ਮੁੱਖ ਮੰਤਰੀ ਸਮੇਤ ਉਸ ਦੇ ਸਾਥੀਆਂ ਨੂੰ ਪੰਜਾਬ ਦੇ ਲੋਕਾਂ ਅੱਗੇ ਜਵਾਬਦੇਹ ਬਣਾਉਣਾ ਬੇਹੱਦ ਜ਼ਰੂਰੀ - ਢੀਂਡਸਾ

Wednesday, May 13, 2020 - 09:03 PM (IST)

ਸੰਗਰੂਰ,(ਸਿੰਗਲਾ)- ਪਿਛਲੇ ਦਿਨਾਂ ਤੋਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਜਿਸ ਤਰ੍ਹਾਂ ਦੇ ਸਵਾਲ ਉਠਣੇ ਸ਼ੁਰੂ ਹੋਏ ਹਨ। ਉਸ ਨੇ ਸਰਕਾਰ ਨੂੰ ਕਟਿਹਰੇ 'ਚ ਲਿਆ ਕੇ ਖੜਾ ਕਰ ਦਿੱਤਾ ਹੈ। ਇਸ ਸਮੇਂ ਜਿੱਥੇ ਸੂਬੇ ਵਿੱਚ ਅਫਸਰਸ਼ਾਹੀ ਦਾ ਬੋਲਬਾਲਾ ਹੈ, ਉੱਥੇ ਸਰਕਾਰੀ ਧਿਰ 'ਤੇ ਬਹੁਤੇ ਸਿਆਸਤਦਾਨ ਵੀ ਮੌਕਾਪ੍ਰਾਸਤੀ ਦੀ ਖੇਡ ਖੇਡਦੇ ਦਿਖਾਈ ਦੇ ਰਹੇ ਹਨ। ਅਜਿਹੀ ਸਥਿਤੀ ਨੇ ਪੰਜਾਬੀਆਂ ਅੰਦਰ ਵੱਡੀ ਨਿਰਾਸ਼ਾ ਪੈਦਾ ਕੀਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਤੇ ਸਾਬਕਾ ਕੇਂਦਰੀ ਮੰਤਰੀ ਭਾਰਤ ਸਰਕਾਰ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਤੋਂ ਸ਼ਰਾਬ ਦੀ ਨੀਤੀ ਸਬੰਧੀ ਜੋ ਵਿਵਾਦ ਚੱਲ ਰਿਹਾ ਹੈ, ਉਹ ਬੇਹੱਦ ਮੰਦਭਾਗਾ ਹੈ।

ਇਸ ਤੋਂ ਲੱਗਦਾ ਹੈ ਕਿ ਅੱਜ ਬਹੁਤੇ ਸਿਆਸਤਦਾਨਾਂ ਦੀਆਂ ਸਦਾਚਾਰਕ ਕਦਰਾਂ ਕੀਮਤਾਂ ਗੁਆਚ ਚੁੱਕੀਆਂ ਹਨ। ਤਾਲਾਬੰਦੀ ਦੇ ਸਮੇਂ ਦੌਰਾਨ ਜਿਸ ਤਰ੍ਹਾਂ ਸਰਕਾਰੀ ਮਿਲੀਭੁਗਤ ਨਾਲ ਸ਼ਰਾਬ ਵਿਕਦੀ ਰਹੀ ਹੈ, ਉਸ ਨੇ ਜਿੱਥੇ ਸਰਕਾਰੀ ਖਜ਼ਾਨੇ ਨੂੰ ਹੋਰ ਖੋਰਾ ਲਗਾਇਆ ਹੈ, ਉੱਥੇ ਅਜਿਹੀਆਂ ਪਰੰਪਰਾਵਾਂ ਨੂੰ ਜਨਮ ਦਿੱਤਾ ਹੈ, ਜੋ ਲੋਕਾਂ ਲਈ ਮਾੜੀਆਂ ਉਦਾਹਰਨਾਂ ਬਣਕੇ ਸਾਹਮਣੇ ਆਉਂਦੀਆਂ ਰਹਿਣਗੀਆਂ। ਢੀਂਡਸਾ ਨੇ ਕਿਹਾ ਕਿ ਅੱਜ ਜਿਹੜੇ ਸਿਆਸਤਦਾਨ ਇਨ੍ਹਾਂ ਕਾਲਿਆਂ ਧੰਦਿਆਂ ਵਿੱਚ ਗਲਤ ਰਹੇ ਹਨ। ਉਨ੍ਹਾਂ ਵੱਲੋਂ ਸਰਕਾਰੀ ਤੰਤਰ 'ਤੇ ਉਂਗਲੀਆਂ ਉਠਾਈਆਂ ਜਾਣ ਨਾਲ ਇਸ ਤੰਤਰ ਅੰਦਰਲੀ ਅਤਿ ਵਿਗੜੀ ਹਾਲਤ ਦਾ ਪਤਾ ਸਹਿਜੇ ਹੀ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾ ਹੀ ਅਨੇਕਾਂ ਕਾਰਨਾਂ ਕਰਕੇ ਢੰਹਿਦੀਆਂ ਕਲਾਂ ਵਿੱਚ ਜਾਂਦਾ ਨਜ਼ਰ ਆਉਂਦਾ ਰਿਹਾ ਹੈ ਪਰ ਹੁਣ ਸਰਕਾਰੀ ਕਾਰਗੁਜ਼ਾਰੀ ਨੇ ਇਸਦਾ ਸਾਹ ਸੱਥ ਹੀ ਸੂਤ ਲਿਆ ਲੱਗਦਾ ਹੈ। ਬਿਨਾਂ ਸ਼ੱਕ ਇਸਦਾ ਇਹ ਹੀ ਕਾਰਨ ਹੈ ਕਿ ਅੱਜ ਸੂਬੇ ਦਾ ਮੁੱਖ ਮੰਤਰੀ ਕਟਹਿਰੇ ਵਿੱਚ ਖੜਾ ਦਿਖਾਈ ਦੇ ਰਿਹਾ ਹੈ।

ਢੀਂਡਸਾ ਨੇ ਕਿਹਾ ਕਿ ਅੱਜ ਉਸਦੇ ਹੀ ਸੰਗੀ ਸਾਥੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਉਸ 'ਤੇ ਦੋਸ਼ ਲਗਾ ਰਹੇ ਹਨ ਜਿਸ ਕਾਰਨ ਮੁੱਖ ਮੰਤਰੀ ਸਮੇਤ ਉਸਦੇ ਸਾਥੀਆਂ ਨੂੰ ਪੰਜਾਬ ਦੇ ਲੋਕਾਂ ਅੱਗੇ ਜਵਾਬਦੇਹ ਬਣਾਉਣਾ ਬੇਹੱਦ ਜਰੂਰੀ ਹੈ। ਪਿਛਲੇ ਲੰਮੇ ਸਮੇਂ ਤੋਂ ਸਿਆਸਤ ਚਲਦੀ ਆ ਰਹੀ ਇਸ ਖੇਡ ਨੇ ਲੋਕਾਂ ਨੂੰ ਨਿਰਾਸ਼ ਤੇ ਨਰਾਜ਼ ਕਰ ਦਿੱਤਾ ਹੈ ਇਸ ਲਈ ਗੁਣ ਮੁੱਖ ਮੰਤਰੀ ਜਾਂ ਉਹਨਾਂ ਦੇ ਸਾਥੀਆਂ ਨੂੰ ਆਪਣਾ ਪੱਖ ਸਾਫ ਕਰਨਾ ਚਾਹੀਦਾ ਹੈ ਜਾਂ ਉਨ੍ਹਾਂ ਨੂੰ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣੇ ਚਾਹੀਦੇ ਹਨ ਤਾਂ ਜੋ ਸੂਬੇ ਨੂੰ ਮੁੜ ਲੀਹਾਂ ਤੇ ਪਾਕੇ ਇਸ ਨੂੰ ਵਿਕਾਸ ਦੇ ਰਸਤੇ 'ਤੇ ਤੋਰਿਆ ਜਾ ਸਕੇ।
 


Deepak Kumar

Content Editor

Related News