ਪੰਜਾਬ ਸਰਕਾਰ ਵਲੋਂ ਪਵਿੱਤਰ ਰਮਜ਼ਾਨ ਮਹੀਨੇ ਸਬੰਧੀ ਐਡਵਾਇਜ਼ਰੀ ਜਾਰੀ
Wednesday, Apr 22, 2020 - 07:24 PM (IST)
ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਪਵਿੱਤਰ ਰਮਜ਼ਾਨ ਮਹੀਨੇ ਨੂੰ ਸੁਰੱਖਿਅਤ ਢੰਗ ਨਾਲ ਮਨਾਉਣ ਸੰਬੰਧੀ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਨੁੱਖੀ ਮੇਲ ਜੋਲ ਰਾਹੀਂ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਉਦੇਸ਼ ਨਾਲ ਲੋਕਾਂ ਦੀ ਖੁੱਲ੍ਹੀ ਆਵਾਜਾਈ 'ਤੇ ਪਾਬੰਦੀ ਲਗਾਈ ਹੈ ਅਤੇ ਇਕੱਠ ਕਰਨ 'ਤੇ ਵੀ ਰੋਕ ਲਗਾ ਦਿੱਤੀ ਹੈ। ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਏ ਇਸ ਸੰਕਟਕਾਲੀ ਸਮੇਂ ਦੌਰਾਨ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਜਸ਼ਨ ਮਨਾਉਣ ਵਾਲੀਆਂ ਥਾਵਾਂ 'ਤੇ ਕੁਝ ਖਾਸ ਰੋਕਥਾਮ ਉਪਾਵਾਂ ਤੇ ਸਾਵਧਾਨੀਆਂ ਦੀ ਧਿਆਨ ਨਾਲ ਪਾਲਣਾ ਕਰਨ ਦੀ ਲੋੜ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁਸਲਿਮ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਧਿਆਨ ਨਾਲ ਪਾਲਣਾ ਕਰਨ, ਜਿਸ ਤਹਿਤ ਸਾਰੀਆਂ ਮਸਜ਼ਿਦਾਂ, ਦਰਗਾਹਾਂ, ਇਮਾਮਬਾੜਿਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਬੰਦ ਰਹਿਣਗੀਆਂ ਅਤੇ ਲੋਕਾਂ ਨੂੰ ਇਕੱਠ ਕਰਕੇ ਨਮਾਜ਼ਾਂ (ਨਿਮਜ਼-ਏ-ਬਾਜਾਮਤ)ਅਦਾ ਕਰਨ, ਜੁੰਮੇ ਦੀ ਨਮਾਜ਼ ਸਮੇਤ ਤਰਾਵੀ ਅਦਾ ਕਰਨ ਦੀ ਮੁਕੰਮਲ ਮਨਾਹੀ ਹੋਵੇਗੀ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪੋ-ਆਪਣੇ ਘਰਾਂ ਤੋਂ ਹੀ ਨਮਾਜ਼ ਅਦਾ ਕਰਨ। ਉਨ੍ਹਾਂ ਕਿਹਾ ਕਿ ਉਰਸ, ਪਬਲਿਕ ਅਤੇ ਪ੍ਰਾਈਵੇਟ ਇਫਤਾਰ ਪਾਰਟੀਆਂ / ਕਾਰਜਾਂ, ਦਾਵਤ-ਏ-ਸੇਹਰੀ ਅਤੇ ਸ਼ਰਧਾਲੂਆਂ ਦੀ ਇਕੱਤਰਤਾ ਵਾਲੇ ਕਿਸੇ ਵੀ ਹੋਰ ਧਾਰਮਿਕ ਸਮਾਗਮਾਂ ਸਮੇਤ ਹਰ ਕਿਸਮ ਦੇ ਜਸ਼ਨਾਂ ਦਾ ਸਖਤੀ ਨਾਲ ਪਰਹੇਜ਼ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਮਸਜਿਦ ਦੇ ਅੰਦਰ ਜੂਸ, ਸ਼ਰਬਤ ਜਾਂ ਖਾਣ-ਪੀਣ ਦੀਆਂ ਹੋਰ ਚੀਜ਼ਾਂ ਜਾਂ ਘਰ-ਘਰ ਜਾ ਕੇ ਵੰਡੀਆਂ ਜਾਣ ਵਾਲੀਆਂ ਚੀਜ਼ਾਂ ਦੀ ਜਨਤਕ ਵੰਡ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਇਸ ਤੋਂ ਇਲਾਵਾ ਖਾਣ ਪੀਣ ਦੀਆਂ ਵਸਤਾਂ ਦੀਆਂ ਦੁਕਾਨਾਂ/ ਰੇਹੜੀਆਂ ਨੂੰ ਮਸਜਿਦ ਦੇ ਨੇੜੇ ਲਗਾਉਣ ਨਹੀਂ ਦਿੱਤਾ ਜਾਵੇਗਾ।
ਬੁਲਾਰੇ ਨੇ ਇਹ ਵੀ ਕਿਹਾ ਕਿ ਪਹਿਲਾਂ ਤੋਂ ਮੌਜੂਦ ਸਿਹਤ ਸਮੱਸਿਆਵਾਂ ਜਿਵੇਂ ਕਿ ਸ਼ੂਗਰ, ਦਿਲ ਦੀਆਂ ਬਿਮਾਰੀਆਂ ਆਦਿ ਵਾਲੇ ਵਿਅਕਤੀਆਂ ਨੂੰ ਸਹੀ ਡਾਕਟਰੀ ਸਲਾਹ ਤੋਂ ਬਾਅਦ ਹੀ ਰੋਜ਼ਾ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਸਜਿਦ 'ਚ ਜਨਤਕ ਸੰਬੋਧਨ ਦੀ ਵਰਤੋਂ ਕੇਵਲ ਸਥਾਨਕ ਅਧਿਕਾਰੀਆਂ ਦੁਆਰਾ ਕਿਸੇ ਕਿਸਮ ਦੀ ਘੋਸ਼ਣਾ ਕਰਨ ਲਈ ਜਾਂ ਲੋੜ ਪੈਣ 'ਤੇ ਸੇਹਰੀ ਦੇ ਅੰਤ ਅਤੇ ਇਫਤਾਰ ਸਮੇਂ ਦੀ ਸ਼ੁਰੂਆਤ ਸਬੰਧੀ ਘੋਸ਼ਣਾ ਲਈ ਹੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਘਰ ਵਿਚ ਹੀ ਰਹਿਣਾ ਚਾਹੀਦਾ ਹੈ ਅਤੇ ਰਿਸ਼ਤੇਦਾਰਾਂ, ਮਿੱਤਰਾਂ,
ਗੁਆਂਢੀਆਂ ਆਦਿ ਨੂੰ ਇਨ੍ਹਾਂ ਦਿਨਾਂ ਦੌਰਾਨ ਹਰ ਸਮੇਂ ਕਿਸੇ ਵੀ ਵਿਅਕਤੀ ਤੋਂ ਘੱਟੋ-ਘੱਟ 1 ਮੀਟਰ ਦੀ ਦੂਰੀ ਬਣਾ ਕੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਸ਼ਨ ਮਨਾਉਣ ਅਤੇ ਸ਼ੁਭਕਾਮਨਾਵਾਂ ਦੇਣ ਲਈ ਹੋਰਾਂ ਨੂੰ ਜੱਫੀ ਪਾਉਣ ਅਤੇ ਹੱਥ ਮਿਲਾਉਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਸੰਚਾਰ ਅਤੇ ਦਿਲੀ ਪ੍ਰਗਟਾਵੇ ਦੇ ਹੋਰ ਢੰਗਾਂ ਬਾਰੇ ਦੱÎਸਦਿਆਂ ਉਨ੍ਹਾਂ ਕਿਹਾ ਕਿ ਦਿਲ 'ਤੇ ਹੱਥ ਰੱਖਣਾ, ਹੱਥ ਲਹਿਰਾਉਣਾ, ਸਿਰ ਹਿਲਾਉਣਾ ਆਦਿ ਨੂੰ ਇਕ ਦੂਜੇ ਨੂੰ ਵਧਾਈ ਦੇਣ ਦੇ ਉਦੇਸ਼ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪੋ-ਆਪਣੇ ਘਰਾਂ ਤੋਂ ਹੀ ਨਮਾਜ਼ ਅਦਾ ਕਰਨ ਅਤੇ ਰਮਜ਼ਾਨ ਦੌਰਾਨ ਇਫ਼ਤਾਰ ਅਤੇ ਜਸ਼ਨਾਂ ਲਈ ਹਰ ਤਰ੍ਹਾਂ ਦੇ ਸਮਾਜਿਕ ਇਕੱਠਾਂ ਤੋਂ ਪਰਹੇਜ਼ ਕਰਨ। ਉਨ੍ਹਾਂ ਕਿਹਾ ਕਿ ਮੋਬਾਈਲ ਅਤੇ ਹੋਰ ਇਲੈਕਟ੍ਰਾਨਿਕ ਮੀਡੀਆ ਨੂੰ ਲੋਕਾਂ ਦੁਆਰਾ ਵਧਾਈਆਂ ਦੇਣ ਲਈ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।