ਪੰਜਾਬ ਸਰਕਾਰ ਦਾ ਵੱਡਾ ਕਦਮ, ਹੁਣ ਇੰਝ ਹੋਵੇਗੀ ਦੁੱਧ ਦੀ ਪਰਖ

05/24/2020 6:02:23 PM

ਬਟਾਲਾ (ਬੇਰੀ) : ਪੰਜਾਬ ਸਰਕਾਰ ਵਲੋਂ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸੂਬੇ ਭਰ ਵਿਚ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸ ਦੇ ਤਹਿਤ ਡੇਅਰੀ ਵਿਕਾਸ ਵਿਭਾਗ, ਪੰਜਾਬ ਵਲੋਂ ਜ਼ਿਲਾ ਪੱਧਰ 'ਤੇ ਦੁੱਧ ਦੀ ਗੁਣਵੱਤਾ ਅਤੇ ਮਿਲਾਵਟ ਨੂੰ ਪਰਖਣ ਲਈ ਵਿਸ਼ੇਸ਼ ਲੈਬਾਰਟਰੀਆਂ ਸਥਾਪਤ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਗੈਰ ਸਮਾਜੀ ਅਨਸਰਾਂ ਨੂੰ ਨੱਥ ਪਾਉਣ ਅਤੇ ਸੂਬੇ ਦੇ ਲੋਕਾਂ ਨੂੰ ਬਿਨਾਂ ਮਿਲਾਵਟ ਦੇ ਦੁੱਧ ਉਪਲੱਬਧ ਕਰਵਾਉਣ ਲਈ ਵਿਭਾਗ ਦੇ ਸਾਰੇ ਜ਼ਿਲ੍ਹਾ ਪੱਧਰੀ ਦਫਤਰਾਂ ਅਤੇ ਸਿਖਲਾਈ ਕੇਂਦਰਾਂ ਵਿਚ ਦੁੱਧ ਦੀ ਗੁੱਣਵਤਾ ਅਤੇ ਮਿਲਾਵਟ ਨੂੰ ਪਰਖਣ ਲਈ ਵਿਸ਼ੇਸ਼ ਲੈਬਾਰਟਰੀਆਂ ਸਥਾਪਤ ਕੀਤੀਆਂ ਗਈਆਂ ਹਨ। 

ਇਹ ਵੀ ਪੜ੍ਹੋ : ਪਠਾਨਕੋਟ 'ਚ ਮੁੜ ਕੋਰੋਨਾ ਦਾ ਧਮਾਕਾ, 6 ਪਾਜ਼ੇਟਿਵ ਕੇਸ ਆਏ ਸਾਹਮਣੇ 

ਉਨ੍ਹਾਂ ਦੱਸਿਆ ਕਿ ਵਿਭਾਗੀ ਕਰਮੀਆਂ ਨੂੰ ਦੁੱਧ ਪਰਖ ਸਬੰਧੀ ਸਿਖਲਾਈ ਦੇ ਕੇ ਤਾਇਨਾਤ ਕੀਤਾ ਗਿਆ ਹੈ। ਕੋਈ ਵੀ ਖਪਤਕਾਰ ਆਪਣੇ ਜ਼ਿਲ੍ਹੇ ਦੇ ਦਫਤਰ ਜਾਂ ਨੇੜੇ ਦੇ ਸਿਖਲਾਈ ਕੇਂਦਰ ਵਿਚ ਸਵੇਰੇ 9.00 ਵਜੇ ਤੋਂ 11.00 ਵਜੇ ਤੱਕ 50 ਗ੍ਰਾਮ ਬਿਨਾਂ ਉਬਾਲੇ ਦੁੱਧ ਦਾ ਨਮੂਨਾ ਲੈ ਕੇ ਚੈਕ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦੁੱਧ ਦੀ ਜਾਂਚ ਮੁਫਤ ਕੀਤੀ ਜਾਵੇਗੀ ਅਤੇ ਜਿਸ ਦਾ ਨਤੀਜਾ ਮੌਕੇ 'ਤੇ ਹੀ ਦਿੱਤਾ ਜਾਵੇਗਾ। ਬਾਜਵਾ ਨੇ ਇਸ ਬਾਰੇ ਹੋਰ ਦੱਸਿਆ ਕਿ ਇਸ ਤਰ੍ਹਾਂ ਦੁੱਧ ਪਰਖ ਕਰਵਾ ਕੇ ਅਸੀਂ ਯਕੀਨੀ ਬਣਾ ਸਕਦੇ ਹਾਂ ਕਿ ਅਸੀਂ ਜਿਸ ਭਾਅ ਦੁੱਧ ਖਰੀਦਦੇ ਹਾਂ ਕਿ ਉਹ ਸਾਡੇ ਪੈਸਿਆਂ ਦਾ ਪੂਰਾ ਮੁੱਲ ਮੋੜਦਾ ਹੈ ਜਾਂ ਨਹੀਂ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਕੀ ਦੁੱਧ ਰਾਹੀਂ ਅਸੀਂ ਆਪਣੇ ਬੱਚਿਆਂ ਨੂੰ ਕੋਈ ਹਾਨੀਕਾਰਕ ਤੱਤ ਤਾਂ ਨਹੀਂ ਪਿਲਾ ਰਹੇ। ਖਪਤਕਾਰਾਂ ਨੂੰ ਦੁੱਧ ਦੀ ਪਰਖ ਕਰਵਾਉਣ ਦੀ ਅਪੀਲ ਕਰਦਿਆਂ ਹੋਇਆਂ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਨਾ ਸਿਰਫ ਖਪਤਕਾਰਾਂ ਵਿਚ ਦੁੱਧ ਦੀ ਵਰਤੋਂ ਨੂੰ ਵਧਾ ਕੇ ਤੰਦਰੁਸਤ ਪੰਜਾਬ ਮਿਸ਼ਨ ਵਿਚ ਯੋਗਦਾਨ ਪਾਏਗੀ ਸਗੋਂ ਦੁੱਧ ਦੀ ਮੰਗ ਵਧਣ ਨਾਲ ਦੁੱਧ ਉਤਪਾਦਕਾਂ ਨੂੰ ਵੀ ਸੁਚੱਜਾ ਮੰਡੀਕਰਨ ਅਤੇ ਵਧੀਆ ਕੀਮਤਾਂ ਦੇਵੇਗੀ।

ਇਹ ਵੀ ਪੜ੍ਹੋ : ਦੁਨੀਆ ਲਈ ਮਿਸਾਲ ਬਣੀਆਂ ਇਹ ਦੋ ਭੈਣਾਂ, ਅਸਲੀਅਤ ਜਾਣ ਕਰੋ ਸਿਫਤਾਂ 


Gurminder Singh

Content Editor

Related News