ਪੰਜਾਬ ਸਰਕਾਰ ਵੱਲੋਂ 116 ਸਕੂਲਾਂ ਦੇ ਖੇਡ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਲਈ ਤਿੰਨ ਕਰੋੜ ਰੁਪਏ ਜਾਰੀ

Monday, Sep 06, 2021 - 03:15 PM (IST)

ਪੰਜਾਬ ਸਰਕਾਰ ਵੱਲੋਂ 116 ਸਕੂਲਾਂ ਦੇ ਖੇਡ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਲਈ ਤਿੰਨ ਕਰੋੜ ਰੁਪਏ ਜਾਰੀ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਖੇਡ ਬੁਨਿਆਦੀ ਢਾਂਚੇ ਨੂੰ ਬਿਹਤਰ ਬਨਾਉਣ ਦੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ 116 ਹੋਰ ਸਕੂਲਾਂ ਲਈ ਤਿੰਨ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇਥੇ ਸਕੂਲ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿਚ 13 ਹਜ਼ਾਰ ਤੋਂ ਵੱਧ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਬਦਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਕੂਲਾਂ ਵਿਚ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਨਾਉਣ ਲਈ ਵੀ ਮੁਹਿੰਮ ਆਰੰਭੀ ਗਈ ਹੈ। ਤਿੰਨ ਕਰੋੜ ਰੁਪਏ ਦੀ ਇਸ ਰਾਸ਼ੀ ਨਾਲ ਖੇਡ ਮੈਦਾਨਾਂ ਨੂੰ ਵਧੀਆ ਰੂਪ ਦਿੱਤਾ ਜਾਵੇਗਾ ਅਤੇ ਖਿਡਾਰੀਆਂ ਲਈ ਖੇਡ ਸਾਜੋ-ਸਮਾਨ ਖਰੀਦਿਆ ਜਾਵੇਗਾ।

ਇਸ ਦੇ ਨਾਲ ਹੀ ਸਿੱਖਿਆ ਵਿਭਾਗ ਨੇ ਖੇਡ ਫੰਡ ਦੀ ਵਰਤੋਂ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਹਨ ਤਾਂ ਜੋ ਇਸ ਨੂੰ ਖਰਚਣ ਸਬੰਧੀ ਵਧੇਰੇ ਪਾਰਦਰਸ਼ਤਾ ਲਿਆਂਦੀ ਜਾ ਸਕੇ। ਬੁਲਾਰੇ ਅਨੁਸਾਰ ਖੇਡ ਮੈਦਾਨਾਂ ਦੇ ਨਿਰਮਾਣ ਅਤੇ ਖੇਡ ਸਮਾਨ ਖਰੀਦਣ ਲਈ ਸਕੂਲਾਂ ਨੂੰ ਪੰਜ ਮੈਂਬਰੀ ਕਮੇਟੀ ਗਠਿਤ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ ਜਿਨ੍ਹਾਂ ਵਿਚ ਇਕ ਸਕੂਲ ਮੁਖੀ, ਸਕੂਲ ਮੈਨੇਜਮੈਂਟ ਕਮੇਟੀਆਂ (ਐੱਸ.ਐੱਮ.ਸੀ.) ਦੇ ਦੋ ਮੈਂਬਰ ਅਤੇ ਸਕੂਲ ਅਧਿਆਪਕਾਂ ਵਿਚੋਂ ਦੋ ਮੈਂਬਰ ਲੈਣ ਲਈ ਵਿਵਸਥਾ ਕੀਤੀ ਗਈ ਹੈ। ਜਿਸ ਸਕੂਲ ਵਿਚ ਖੇਡਾਂ ਨਾਲ ਸਬੰਧਿਤ ਅਧਿਆਪਕ ਕੰਮ ਕਰਦਾ ਹੈ, ਉਸ ਨੂੰ ਕਮੇਟੀ ਵਿਚ ਸ਼ਾਮਲ ਕਰਨ ਨੂੰ ਯਕੀਨੀ ਬਨਾਉਣ ਲਈ ਵੀ ਕਿਹਾ ਗਿਆ ਹੈ। ਬੁਲਾਰੇ ਅਨੁਸਾਰ ਖੇਡ ਮੈਦਾਨ ਦੀ ਤਿਆਰੀ ਕਰਨ ਤੋਂ ਪਹਿਲਾਂ ਤੋਂ ਲੈ ਕੇ ਕੰਮ ਦੇ ਮੁਕੰਮਲ ਹੋਣ ਤੱਕ ਦੀਆਂ ਸਾਰੀਆਂ ਫੋਟੋ ਲੈ ਕੇ ਇਨ੍ਹਾਂ ਨੂੰ ਸਕੂਲ ਦੇ ਰਿਕਾਰਡ ਵਿਚ ਰੱਖਣ ਲਈ ਵੀ ਆਖਿਆ ਗਿਆ ਹੈ। ਬੁਲਾਰੇ ਅਨੁਸਾਰ ਖੇਡ ਮੈਦਾਨਾਂ ਦੀ ਤਿਆਰੀ ਦੇ ਕੰਮ ’ਤੇ ਨਜ਼ਰ ਰੱਖਣ ਅਤੇ ਖੇਡ ਦੇ ਸਮਾਨ ਦੀ ਖਰੀਦ ਸਮੇਂ ਡੀ.ਐਮ.ਸਪੋਰਟਸ/ਬੀ.ਐਮ. ਸਪੋਰਟਸ ਨੂੰ ਸਕੂਲ ਦਾ ਦੌਰਾ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ।


author

Gurminder Singh

Content Editor

Related News