ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਏ 12ਵੀਂ ਦੇ ਨਤੀਜਿਆਂ ''ਤੇ ਸਿੱਖਿਆ ਮੰਤਰੀ ਦਾ ਪਹਿਲਾ ਬਿਆਨ

Tuesday, Jul 21, 2020 - 09:13 PM (IST)

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਏ 12ਵੀਂ ਦੇ ਨਤੀਜਿਆਂ ''ਤੇ ਸਿੱਖਿਆ ਮੰਤਰੀ ਦਾ ਪਹਿਲਾ ਬਿਆਨ

ਲੁਧਿਆਣਾ/ਮੁਹਾਲੀ (ਵਿੱਕੀ, ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੰਗਲਵਾਰ ਨੂੰ ਸਭ ਤੋਂ ਵਧੀਆ ਕਾਰਗੁਜ਼ਾਰੀ ਵਿਸ਼ਾ ਫਾਰਮੂਲੇ ਦੇ ਆਧਾਰ 'ਤੇ ਬਾਰਵੀਂ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਕੋਵਿਡ-19 ਸ਼ੁਰੂ ਹੋਣ ਤੋਂ ਪਹਿਲਾਂ 2,86,378 ਵਿਦਿਆਰਥੀਆਂ ਨੇ ਇਹ ਇਮਤਿਹਾਨ ਦਿੱਤਾ ਜਿਨ੍ਹਾਂ ਵਿਚੋਂ 2,60,547 ਵਿਦਿਆਰਥੀ (90.98 ਫੀਸਦੀ) ਪਾਸ ਹੋਏ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਲਗਾਤਾਰ ਦੂਜੇ ਸਾਲ ਸਰਕਾਰੀ ਸਕੂਲਾਂ ਦਾ ਨਤੀਜੇ ਐਫਿਲੀਏਟਡ ਅਤੇ ਐਸੋਸੀਏਟਿਡ ਸਕੂਲਾਂ ਨਾਲੋਂ ਵਧੀਆ ਰਿਹਾ ਹੈ। ਸਰਕਾਰੀ ਸਕੂਲਾਂ ਦੀ ਪਾਸ ਫ਼ੀਸਦੀ 94.32 ਫੀਸਦੀ ਰਹੀ ਹੈ ਜਦਕਿ ਐਫਿਲੀਏਟਿਡ ਸਕੂਲਾਂ ਦੀ 91.84 ਫ਼ੀਸਦੀ ਅਤੇ ਐਸੋਸੀਏਟਿਡ ਸਕੂਲਾਂ ਦੀ 87.04 ਫ਼ੀਸਦੀ ਰਹੀ ਹੈ। ਉਨ੍ਹਾਂ ਦੱਸਿਆ ਕਿ 92.77 ਫ਼ੀਸਦੀ ਰੈਗੂਲਰ ਵਿਦਿਆਰਥੀਆਂ ਨੇ ਇਹ ਇਮਤਿਹਾਨ ਪਾਸ ਕੀਤਾ ਹੈ।

ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਸਾਲ ਦਰ ਸਾਲ ਸ਼ਾਨਦਾਰ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਅਸੀਂ ਬੋਰਡ ਦੇ ਇਮਤਿਹਾਨਾਂ ਵਿਚ ਪਾਸ ਫ਼ੀਸਦੀ 'ਚ ਵਾਧਾ ਦਰਜ ਕੀਤਾ ਹੈ। ਉਨਾਂ ਕਿਹਾ ਕਿ ਸਾਲ 2017 ਵਿਚ ਬਾਰਵੀਂ ਦੀ ਪਾਸ ਫ਼ੀਸਦੀ 63 ਫ਼ੀਸਦੀ ਤੋਂ ਵੀ ਘੱਟ ਸੀ ਜਦ ਕਿ 2018 ਵਿਚ ਇਹ ਵਧ ਕੇ 65.97 ਫ਼ੀਸਦੀ ਹੋ ਗਈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 2019 ਵਿਚ ਨਤੀਜੇ 86.41 ਫ਼ੀਸਦੀ ਸਨ ਜੋ ਕਿ ਪਿਛਲੇ ਸਾਲਾਂ ਨਾਲੋਂ ਵੱਧ ਸਨ। ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਕੁੱਝ ਵਿਸ਼ਿਆਂ ਦਾ ਇਮਤਿਹਾਨ ਰੱਦ ਕੀਤਾ ਗਿਆ ਸੀ ਅਤੇ ਪੀ.ਐੱਸ.ਈ.ਬੀ. ਨੇ ਵਧੀਆ ਕਾਰਗੁਜ਼ਾਰੀ ਵਿਸ਼ਾ ਫਾਰਮੂਲਾ ਨੂੰ ਅਪਣਾਇਆ। ਇਸ ਫਰਮੂਲੇ ਦੀ ਵਿਸਤ੍ਰਤ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਜੇ ਕੋਈ ਵਿਦਿਆਰਥੀ ਚਾਰ ਵਿਸ਼ਿਆਂ ਦੇ ਇਮਤਿਹਾਨ ਵਿਚ ਬੈਠਦਾ ਹੈ ਤਾਂ ਉਸ ਦੇ ਸਭ ਤੋਂ ਵਧੀਆ ਤਿੰਨ ਵਿਸ਼ਿਆਂ ਦੇ ਅੰਕਾਂ ਦੀ ਔਸਤ ਦੇ ਆਧਾਰ 'ਤੇ ਰੱਦ ਵਿਸ਼ੇ ਦਾ ਨੰਬਰ ਦਿੱਤੇ ਜਾਂਦੇ ਹਨ।

ਸਿੰਗਲਾ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਇਕ ਤੋਂ ਵੱਧ ਵਿਸ਼ਿਆਂ ਲਈ ਡਵੀਜ਼ਨ 'ਚ ਸੁਧਾਰ ਕਰਨ ਦੇ ਇਰਾਦੇ ਨਾਲ ਇਮਤਿਹਾਨ ਵਿਚ ਬੈਠੇ ਸਨ, ਉਨ੍ਹਾਂ 'ਤੇ ਵੀ ਇਹੋ ਫਾਰਮੂਲਾ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਪਾਰਮੈਂਟ ਦੇ ਆਖਰੀ ਮੌਕੇ ਵਾਲੇ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਵੱਲੋਂ ਪਹਿਲਾਂ ਪਾਸ ਕੀਤੇ ਵਿਸ਼ਿਆਂ ਦੇ ਆਧਾਰ 'ਤੇ ਪਾਸ ਐਲਾਨਿਆ ਗਿਆ ਹੇ। ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਜਿਹੜੇ ਵਿਦਿਆਰਥੀਆਂ ਨੇ ਸਿਰਫ਼ ਇਕ ਵਿਸ਼ੇ ਦੀ ਇੰਪਰੂਵਮੈਂਟ ਜਾਂ ਵਾਧੂ ਵਿਸ਼ੇ ਲਈ ਦਾਖਲਾ ਭਰਿਆ ਸੀ, ਉਨ੍ਹਾਂ ਦਾ ਨਤੀਜਾ ਨਹੀਂ ਐਲਾਨਿਆ ਗਿਆ। ਉਨ੍ਹਾਂ ਨੂੰ ਸਥਿਤੀ ਆਮ ਵਰਗੀ ਹੋਣ ਤੋਂ ਬਾਅਦ ਇਮਤਿਹਾਨ ਵਿਚ ਬੈਠਣ ਲਈ ਹੋਰ ਮੌਕਾ ਦਿੱਤਾ ਜਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਦਿਹਾਤੀ ਇਲਾਕਿਆਂ ਨਾਲ ਸਬੰਧਤ ਵਿਦਿਆਰਥੀਆਂ ਦੀ ਪਾਸ ਫ਼ੀਸਦੀ ਸ਼ਹਿਰੀ ਇਲਾਕਿਆਂ ਦੇ ਵਿਦਿਆਰਥੀਆਂ ਨਾਲੋਂ ਵੱਧ ਰਹੀ ਹੈ। ਇਹ ਕ੍ਰਮਵਾਰ 93.39 ਫੀਸਦੀ ਅਤੇ 91.26 ਫ਼ੀਸਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਬਾਰਵੀਂ ਦੀ ਓਪਨ ਸਕੂਲ ਸ਼੍ਰੇਣੀ ਵਿਚ 68.26 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ।


author

Gurminder Singh

Content Editor

Related News