ਪੰਜਾਬ ਸਰਕਾਰ ਵਲੋਂ 22 IAS, IFS ਤੇ PCS ਅਧਿਕਾਰੀ CPTO ਵਜੋਂ ਤਾਇਨਾਤ

07/30/2020 7:18:45 PM

ਚੰਡੀਗੜ੍ਹ : ਕੋਵਿਡ-19 ਦੇ ਹਰੇਕ ਪਾਜ਼ੇਟਿਵ ਮਰੀਜ਼ ਨੂੰ ਮਿਆਰੀ ਇਲਾਜ ਮੁਹੱਈਆ ਕਰਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ 22 ਆਈ. ਏ. ਐੱਸ., ਆਈ. ਐੱਫ. ਐੱਸ. ਅਤੇ ਪੀ. ਸੀ. ਐੱਸ. ਅਧਿਕਾਰੀਆਂ ਨੂੰ ਕੋਵਿਡ ਪੇਸ਼ੈਂਟ ਟਰੈਕਿੰਗ ਅਫ਼ਸਰ (ਸੀ.ਪੀ.ਟੀ.ਓਜ਼) ਵਜੋਂ ਤਾਇਨਾਤ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਸੂਬੇ ਵਿੱਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ ਇਨ੍ਹਾਂ ਅਧਿਕਾਰੀਆਂ ਨੂੰ ਸੀ.ਪੀ.ਟੀ.ਓ. ਵਜੋਂ ਤਾਇਨਾਤ ਕੀਤਾ ਗਿਆ ਹੈ। ਇਹ ਅਧਿਕਾਰੀ ਮਰੀਜ਼ਾਂ ਦੇ ਪਾਜ਼ੇਟਿਵ ਪਾਏ ਜਾਣ ਦੇ ਸਮੇਂ ਤੋਂ ਇਲਾਜ ਤੱਕ ਉਨ੍ਹਾਂ ਨੂੰ ਟਰੈਕ ਕਰਨਗੇ ਤਾਂ ਜੋ ਜ਼ਿਲਾ ਪੱਧਰ 'ਤੇ ਤਾਲਮੇਲ ਅਤੇ ਤੇਜ਼ੀ ਨਾਲ ਪ੍ਰਤੀਕ੍ਰਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਅਧਿਕਾਰੀ ਆਪਣੀਆਂ ਮੌਜੂਦਾ ਡਿਊਟੀਆਂ ਤੋਂ ਇਲਾਵਾ ਸੀ.ਟੀ.ਪੀ.ਓਜ਼ ਵਜੋਂ ਆਪਣੀ ਭੂਮਿਕਾ ਨਿਭਾਉਣਗੇ ਅਤੇ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਰਿਪੋਰਟ ਕਰਨਗੇ।

ਉਨ੍ਹਾਂ ਦੱਸਿਆ ਕਿ ਮਿਸ ਪੱਲਵੀ, ਆਈ. ਏ. ਐੱਸ, ਮੁੱਖ ਪ੍ਰਸ਼ਾਸਕ ਅੰਮ੍ਰਿਤਸਰ ਵਿਕਾਸ ਅਥਾਰਟੀ,  ਆਦਿੱਤਿਆ ਡਚਲਵਾਲ ਆਈ.ਏ.ਐੱਸ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਬਰਨਾਲਾ, ਪਰਮਵੀਰ ਸਿੰਘ ਆਈ.ਏ.ਐੱਸ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਬਠਿੰਡਾ, ਮਿਸ. ਪੂਨਮ ਸਿੰਘ, ਪੀ.ਸੀ.ਐਸ, ਸਬ ਡਵੀਜ਼ਨਲ ਮੈਜਿਸਟ੍ਰੇਟ, ਫਰੀਦਕੋਟ, ਹਰਭਜਨ ਸਿੰਘ, ਜ਼ਿਲਾ ਬਾਲ ਸੁਰੱਖਿਆ ਅਫਸਰ, ਫਤਹਿਗੜ ਸਾਹਿਬ, ਬਰਿੰਦਰ ਸਿੰਘ, ਜ਼ਿਲਾ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਅਫਸਰ, ਫਾਜ਼ਿਲਕਾ, ਕੰਵਰਦੀਪ ਸਿੰਘ ਆਈ.ਐੱਫ.ਐੱਸ., ਸਕਤਾਰ ਸਿੰਘ ਬੱਲ, ਪੀ.ਸੀ.ਐੱਸ., ਉਪ ਮੰਡਲ ਮੈਜਿਸਟਰੇਟ, ਗੁਰਦਾਸਪੁਰ, ਬਲਬੀਰ ਰਾਜ ਸਿੰਘ, ਪੀ.ਸੀ.ਐੱਸ. , ਕਮਿਸ਼ਨਰ ਮਿਉਂਸਪਲ ਕਾਰਪੋਰੇਸ਼ਨ, ਹੁਸ਼ਿਆਰਪੁਰ, ਮਿਸ. ਨਵਨੀਤ ਕੌਰ ਬੱਲ, ਪੀ.ਸੀ.ਐੱਸ., ਅਸਟੇਟ ਅਫਸਰ ਜਲੰਧਰ ਵਿਕਾਸ ਅਥਾਰਟੀ, ਜਲੰਧਰ, ਪਵਿੱਤਰ ਸਿੰਘ, ਪੀ.ਸੀ.ਐੱਸ., ਉਪ ਮੰਡਲ ਮੈਜਿਸਟਰੇਟ, ਫਗਵਾੜਾ, ਸੰਦੀਪ ਕੁਮਾਰ ਆਈ.ਏ.ਐੱਸ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਲੁਧਿਆਣਾ, ਸ੍ਰੀ ਸਾਗਰ ਸੇਤੀਆ, ਆਈ.ਏ.ਐਸ, ਉਪ ਮੰਡਲ ਮੈਜਿਸਟਰੇਟ ਬੁੱਢਲਾਡਾ, ਸ੍ਰੀ ਕੁਲਦੀਪ ਕੁਮਾਰ, ਜ਼ਿਲਾ ਰਜਿਸਟਰਾਰ ਸਹਿਕਾਰੀ ਸਭਾਵਾਂ, ਮੋਗਾ, ਗਗਨਦੀਪ ਸਿੰਘ, ਪੀ.ਸੀ.ਐਸ., ਵਾਧੂ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ), ਮੁਕਤਸਰ ਸਾਹਿਬ, ਮਿਸ. ਨਿਧੀ ਕੁਮੂਦ ਬਾਂਬਾਹ, ਪੀ.ਸੀ.ਐੱਸ, ਉਪ ਮੰਡਲ ਮੈਜਿਸਟ੍ਰੇਟ ਧਾਰਕਲਾਂ, ਮਿਸ. ਪ੍ਰੀਤੀ ਯਾਦਵ, ਆਈ.ਏ.ਐਸ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਪਟਿਆਲਾ,  ਮੋਨਿਕਾ ਯਾਦਵ, ਆਈਐਫਐਸ, ਜ਼ਿਲਾ ਜੰਗਲਾਤ ਅਫ਼ਸਰ (ਜੰਗਲੀ ਜੀਵਨ) ਰੂਪਨਗਰ,  ਰਵਜੋਤ ਗਰੇਵਾਲ, ਆਈਪੀਐਸ, ਐਸਪੀ (ਦਿਹਾਤੀ), ਐਸਏਐਸ ਨਗਰ,ਆਦਿੱਤਿਆ ਉੱਪਲ, ਆਈਏਐਸ ਵਧੀਕ ਡਿਪਟੀ ਕਮਿਸ਼ਨਰ (ਜਨਰਲ) , ਐਸ.ਬੀ.ਐਸ. ਨਗਰ, ਮਿਸ. ਵਿਦਿਆ ਸਾਗਰੀ, ਆਈਐਫਐਸ, ਮੰਡਲ ਜੰਗਲਾਤ ਅਫਸਰ, ਸੰਗਰੂਰ ਅਤੇ ਅਮਨਪ੍ਰੀਤ ਸਿੰਘ, ਵਾਧੂ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ), ਤਰਨ ਤਾਰਨ ਨੂੰ ਆਪਣੇ ਜ਼ਿਲਿਆਂ ਲਈ ਸੀਪੀਟੀਓ ਵਜੋਂ ਨਿਯੁਕਤ ਕੀਤਾ ਗਿਆ ਹੈ।

ਮੁੱਖ ਸਕੱਤਰ ਨੇ ਕਿਹਾ ਕਿ ਲੈਬ ਵਿਚ ਟੈਸਟ ਦਾ ਨਤੀਜਾ ਘੋਸ਼ਿਤ ਹੁੰਦੇ ਹੀ ਕੋਵਿਡ ਦੇ ਹਰ ਪਾਜ਼ੇਟਿਵ ਮਰੀਜ਼ ਦਾ ਵੇਰਵਾ ਹਾਸਿਲ ਕਰਨ ਦੇ ਨਾਲ ਨਾਲ ਸੀ.ਪੀ.ਟੀ.ਓ. ਲੈਬਾਂ ਨਾਲ ਸੰਪਰਕ ਯਕੀਨੀ ਬਣਾਉਣਗੇ ਤਾਂ ਜੋ ਨਤੀਜੇ ਹਾਸਲ ਕਰਨ ਵਿੱਚ ਕੋਈ ਵੀ ਦੇਰੀ ਨਾ ਹੋਣ ਦਿੱਤੀ ਜਾਵੇ ਅਤੇ ਕੋਵਿਡ ਦੇ ਪਾਜ਼ੇਟਿਵ ਮਰੀਜ਼ ਨਾਲ ਤੁਰੰਤ ਸੰਪਰਕ ਕੀਤਾ ਜਾਵੇ। ਸੀ.ਪੀ.ਟੀ.ਓ. ਇਹ ਵੀ ਯਕੀਨੀ ਬਣਾਉਣਗੇ ਕਿ ਹਰੇਕ ਪਾਜ਼ੇਟਿਵ ਮਰੀਜ਼ ਨੂੰ ਆਰ.ਆਰ.ਟੀਜ਼/ਸਿਹਤ ਟੀਮਾਂ ਰਾਹੀਂ ਨਜ਼ਦੀਕੀ ਹਸਪਤਾਲ ਵਿਚ ਲਿਆਂਦਾ ਜਾਵੇ ਤਾਂ ਜੋ ਉਨ੍ਹਾਂ ਦੀ ਸਿਹਤ ਸਬੰਧੀ ਜਾਂਚ ਕੀਤੀ ਜਾ ਸਕੇ ਅਤੇ ਉਸ ਦੇ ਅਨੁਸਾਰ ਇਲਾਜ ਕਰਵਾਇਆ ਜਾ ਸਕੇ। ਜੇਕਰ ਕਿਸੇ ਵਿਅਕਤੀ ਵਿਚ ਕੋਵਿਡ-19 ਦਾ ਕੋਈ ਲੱਛਣ ਨਹੀਂ ਹੈ ਅਤੇ ਉਹ ਕਿਸੇ ਹੋਰ ਬਿਮਾਰੀ ਤੋਂ ਪੀੜਤ ਨਹੀਂ ਹੈ ਤਾਂ ਉਸ ਨੂੰ ਸੀ.ਸੀ.ਸੀ. (ਕੋਵਿਡ ਕੇਅਰ ਸੈਂਟਰ) ਜਾਂ ਘਰੇਲੂ ਇਕਾਂਤਵਾਸ ਭੇਜਿਆ ਜਾਂਦਾ ਹੈ (ਜੇਕਰ ਉਹ ਸਿਹਤ ਵਿਭਾਗ ਵਲੋਂ ਨਿਰਧਾਰਤ ਮਾਪਦੰਡ ਪੂਰੇ ਕਰਦਾ ਹੈ)। ਮਰੀਜ਼ ਆਪਣੀ ਇੱਛਾ ਅਨੁਸਾਰ ਕਿਸੇ ਪ੍ਰਾਇਵੇਟ ਹਸਪਤਾਲ ਵਿਚ ਦਾਖਲ ਵੀ ਹੋ ਸਕਦਾ ਹੈ। ਜੇਕਰ ਕਿਸੇ ਵਿਅਕਤੀ ਵਿਚ ਕੋਵਿਡ-19 ਦੇ ਲੱਛਣ ਪਾਏ ਜਾਂਦੇ ਹਨ ਅਤੇ ਉਹ ਕਿਸੇ ਹੋਰ ਬਿਮਾਰੀ ਤੋਂ ਵੀ ਪੀੜਤ ਹੈ ਤਾਂ ਉਸ ਨੂੰ ਲੈਵਲ-99 ਹਸਪਤਾਲ (ਸਰਕਾਰੀ/ਪ੍ਰਾਈਵੇਟ) ਵਿਚ ਭੇਜਿਆ ਜਾਂਦਾ ਹੈ। ਜੇਕਰ ਮਰੀਜ਼ ਦੀ ਹਾਲਤ ਨਾਜ਼ੁਕ ਹੈ ਤਾਂ ਉਸ ਨੂੰ ਤੁਰੰਤ ਹੀ ਲੈਵਲ-999 ਹਸਪਤਾਲ (ਸਰਕਾਰੀ/ ਪ੍ਰਾਈਵੇਟ) ਵਿੱਚ ਭੇਜਿਆ ਜਾਂਦਾ ਹੈ।
ਸੀ.ਪੀ.ਟੀ.ਓਜ਼ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਦੱਸਦਿਆਂ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਸੀ.ਪੀ.ਟੀ.ਓ. ਨੂੰ ਡਿਪਟੀ ਕਮਿਸ਼ਨਰ ਦੇ ਸਲਾਹ ਨਾਲ ਜਾਨਾਂ ਬਚਾਉਣ ਲਈ ਲੋੜੀਂਦੇ ਖਰਚੇ ਸਬੰਧੀ ਫੈਸਲਾ ਲੈਣ ਦਾ ਅਧਿਕਾਰ ਦਿੱਤਾ ਜਾਵੇਗਾ। ਉਦਾਹਰਣ ਲਈ, ਲੋੜ ਪੈਣ 'ਤੇ ਪ੍ਰਾਈਵੇਟ ਐਂਬੂਲੈਂਸ ਜਾਂ ਪ੍ਰਾਈਵੇਟ ਹਸਪਤਾਲ ਦੀ ਵਰਤੋਂ ਕਰਨਾ। ਹਾਲਾਂਕਿ, ਆਮ ਤੌਰ 'ਤੇ ਸਿਰਫ ਸਰਕਾਰੀ ਐਂਬੂਲੈਂਸਾਂ ਅਤੇ ਸਰਕਾਰੀ ਹਸਪਤਾਲਾਂ ਦੀ ਵਰਤੋਂ ਕੀਤੀ ਜਾਏਗੀ।

ਉਹਨਾਂ ਕਿਹਾ ਕਿ ਸੀ.ਪੀ.ਟੀ.ਓ. ਕੋਲ ਸੀ.ਸੀ.ਸੀ. (ਕੋਵਿਡ ਕੇਅਰ ਸੈਂਟਰ), ਸਰਕਾਰੀ ਹਸਪਤਾਲਾਂ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਬੈੱਡਾਂ ਦੀ ਉਪਲਬਧਤਾ ਸਬੰਧੀ ਸੂਚੀ ਦੇ ਨਾਲ ਨਾਲ ਲੈਵਲ-3 ਦੇ ਇਲਾਜ ਲਈ ਬੈੱਡਾਂ ਅਤੇ ਵੈਂਟੀਲੇਟਰਾਂ ਦੀ ਉਪਲਬਧਤਾ ਦੀ ਸੂਚੀ ਹੋਣੀ ਚਾਹੀਦੀ ਹੈ। ਉਹਨਾਂ ਅੱਗੇ  ਕਿਹਾ ਕਿ  ਸੀ.ਪੀ.ਟੀ.ਓ. ਕੋਲ ਪ੍ਰਾਇਵੇਟ ਤੇ ਸਰਕਾਰੀ ਐਂਬੂਲੈਂਸ ਸੇਵਾਵਾਂ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਸੀ.ਪੀ.ਟੀ.ਓ. ਕੋਲ ਕਿਸੇ ਵੀ ਐਮਰਜੈਂਸੀ ਰੈਫਰਲ/ਜ਼ਰੂਰਤਾਂ ਲਈ ਗੁਆਂਢੀ ਜ਼ਿਲਿਆਂ ਵਿੱਚ ਆਪਣੇ ਹਮਰੁਤਬਾ ਨਾਲ ਚੰਗਾ ਤਾਲਮੇਲ ਹੋਣਾ ਚਾਹੀਦਾ ਹੈ। ਮੁੱਖ ਸਕੱਤਰ ਨੇ ਕਿਹਾ ਕਿ ਸੀ.ਪੀ.ਟੀ.ਓ. ਘਰੇਲੂ ਇਕਾਂਤਵਾਸ ਵਿਚ ਰਹਿਣ ਵਾਲੇ ਹਰੇਕ ਮਰੀਜ਼ ਦੀ ਰੋਜ਼ਾਨਾ ਟੈਲੀ-ਮੋਨੀਟੀਰਿੰਗ ਕਰਵਾਉਣ ਨੂੰ ਯਕੀਨੀ ਬਣਾਉਣਗੇ। ਆਰ.ਆਰ.ਟੀਜ਼ ਨੂੰ ਅਕਸਰ ਅਤੇ ਜ਼ਰੂਰਤ ਪੈਣ 'ਤੇ ਮਰੀਜ਼ਾਂ ਨੂੰ ਮਿਲਣਾ ਚਾਹੀਦਾ ਹੈ। ਕਿਸੇ ਵੀ ਐਮਰਜੈਂਸੀ ਰੈਫਰਲ ਦੀ ਸਥਿਤੀ ਵਿੱਚ ਜ਼ਿਲਾ ਕੰਟਰੋਲ ਰੂਮ ਦਾ ਟੈਲੀਫ਼ੋਨ ਨੰਬਰ ਮਰੀਜ਼ ਨਾਲ ਸਾਂਝਾ ਕਰਨਾ ਚਾਹੀਦਾ ਹੈ। ਅਜਿਹੇ ਸਾਰੇ ਰੈਫਰਲ ਸਹੀ ਢੰਗ ਨਾਲ ਕੀਤੇ ਜਾਣੇ ਚਾਹੀਦੇ ਹਨ ਅਤੇ ਸੀ.ਪੀ.ਟੀ.ਓ. ਨੂੰ ਰਿਪੋਰਟ ਕੀਤੇ ਜਾਣੇ ਚਾਹੀਦੇ ਹਨ।

ਆਦੇਸ਼ਾਂ ਦੇ ਅਨੁਸਾਰ ਸੀ.ਪੀ.ਟੀ.ਓ. ਲੈਵਲ-1/ ਲੈਵਲ-2/ ਲੈਵਲ-999/ ਮਰੀਜ਼ ਦੀ ਮੌਤ ਹੋਣ ਦੇ ਮਾਮਲੇ ਵਿੱਚ ਸੰਸਕਾਰ ਸਬੰਧੀ ਦਿੱਤੇ ਸਿਹਤ ਪ੍ਰੋਟੋਕੋਲ ਤੋਂ ਚੰਗੀ ਤਰਾਂ ਜਾਣੂ ਹੋਣੇ ਚਾਹੀਦੇ ਹਨ। ਉਹਨਾਂ ਨੂੰ ਡਾ. ਤਲਵਾੜ ਦੀ ਪ੍ਰਧਾਨਗੀ ਹੇਠ ਡਾਕਟਰੀ ਮਾਹਿਰਾਂ ਦੀਆਂ ਮੀਟਿੰਗਾਂ ਵਿਚ ਬਾਕਾਇਦਾ ਸ਼ਾਮਲ ਹੋਣਾ ਚਾਹੀਦਾ ਹੈ। ਸੀ.ਪੀ.ਟੀ.ਓ. ਇਹ ਯਕੀਨੀ ਬਣਾਉਣਗੇ ਕਿ ਕਿਸੇ ਕੋਵਿਡ ਪਾਜੇਟਿਵ ਮਰੀਜ਼ ਦੀ ਮੌਤ ਹੋਣ 'ਤੇ ਸੂਬੇ ਦੇ ਪ੍ਰੋਟੋਕੋਲਾਂ ਅਨੁਸਾਰ ਜਿੰਨੀ ਜਲਦੀ ਸੰਭਵ ਹੋ ਸਕੇ ਸੰਸਕਾਰ ਕੀਤਾ ਜਾਵੇ। ਸੀ.ਪੀ.ਟੀ.ਓ. ਆਪਣੀ ਸਹੂਲਤ ਲਈ ਖੇਤਰ-ਅਨੁਸਾਰ ਸੈਕਟਰ ਅਫਸਰਾਂ ਦੀ ਨਿਯੁਕਤੀ ਕਰ ਸਕਦੇ ਹਨ ਅਤੇ ਆਪਣੇ ਰਿਪੋਰਟਿੰਗ ਖੇਤਰ ਵਿਚ ਸਾਰੇ ਪਾਜੇਵਿਟ ਮਾਮਲਿਆਂ ਦੀ ਨਜ਼ਰ ਰੱਖ ਸਕਦੇ ਹਨ। ਸੀ.ਪੀ.ਟੀ.ਓ. ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਤਿਆਰ ਕੀਤੇ ਪੇਸ਼ੈਂਟ ਟਰੈਕਿੰਗ ਸਿਸਟਮ ਦੀ ਅਸਲ ਸਮੇਂ ਦੀ ਅਪਡੇਸ਼ਨ ਨੂੰ ਯਕੀਨੀ ਬਣਾਉਗੇ।
 


Deepak Kumar

Content Editor

Related News