ਸਕੱਤਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਜ਼ਿਲਾ ਸਿੱਖਿਆ ਅਧਿਕਾਰੀ ਨੇ ਕੀਤਾ ਜੁਆਇਨ

Saturday, Feb 03, 2018 - 01:24 PM (IST)

ਸਕੱਤਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਜ਼ਿਲਾ ਸਿੱਖਿਆ ਅਧਿਕਾਰੀ ਨੇ ਕੀਤਾ ਜੁਆਇਨ

ਜਲੰਧਰ (ਪਾਂਡੇ)— ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਾਂਸਾਸੀ ਅੰਮ੍ਰਿਤਸਰ ਦੇ ਪ੍ਰਿੰਸੀਪਲ ਸਤਨਾਮ ਸਿੰਘ ਬਾਠ ਨੇ ਅੰਮ੍ਰਿਤਸਰ ਤੋਂ ਆਏ ਭਾਰੀ ਸਮਰਥਕਾਂ ਦੀ ਮੌਜੂਦਗੀ ਵਿਚ ਸਕੱਤਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਜ਼ਿਲਾ ਸਿੱਖਿਆ ਅਧਿਕਾਰੀ ਜਲੰਧਰ ਦੇ ਰੂਪ ਵਿਚ ਜੁਆਇਨ ਕੀਤਾ ਹੈ। ਇਸ ਦੌਰਾਨ ਅੰਮ੍ਰਿਤਸਰ ਦੇ ਕਈ ਸਕੂਲਾਂ ਦੇ ਅਧਿਆਪਕ ਸ਼ਾਮਲ ਹੋਏ। ਪਿਛਲੇ ਦਿਨੀਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਹੁਕਮ ਜਾਰੀ ਕੀਤੇ ਸਨ ਕਿ ਡਿਊਟੀ ਟਾਈਮ ਦੌਰਾਨ ਸਕੂਲਾਂ ਵਿਚ ਪੜ੍ਹਾਉਣ ਵਾਲੇ ਅਧਿਆਪਕ ਜੁਆਇਨ ਕਰਵਾਉਣ, ਵਿਦਾਇਗੀ ਪਾਰਟੀਆਂ ਜਾਂ ਡੀ. ਈ. ਓ. ਆਫਿਸ ਵਿਚ ਕੰਮ ਕਰਨ ਲਈ ਨਹੀਂ ਆ ਸਕਦਾ। ਕ੍ਰਿਸ਼ਨ ਕੁਮਾਰ ਨੇ ਸਕੂਲ ਹੈੱਡ ਨੂੰ ਦਿੱਤੇ ਹੁਕਮਾਂ ਵਿਚ ਹਦਾਇਤ ਕੀਤੀ ਹੈ ਕਿ ਸਕੂਲ ਸਮੇਂ ਦੌਰਾਨ ਕਿਸੇ ਵੀ  ਅਧਿਆਪਕ ਨੂੰ ਛੁੱਟੀ ਦੇ ਕੇ ਜ਼ਿਲਾ ਦਫਤਰ ਵਿਚ ਨਾ ਭੇਜਿਆ ਜਾਵੇ ਪਰ ਸਕੱਤਰ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਸਤਨਾਮ ਸਿੰਘ ਨਾਲ ਅੰਮ੍ਰਿਤਸਰ ਤੋਂ ਅਧਿਆਪਕ ਅਤੇ ਅਧਿਆਪਕਾਵਾਂ ਦੁਪਹਿਰ 12 ਵਜੇ ਦੇ ਕਰੀਬ ਜਲੰਧਰ ਪਹੁੰਚੇ।

PunjabKesari
ਇਸ ਸਬੰਧੀ ਡੀ. ਈ. ਓ. ਸਤਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਲੋਕ ਜੁਆਇਨ ਕਰਵਾਉਣ ਆਏ ਸਨ, ਉਨ੍ਹਾਂ ਵਿਚ ਜ਼ਿਆਦਾਤਰ ਉਨ੍ਹਾਂ ਦੇ ਰਿਸ਼ਤੇਦਾਰ ਸਨ ਅਤੇ ਜੋ ਅਧਿਆਪਕ, ਕਰਮਚਾਰੀ ਆਏ ਵੀ ਸਨ, ਉਹ ਵੀ ਛੁੱਟੀ ਲੈ ਕੇ। ਇਸ ਮੌਕੇ ਡਿਪਟੀ ਡੀ. ਈ. ਓ. ਅਨਿਲ ਅਵਸਥੀ, ਡਿਪਟੀ ਡੀ. ਈ. ਓ. ਗੁਰਪ੍ਰੀਤ ਕੌਰ, ਜ਼ਿਲਾ ਸਾਇੰਸ ਸੁਪਰਵਾਈਜ਼ਰ ਬਲਜਿੰਦਰ ਸਿੰਘ, ਈ. ਏ. ਓ. ਹਰਵਿੰਦਰਪਾਲ ਸਿੰਘ ਕੋਟ ਬਾਬਾ ਦੀਪ ਸਿੰਘ, ਅੰਮ੍ਰਿਤਸਰ ਦੇ ਅਧਿਆਪਕ ਸੁਖਦੇਵ ਸਿੰਘ ਰਾਜਾਸਾਂਸੀ ਤੇ ਅਧਿਆਪਕ ਅਮਨਪ੍ਰੀਤ ਸਿੰਘ ਤੋਂ ਇਲਾਵਾ ਟੀਚਰ ਅਤੇ ਮੋਹਤਬਰ ਸ਼ਾਮਲ ਹੋਏ।


Related News