ਪੰਜਾਬ ਸਰਕਾਰ ਦੇ ਯਤਨਾਂ ਨਾਲ ਅੰਮ੍ਰਿਤਸਰ ਦੇ 9 ਵਿਦਿਆਰਥੀ ਕੋਟਾ ਤੋਂ ਘਰਾਂ ਨੂੰ ਪਰਤੇ

Monday, Apr 27, 2020 - 08:18 PM (IST)

ਪੰਜਾਬ ਸਰਕਾਰ ਦੇ ਯਤਨਾਂ ਨਾਲ ਅੰਮ੍ਰਿਤਸਰ ਦੇ 9 ਵਿਦਿਆਰਥੀ ਕੋਟਾ ਤੋਂ ਘਰਾਂ ਨੂੰ ਪਰਤੇ

ਅੰਮ੍ਰਿਤਸਰ (ਦਲਜੀਤ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਹਰੇਕ ਨਾਗਰਿਕ ਜੋ ਦੇਸ਼ ਜਾਂ ਵਿਦੇਸ਼ ਵਿਚ ਇਸ ਸੰਕਟ ਮੌਕੇ ਫਸਿਆ ਹੈ, ਨੂੰ ਆਪਣੇ ਘਰ ਤੱਕ ਲਿਆਉਣ ਦੀ ਕੀਤੀ ਗਈ ਪਹਿਲ ਕਦਮੀ ਸਦਕਾ ਰਾਜਸਥਾਨ ਦੀ ਸਿੱਖਿਆ ਨਗਰੀ ਕੋਟਾ ਵਿਚ ਫਸੇ ਅੰਮ੍ਰਿਤਸਰ ਦੇ 9 ਵਿਦਿਆਰਥੀ ਅੱਜ ਆਪਣੇ ਘਰਾਂ ਨੂੰ ਪਰਤੇ। ਇਸ ਮੌਕੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਵਿਚ ਖੁਸ਼ੀ ਠੱਲੀ ਨਹੀਂ ਸੀ ਜਾ ਰਹੀ। ਸਾਰੇ ਬੱਚਿਆਂ ਤੇ ਮਾਪਿਆਂ ਨੇ ਸੰਕਟ ਦੇ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਸਾਥ ਲਈ ਧੰਨਵਾਦ ਕਰਦੇ ਕਿਹਾ ਕਿ ਅਸੀਂ ਕਰਫਿਊ ਦੇ ਦਿਨ ਤੋਂ ਹੀ ਬੱਚਿਆਂ ਨੂੰ ਲਿਆਉਣ ਲਈ ਹੀਲਾ ਕਰ ਰਹੇ ਸੀ ਪਰ ਦੋ ਸੂਬਿਆਂ ਦਾ ਮੁੱਦਾ ਹੋਣ ਕਾਰਨ ਕੋਈ ਸਫਲਤਾ ਨਹੀਂ ਸੀ ਮਿਲੀ। ਆਖਿਰ ਮੁੱਖ ਮੰਤਰੀ ਪੰਜਾਬ ਤੱਕ ਗੱਲ ਪਹੁੰਚਾਈ ਤਾਂ ਉਨ੍ਹਾਂ ਨੇ ਇਹ ਮੁੱਦਾ ਰਾਜਸਥਾਨ ਸਰਕਾਰ ਕੋਲ ਉਠਾ ਕੇ ਸਾਡੇ ਬੱਚਿਆਂ ਨੂੰ ਸਾਡੇ ਤੱਕ ਪਹੁੰਚਾਇਆ ਹੈ। 

ਦੱਸਣਯੋਗ ਹੈ ਕਿ ਅੱਜ ਪੰਜਾਬ ਦੇ 152 ਬੱਚੇ ਪੀ. ਆਰ. ਟੀ. ਸੀ. ਵੱਲੋਂ ਭੇਜੀਆਂ ਵਿਸ਼ੇਸ਼ ਬੱਸਾਂ ਰਾਹੀਂ ਪੰਜਾਬ ਆਏ ਹਨ। ਸਵੇਰੇ ਹਰਿਆਣਾ ਨਾਲ ਲੱਗਦੇ ਡੂਮਵਾਲੀ ਬਾਰਡਰ 'ਤੇ ਪੰਜਾਬ ਸਰਕਾਰ ਨੇ ਇੰਨ੍ਹਾਂ ਵਿਦਿਆਰਥੀਆਂ ਨੂੰ ਮੁੱਢਲੇ ਮੈਡੀਕਲ ਚੈਕਅੱਪ ਤੋਂ ਬਾਅਦ ਇੰਨ੍ਹਾਂ ਦੇ ਪਿੱਤਰੀ ਜ਼ਿਲਿਆਂ ਲਈ ਰਵਾਨਾ ਕੀਤਾ। ਅੰਮ੍ਰਿਤਸਰ ਪੁੱਜਣ 'ਤੇ ਵੀ ਬੱਚਿਆਂ ਦੀ ਡਾਕਟਰੀ ਜਾਂਚ ਛੇਹਰਟਾ ਸਿਹਤ ਕੇਂਦਰ ਵਿਚ ਕੀਤੀ ਗਈ ਅਤੇ ਸਾਰੇ ਬੱਚੇ ਪਰਮਾਤਮਾ ਦੀ ਕ੍ਰਿਪਾ ਨਾਲ ਤੰਦਰੁਸਤ ਮਿਲੇ। ਬੱਚਿਆਂ ਨੂੰ 14 ਦਿਨ ਆਪਣੇ ਘਰਾਂ ਵਿਚ ਰਹਿਣ ਦੀ ਸਲਾਹ ਦੇ ਕੇ ਡਾਕਟਰਾਂ ਨੇ ਉਨਾਂ ਨੂੰ ਘਰਾਂ ਲਈ ਰਵਾਨਾ ਕਰ ਦਿੱਤਾ।


author

Gurminder Singh

Content Editor

Related News