ਲਾਵਾਰਿਸ ਹੋ ਚੁੱਕਾ ਹੈ ਪੰਜਾਬ, ਇੱਥੇ ਨਹੀਂ ਸਰਕਾਰ ਨਾਂ ਦੀ ਕੋਈ ਚੀਜ਼ : ਚੀਮਾ

Monday, Nov 25, 2019 - 06:30 PM (IST)

ਲਾਵਾਰਿਸ ਹੋ ਚੁੱਕਾ ਹੈ ਪੰਜਾਬ, ਇੱਥੇ ਨਹੀਂ ਸਰਕਾਰ ਨਾਂ ਦੀ ਕੋਈ ਚੀਜ਼ : ਚੀਮਾ

ਮੋਰਿੰਡਾ,(ਧੀਮਾਨ): ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ, ਹਰ ਪਾਸੇ ਗੁੰਡਾ ਰਾਜ ਹੈ, ਗੈਂਗਸਟਰ ਫਲ-ਫੁੱਲ ਰਹੇ ਹਨ, ਦਲਿਤਾਂ 'ਤੇ ਅੱਤਿਆਚਾਰ ਹੋ ਰਹੇ ਹਨ, ਮਾਈਨਿੰਗ ਧੜੱਲੇ ਨਾਲ ਚੱਲ ਰਹੀ ਹੈ ਤੇ ਗੁੰਡਾ ਟੈਕਸ ਵਸੂਲੀ ਵੱਡੇ ਪੱਧਰ 'ਤੇ ਹੋ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ 'ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ। ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਪੰਜਾਬ ਲਾਵਾਰਸ ਹੋ ਚੁੱਕਾ ਹੈ ਤੇ ਸੀ. ਐੱਮ. ਕੈਪਟਨ ਚੁੱਪ ਧਾਰੀ ਬੈਠੇ ਹਨ। ਹਰਪਾਲ ਸਿੰਘ ਚੀਮਾ ਇੱਥੇ ਚੱਕਲ ਹਾਲ ਵਿਖੇ ਆਮ ਆਦਮੀ ਪਾਰਟੀ ਨੂੰ ਬੂਥ ਪੱਧਰ ਤਕ ਮਜ਼ਬੂਤ ਕਰਨ ਸਬੰਧੀ ਹੋਈ ਇਕ ਮੀਟਿੰਗ ਸਮੇਂ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਦੀ ਆਪਣੀ ਹੀ ਆਮ ਆਦਮੀ ਪਾਰਟੀ ਦੇ ਚੁਣੇ ਗਏ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਲੋਂ ਅਸਤੀਫਾ ਵਾਪਸ ਲੈਣ ਦੀ ਛਿੜੀ ਚਰਚਾ ਸਬੰਧੀ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ਵਿਧਾਇਕ ਅਮਰਜੀਤ ਸਿੰਘ ਸੰਦੋਆ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ ਤੇ ਅਜੇ ਤੱਕ ਕਾਂਗਰਸ ਪਾਰਟੀ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਸੰਦੋਆ ਦਾ ਅਜੇ ਤਕ ਆਮ ਆਦਮੀ ਪਾਰਟੀ ਨਾਲ ਕੋਈ ਰਾਬਤਾ ਨਹੀਂ। ਚੀਮਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਵਲੋਂ ਸੰਦੋਆ ਦਾ ਅਸਤੀਫਾ ਪ੍ਰਵਾਨ ਕਰਨ ਜਾਂ ਰੱਦ ਕਰਨ ਵਿੱਚ ਕੀਤੀ ਗਈ ਲੰਬੀ ਦੇਰੀ ਦਰਸਾਉਂਦੀ ਹੈ ਕਿ ਸਪੀਕਰ ਰਾਣਾ ਕੇ. ਪੀ. ਆਪਣੇ ਆਹੁਦੇ ਦਾ ਰਾਜਨੀਤੀਕਰਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਣਾ ਕੇ. ਪੀ. ਸਪੀਕਰ ਵਜੋਂ ਘੱਟ ਤੇ ਕਾਂਗਰਸ ਦੇ ਬੁਲਾਰੇ ਵਜੋਂ ਵੱਧ ਕੰਮ ਕਰ ਰਹੇ ਹਨ। ਹਲਕਾ ਚਮਕੌਰ ਸਾਹਿਬ 'ਚ ਮਾਈਨਿੰਗ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮਾਈਨਿੰਗ ਸਰਕਾਰ ਦੀ ਸ਼ਹਿ 'ਤੇ ਚੱਲ ਰਹੀ ਹੈ ਤੇ ਹਲਕੇ 'ਚ ਹੀ ਨਹੀਂ ਸਗੋਂ ਪੂਰੇ ਪੰਜਾਬ 'ਚ ਧੜੱਲੇ ਨਾਲ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਅਕਾਲੀ ਦਲ, ਬੀ. ਜੇ. ਪੀ. ਤੇ ਕਾਂਗਰਸ ਹੀ ਪੰਜਾਬ ਦੇ ਸੋਮਿਆਂ ਦੀ ਲੁੱਟ ਕਰ ਰਹੇ ਹਨ।

ਉਨ੍ਹਾਂ ਕੈਪਟਨ ਪਰਿਵਾਰ ਤੇ ਮਨਿਸਟਰਾਂ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ 'ਚ ਗੁੰਡਾ ਟੈਕਸ ਵਸੂਲੀ ਉਨ੍ਹਾਂ ਦੀ ਸ਼ਹਿ 'ਤੇ ਹੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਰਾਤ ਭਰ ਟਿੱਪਰ ਸੜਕਾਂ ਤੇ ਪੁਲਾਂ ਦੀ ਤਬਾਹੀ ਦਾ ਕਾਰਨ ਬਣ ਰਹੇ ਹਨ। ਜਦਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਬੰਧੀ ਉਨ੍ਹਾਂ ਕਿਹਾ ਕਿ ਉਹ ਖ਼ਜ਼ਾਨਾ ਮੰਤਰੀ ਬਣਨ ਦੇ ਲਾਇਕ ਹੀ ਨਹੀਂ ਹਨ ਉਨ੍ਹਾਂ ਕੋਲ ਖ਼ਜ਼ਾਨਾ ਭਰਨ ਲਈ ਕੋਈ ਤਕਨੀਕ ਨਹੀਂ ਹੈ ਇਸ ਲਈ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਡਾਕਟਰ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਕਰਦਿਆਂ ਆਪਣੇ ਵਿਚਾਰ ਰੱਖੇ ਅਤੇ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਲਾਵਾ ਹਰਚੰਦ ਸਿੰਘ ਬਰੱਸਟ ਕਨਵੀਨਰ ਆਮ ਆਦਮੀ ਆਰਮੀ, ਹਰਦਿਆਲ ਸਿੰਘ ਬੈਂਸ ਜ਼ਿਲਾ ਪ੍ਰਧਾਨ, ਪ੍ਰਲਾਦਿ ਸਿੰਘ ਢੰਗਰਾਲੀ, ਸਕਿੰਦਰ ਸਿੰਘ ਸਹੇੜੀ, ਐਨ.ਪੀ.ਰਾਣਾ, ਗੁਰਚਰਨ ਸਿੰਘ, ਰਾਜਿੰਦਰ ਸਿੰਘ ਚੱਕਲਾਂ, ਪ੍ਰਸ਼ੋਤਮ ਸਿੰਘ ਮਾਹਲ, ਸ਼ੇਰ ਸਿੰਘ ਦੁੱਮਣਾ, ਮਨਿੰਦਰ ਸਿੰਘ ਫਤਿਹਪੁਰ, ਕੁਲਵੰਤ ਸਿੰਘ ਸੁਰਤਾਪੁਰ, ਸੁਖਵਿੰਦਰ ਸਿੰਘ ਮੋਰਿੰਡਾ, ਕੇਵਲ ਜੋਸ਼ੀ, ਗੁਰਪ੍ਰੀਤ ਸਿੰਘ, ਸੁਕਮੁਖ ਸਿੰਘ ਕੋਟਲੀ, ਬਲਵਿੰਦਰ ਸਿੰਘ ਚਤਾਮਲਾ ਤੇ ਪਾਸਲ ਸਿੰਘ ਗੋਸਲਾਂ ਆਦਿ ਵੀ ਹਾਜ਼ਰ ਸਨ।


Related News