ਪੰਜਾਬ ਸਰਕਾਰ ਵਲੋਂ 14 ਹੋਰ ਸਕੂਲਾਂ ਦਾ ਨਾਂ ਸ਼ਹੀਦਾਂ, ਆਜ਼ਾਦੀ ਘੁਲਾਟੀਆਂ ਤੇ ਨਾਮਵਰ ਸ਼ਖਸੀਅਤਾਂ ਦੇ ਨਾਂ ’ਤੇ ਰੱਖਣ ਦਾ ਫ਼ੈਸਲਾ

Thursday, Aug 05, 2021 - 06:03 PM (IST)

ਪੰਜਾਬ ਸਰਕਾਰ ਵਲੋਂ 14 ਹੋਰ ਸਕੂਲਾਂ ਦਾ ਨਾਂ ਸ਼ਹੀਦਾਂ, ਆਜ਼ਾਦੀ ਘੁਲਾਟੀਆਂ ਤੇ ਨਾਮਵਰ ਸ਼ਖਸੀਅਤਾਂ ਦੇ ਨਾਂ ’ਤੇ ਰੱਖਣ ਦਾ ਫ਼ੈਸਲਾ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ 14 ਹੋਰ ਸਕੂਲਾਂ ਦਾ ਨਾਮ ਸ਼ਹੀਦਾਂ, ਆਜ਼ਾਦੀ ਘੁਲਾਟੀਆਂ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਦੇ ਨਾਂ ’ਤੇ ਰੱਖਿਆ ਗਿਆ ਹੈ ਤਾਂ ਜੋ ਇਨ੍ਹਾਂ ਸੂਰਬੀਰਾਂ ਦੀਆਂ ਕੁਰਬਾਨੀਆਂ ਤੇ ਸਮਾਜ ’ਚ ਪਾਏ ਯੋਗਦਾਨ ਲਈ ਉਨ੍ਹਾਂ ਨੂੰ ਬਣਦਾ ਸਨਮਾਨ ਦਿੱਤਾ ਜਾ ਸਕੇ। ਕੈਬਨਿਟ ਮੰਤਰੀ ਨੇ ਕਿਹਾ ਕਿ ਸਕੂਲਾਂ ਦਾ ਨਾਂ ਬਦਲਣ ਦਾ ਮੰਤਵ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨਾ ਹੈ, ਜਿਨ੍ਹਾਂ ਨੇ ਸਾਡੇ ਦੇਸ਼ ਦੇ ਹਿੱਤਾਂ ਅਤੇ ਤਰੱਕੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਕ ਸਕੂਲ, ਸਰਕਾਰੀ ਐਲੀਮੈਂਟਰੀ ਸਕੂਲ ਹਰੀਜਨ ਬਸਤੀ ਬੀਨੇਵਾਲ ਦਾ ਨਾਂ ਬਦਲ ਕੇ ਸੰਵਿਧਾਨ ਦੇ ਪਿਤਾਮਾ ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਕਰ ਦੇ ਨਾਂ ’ਤੇ ਡਾ. ਬੀ.ਆਰ. ਅੰਬੇਡਕਰ ਸਰਕਾਰੀ ਐਲੀਮੈਂਟਰੀ ਸਕੂਲ ਰੱਖਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਦੂਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਨੇਵਾਲ ਦਾ ਨਾਂ 1999 ਦੇ ਕਾਰਗਿਲ ਯੁੱਧ ਦੌਰਾਨ ਸ਼ਹਾਦਤ ਦੇਣ ਵਾਲੇ ਸ਼ਹੀਦ ਬਲਦੇਵ ਰਾਜ ਦੇ ਨਾਂ ’ਤੇ ਰੱਖਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਸਕੂਲ ਦਾ ਨਾਂ ਸ਼ਹੀਦ ਬਲਦੇਵ ਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਨੇਵਾਲ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਸੂਬਾ ਸਰਕਾਰ ਨੇ ਲਿਆ ਇਕ ਹੋਰ ਵੱਡਾ ਫ਼ੈਸਲਾ

ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਪੱਖੋ ਕਲਾਂ ਦਾ ਨਾਂ ਸ਼ਹੀਦ ਰਣਜੀਤ ਸਿੰਘ ਸ਼ੌਰਿਆ ਚੱਕਰ ਵਿਜੇਤਾ ਸਰਕਾਰੀ ਪ੍ਰਾਇਮਰੀ ਸਕੂਲ ਪੱਖੋ ਕਲਾਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਰਕਾਰੀ ਮਿਡਲ ਸਕੂਲ ਮੱਛਰਾਏ ਕਲਾਂ ਦਾ ਨਾਂ ਸ਼ਹੀਦ ਅਤਰ ਸਿੰਘ ਸ਼ਹੀਦ ਜਵਾਹਰ ਸਿੰਘ ਸਰਕਾਰੀ ਮਿਡਲ ਸਕੂਲ ਮੱਛਰਾਏ ਕਲਾਂ, ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵੀਲਾ ਤੇਜਾ ਦਾ ਨਾਂ ਆਜ਼ਾਦੀ ਘੁਲਾਟੀਆ ਸੁਰੈਣ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਵੀਲਾ ਤੇਜਾ ਅਤੇ ਜ਼ਿਲ੍ਹਾ ਮਾਨਸਾ ਦੇ ਸਰਕਾਰੀ ਮਿਡਲ ਸਕੂਲ ਬਰਨਾਲਾ ਦਾ ਨਾਂ ਸ਼ਹੀਦ ਗੁਰਮੇਲ ਸਿੰਘ ਸਰਕਾਰੀ ਮਿਡਲ ਸਕੂਲ ਬਰਨਾਲਾ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਜ਼ੀਰਕਪੁਰ ’ਚ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ, ਨਵਜੋਤ ਸਿੱਧੂ ਦੇ ਹੋਰਡਿੰਗਜ਼ ’ਤੇ ਮਲੀ ਕਾਲਖ਼

ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਸਰਕਾਰੀ ਹਾਈ ਸਕੂਲ ਡੇਮਰੂ ਖੁਰਦ ਦਾ ਨਾਂ ਬਦਲ ਕੇ ਸ਼ਹੀਦ ਲਖਵੀਰ ਸਿੰਘ ਸਰਕਾਰੀ ਹਾਈ ਸਕੂਲ ਡੇਮਰੂ ਖੁਰਦ, ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਰੋਟਾ ਦਾ ਨਾਂ ਆਜ਼ਾਦੀ ਘੁਲਾਟੀਆ ਹੰਸ ਰਾਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਰੋਟਾ, ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਰਦਾਂਹੇੜੀ ਦਾ ਨਾਂ ਸ਼ਹੀਦ ਸਲੀਮ ਖਾਨ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਰਦਾਂਹੇੜੀ, ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਹਾਈ ਸਕੂਲ ਸਤੌਜ ਦਾ ਨਾਂ ਸ਼ਹੀਦ ਹਵਲਦਾਰ ਜਗਸੀਰ ਸਿੰਘ ਸਰਕਾਰੀ ਹਾਈ ਸਕੂਲ ਸਤੌਜ, ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਸਰਕਾਰੀ ਹਾਈ ਸਕੂਲ ਦੱਪਰ ਦਾ ਨਾਂ ਸ਼ਹੀਦ ਸੂਬੇਦਾਰ ਬਲਵੀਰ ਸਿੰਘ ਸਰਕਾਰੀ ਹਾਈ ਸਕੂਲ ਦੱਪਰ ਅਤੇ ਜ਼ਿਲ੍ਹਾ ਤਰਨਤਾਰਨ ਦੇ ਸਰਕਾਰੀ ਐਲੀਮੈਂਟਰੀ ਸਕੂਲ ਕਲਸੀਆਂ ਖੁਰਦ ਦਾ ਨਾਂ ਸ਼ਹੀਦ ਮਨਦੀਪ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਕਲਸੀਆਂ ਖੁਰਦ ਰੱਖਿਆ ਗਿਆ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦੋ ਸਕੂਲਾਂ ਦਾ ਨਾਂ ਵੀ ਉਨ੍ਹਾਂ ਸ਼ਹੀਦਾਂ ਦੇ ਨਾਂ 'ਤੇ ਰੱਖਿਆ ਗਿਆ ਹੈ ਜਿਨ੍ਹਾਂ ਨੇ ਦੇਸ਼ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਗੱਗੜ੍ਹ ਦਾ ਨਾਂ ਸ਼ਹੀਦ ਸੂਬੇਦਾਰ ਜਸਵੰਤ ਸਿੰਘ ਸਰਕਾਰੀ ਹਾਈ ਸਕੂਲ ਗੱਗੜ੍ਹ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਅਟਾਰੀ ਸਦਰਵਾਲਾ ਦਾ ਨਾਂ ਸ਼ਹੀਦ ਬਲਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਅਟਾਰੀ ਸਦਰਵਾਲਾ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਬੁਲਟ ’ਤੇ ਆਏ ਫੌਜੀ ਨੇ ਨਹਿਰ ’ਚ ਠਾਠਾਂ ਮਾਰਦੇ ਪਾਣੀ ’ਚ ਮਾਰੀ ਛਾਲ, ਛੇ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News