ਸਰਕਾਰ ਵਲੋਂ ਐਲਾਨੀ ਤਾਲਾਬੰਦੀ ਦੌਰਾਨ ਡੇਰਾ ਬਾਬਾ ਨਾਨਕ ''ਚ ਪਸਰੀ ਸੁੰਨ
Sunday, Jun 14, 2020 - 03:11 PM (IST)
ਡੇਰਾ ਬਾਬਾ ਨਾਨਕ (ਵਤਨ) : ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਧਿਆਨ ਵਿਚ ਰੱਖਦਿਆਂ ਵੀਕਐਂਡ ਤਾਲਾਬੰਦੀ ਦੇ ਐਲਾਨ ਤੋਂ ਬਾਅਦ ਅੱਜ ਐਤਵਾਰ ਨੂੰ ਕਸਬਾ ਡੇਰਾ ਬਾਬਾ ਨਾਨਕ ਵਿਚ ਪੂਰੀ ਤਰ੍ਹਾਂ ਸੁੰਨ ਪੱਸਰੀ ਰਹੀ ਅਤੇ ਸਵੇਰ ਤੋਂ ਹੀ ਬਾਜ਼ਾਰਾਂ ਵਿਚ ਚਿੜੀ ਤੱਕ ਨਹੀਂ ਸੀ ਫੜਕ ਰਹੀ ਸੀ। ਕਸਬੇ ਦੇ ਦੁਕਾਨਦਾਰਾਂ ਵਲੋਂ ਪੂਰੀ ਤਰ੍ਹਾਂ ਨਾਲ ਦੁਕਾਨਾਂ ਬੰਦ ਰੱਖੀਆਂ ਗਈਆਂ, ਇੱਥੋਂ ਤਕ ਕਿ ਰਾਸ਼ਨ ਦੀਆਂ ਦੁਕਾਨਾਂ ਵੀ ਬੰਦ ਦਿਖਾਈ ਦਿੱਤੀਆਂ। ਪੰਜਾਬ ਵਿਚ ਲਗਾਏ ਗਏ ਕਰਫਿਊ ਅਤੇ ਲਾਕਡਾਊਨ ਤੋਂ ਬਾਅਦ ਇਹ ਪਹਿਲੀ ਵਾਰ ਦਿਖਾਈ ਦਿੱਤਾ ਕਿ ਪੁਲਸ ਦੀ ਸਖ਼ਤੀ ਨਾ ਹੋਣ ਦੇ ਬਾਵਜੂਦ ਲੋਕ ਘਰਾਂ ਵਿਚ ਬਾਹਰ ਨਹੀਂ ਨਿਕਲੇ ਅਤੇ ਨਾ ਹੀ ਸੜਕਾਂ 'ਤੇ ਆਵਾਜਾਈ ਦਿਖਾਈ ਦਿੱਤੀ।
ਇਸ ਸਬੰਧੀ ਐੱਸ. ਐੱਚ. ਓ. ਦਲਜੀਤ ਸਿੰਘ ਪੱਡਾ ਨੇ ਕਿਹਾ ਕਿ ਕੋਰੋਨਾ ਦੀ ਬਿਮਾਰੀ ਦਾ ਟਾਕਰਾ ਕਰਨ ਲਈ ਪੁਲਸ ਸਰਕਾਰ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰ ਰਹੀ ਹੈ ਅਤੇ ਲੋਕਾਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ ਕਰ ਰਹੀ ਹੈ। ਜਿਹੜੇ ਇਨ੍ਹਾਂ ਨਿਯਮਾਂ ਨੂੰ ਤੋੜਦੇ ਹਨ, ਉਨ੍ਹਾਂ ਦੇ ਚਾਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਸ ਬਿਮਾਰੀ ਤੋਂ ਬਚਣ ਲਈ ਸਿਰਫ਼ ਅਸੀਂ ਜਾਗਰੂਕ ਹੋ ਕੇ ਅਤੇ ਸਾਵਧਾਨੀਆ ਵਰਤ ਕੇ ਹੀ ਬਚ ਸਕਦੇ ਹਾਂ।