿੰਮਾਂ 'ਤੇ ਰੋਕ ਦੇ ਫੈਸਲੇ ਦੀ ਮਿਆਦ ਨਹੀਂ ਵਧਾਈ ਗਈ ਅਤੇ ਫੌਜ ਦੇ ਆਪ੍ਰੇਸ਼ਨ ਪਹਿਲਾਂ ਵਾਂਗ ਹੀ ਚਲਦੇ ਰਹਿਣਗੇ।'' ਉਨ੍ਹਾਂ ਕਿਹਾ ਕਿ ਫੌਜ ਬੜੇ ਸਖਤ ਨਿਯਮਾਂ ਅਤੇ ਪ੍ਰਬੰਧਾਂ ਦੇ ਤਹਿਤ ਕੰਮ ਕਰਦੀ ਹੈ। ਇਸ ਲਈ ਸੂਬੇ 'ਚ ਸਿਆਸੀ ਫੇਰਬਦਲ ਕਾਰਨ ਫੌਜ ਦੇ ਕੰਮ 'ਚ ਕੋਈ ਤਬਦੀਲੀ ਨਹੀਂ ਹੁੰਦੀ। 

PunjabKesari
ਦੀਪੇਂਦਰ ਹੁੱਡਾ ਹੋਣਗੇ ਨਵੇਂ ਰਾਜਪਾਲ!
ਜੰਮੂ-ਕਸ਼ਮੀਰ ਦੇ ਰਾਜਪਾਲ ਐੱਨ. ਐੱਨ. ਵੋਹਰਾ ਦਾ ਕਾਰਜਕਾਲ ਭਾਵੇਂ ਅਗਲੇ ਹਫਤੇ ਖਤਮ ਹੋ ਰਿਹਾ ਹੈ ਪਰ ਸ਼੍ਰੀ ਅਮਰਨਾਥ ਯਾਤਰਾ ਪੂਰੀ ਹੋਣ ਤੱਕ ਉਹ ਆਪਣੇ ਅਹੁਦੇ 'ਤੇ ਟਿਕੇ ਰਹਿਣਗੇ। ਉਸ ਤੋਂ ਬਾਅਦ ਲੈਫਟੀਨੈਂਟ ਜਨਰਲ (ਸੇਵਾਮੁਕਤ) ਦੀਪੇਂਦਰ ਸਿੰਘ ਹੁੱਡਾ ਨੂੰ ਸੂਬੇ ਦਾ ਨਵਾਂ ਰਾਜਪਾਲ ਬਣਾਇਆ ਜਾ ਸਕਦਾ ਹੈ। ਹੁੱਡਾ ਦੀ ਨਿਗਰਾਨੀ ਵਿਚ ਹੀ ਸਰਜੀਕਲ ਸਟ੍ਰਾਈਕ ਹੋਈ ਸੀ।
ਸੁਬਰਾਮਨੀਅਮ ਹੋਣਗੇ ਮੁੱਖ ਸਕੱਤਰ!
ਛੱਤੀਸਗੜ੍ਹ ਕੇਡਰ ਦੇ ਸੀਨੀਅਰ  ਆਈ. ਏ. ਐੱਸ. ਅਧਿਕਾਰੀ ਬੀ. ਵੀ. ਆਰ. ਸੁਬਰਾਮਨੀਅਮ ਨੂੰ ਜੰਮੂ-ਕਸਮੀਰ ਦਾ ਨਵਾਂ ਮੁੱਖ ਸਕੱਤਰ ਬਣਾਏ ਜਾਣ ਦੀ ਸੰਭਾਵਨਾ ਹੈ। ਉਹ ਮੌਜੂਦਾ ਮੁੱਖ ਸਕੱਤਰ ਬੀ. ਬੀ. ਵਿਆਸ ਦੀ ਥਾਂ ਲੈ ਸਕਦੇ ਹਨ। ਸੁਬਰਾਮਨੀਅਮ ਇਸ ਸਮੇਂ ਛੱਤੀਸਗੜ੍ਹ ਦੇ ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਹਨ।


Related News