ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਜਲਦ ਸ਼ੁਰੂ ਹੋਣਗੇ 3 ਸਰਕਾਰੀ ''ਮੈਡੀਕਲ ਕਾਲਜ''

Saturday, Jan 02, 2021 - 03:45 PM (IST)

ਚੰਡੀਗੜ੍ਹ  : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਮੈਡੀਕਲ ਸਿੱਖਿਆ ਦਾ ਧੁਰਾ ਬਣਾਉਣ ਲਈ ਤਤਪਰ ਹੈ। ਉਕਤ ਪ੍ਰਗਟਾਵਾ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ ਸੋਨੀ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ 'ਚ 3 ਨਵੇਂ ਮੈਡੀਕਲ ਕਾਲਜ ਸ਼ੁਰੂ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਕੁੱਲ ਲਾਗਤ ਤਕਰੀਬਨ 1000 ਕਰੋੜ ਰੁਪਏ ਹੈ। ਇਨ੍ਹਾਂ 'ਚੋਂ ਮੈਡੀਕਲ ਕਾਲਜ ਮੋਹਾਲੀ 2021 'ਚ ਸ਼ੁਰੂ ਕੀਤਾ ਜਾਵੇਗਾ ਅਤੇ ਐਮ. ਬੀ. ਬੀ. ਐਸ. ਦੇ ਦਾਖ਼ਲੇ ਹੋਣਗੇ। ਇੱਥੇ ਨਰਸਿੰਗ ਕਾਲਜ ਵੀ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ : PSEB ਵੱਲੋਂ ਹੁਣ 2004 ਤੋਂ 2018 ਤੱਕ ਦੇ 'ਵਿਦਿਆਰਥੀਆਂ' ਨੂੰ ਵੀ ਦਿੱਤਾ ਗਿਆ ਵੱਡਾ ਤੋਹਫ਼ਾ

ਸਰਕਾਰ ਵੱਲੋਂ ਮੈਡੀਕਲ ਕਾਲਜ ਹੁਸ਼ਿਆਰਪੁਰ ਅਤੇ ਕਪੂਰਥਲਾ ਲਈ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਅਤੇ ਇਹ 2022 'ਚ ਸ਼ੁਰੂ ਹੋ ਜਾਣਗੇ। ਕੈਬਨਿਟ ਮੰਤਰੀ ਸੋਨੀ ਦੱਸਿਆ ਕਿ ਮਾਰਚ-2020 'ਚ ਜਦੋ ਪੰਜਾਬ 'ਚ ਕੋਰੋਨਾ ਦਾ ਖ਼ਤਰੇ ਨੂੰ ਦੇਖਦੇ ਹੋਏ ਸੂਬੇ 'ਚ ਤਾਲਾਬੰਦੀ/ਕਰਫਿਊ ਲਗਾਇਆ ਗਿਆ ਸੀ, ਉਸ ਸਮੇਂ ਪੰਜਾਬ 'ਚ ਕੋਵਿਡ ਸਬੰਧੀ ਟੈਸਟ ਕਰਨ ਦੀ ਕੋਈ ਸਹੂਲਤ ਨਹੀਂ ਸੀ ਅਤੇ ਕੋਰੋਨਾਂ ਦੇ ਸ਼ੱਕੀ ਮਰੀਜ਼ਾਂ ਦੇ ਲਏ ਗਏ ਸੈਂਪਲਾਂ ਨੂੰ ਜਾਂਚ ਲਈ ਪੂਣੇ ਦੀ ਲੈਬ 'ਚ ਭੇਜਿਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੇ ਦਿਸ਼ਾਂ-ਨਿਰੇਦਸ਼ਾਂ ਅਨੁਸਾਰ ਸੂਬੇ ਵਿਚਲੇ ਸਰਕਾਰੀ ਮੈਡੀਕਲ ਕਾਲਜਾਂ 'ਚ ਕੋਰੋਨਾ ਸਬੰਧੀ ਟੈਸਟ ਕਰਨ ਲਈ ਵਿਦੇਸ਼ਾਂ ਤੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਮਸ਼ੀਨਰੀ ਮੰਗਵਾਈ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਮਿਊਂਸੀਪਲ ਚੋਣਾਂ ਕਰਵਾਉਣ ਲਈ 'ਪੈਰਾ ਮਿਲਟਰੀ ਫੋਰਸ' ਲਾਉਣ ਦੀ ਮੰਗ

ਉਨ੍ਹਾਂ ਦੱਸਿਆ ਕਿ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਦੀਆਂ 3 ਲੈਬਾਂ 'ਚ 21 ਹਜ਼ਾਰ ਟੈਸਟ ਰੋਜ਼ਾਨਾ ਅਤੇ 4 ਹੋਰ ਨਵੀਆਂ ਲੈਬਾਂ (2 ਮੋਹਾਲੀ, 1 ਲੁਧਿਆਣਾ ਅਤੇ 1 ਜਲੰਧਰ) 'ਚ 5500 ਪ੍ਰਤੀ ਦਿਨ ਟੈਸਟ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਕੁੱਲ ਮਿਲਾ ਕੇ ਸੂਬੇ 'ਚ 26500 ਆਰ. ਟੀ. ਪੀ. ਸੀ. ਆਰ. ਟੈਸਟ ਦੀ ਸਮਰੱਥਾ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਮੌਜੂਦਾ ਸਮੇਂ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੀ ਲੈਬ 10 ਹਜ਼ਾਰ ਟੈਸਟ ਪ੍ਰਤੀ ਦਿਨ ਕਰਨ ਦੀ ਸਮਰੱਥਾ ਰੱਖਦੀ ਹੈ, ਜੋ ਕਿ ਦੇਸ਼ ਦੀਆਂ ਸਾਰੀਆਂ ਲੈਬਾਂ ਤੋਂ ਵੱਧ ਹੈ। ਇਸ ਤੋਂ ਇਲਾਵਾ ਪੰਜਾਬ 'ਚ ਵਾਇਰਲ ਟੈਸਟਿੰਗ ਲਈ 7 ਨਵੀਆਂ ਲੈਬਾਂ ਬਣਾਈਆਂ ਗਈਆਂ ਹਨ। ਡਾਕਟਰੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਕੋਵਿਡ ਮਹਾਮਾਰੀ ਦੌਰਾਨ ਉਨ੍ਹਾਂ ਦੇ ਮਹਿਕਮੇ ਨੇ ਪੰਜਾਬ ਦੇ 3 ਸਰਕਾਰੀ ਮੈਡੀਕਲ ਕਾਲਜਾਂ 'ਚ ਤਿਆਰ ਕੀਤੇ ਗਏ ਆਈਸੋਲੇਸ਼ਨ ਵਾਰਡਾਂ 'ਚ ਕੁੱਲ 1500 ਆਈਸੋਲੇਸ਼ਨ ਬੈੱਡ ਮੁਹੱਈਆ ਕੀਤੇ ਗਏ ਸਨ, ਜਿਨ੍ਹਾਂ 'ਚੋਂ 1324 ਆਕਸੀਜਨ ਬੈੱਡ ਅਤੇ 392 ਆਈ. ਸੀ. ਯੂ. ਬੈੱਡ ਮਰੀਜ਼ਾਂ ਲਈ ਤਿਆਰ ਕੀਤੇ ਗਏ ਸਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 'ਆਜ਼ਾਦੀ ਘੁਲਾਟੀਆਂ' ਤੇ ਯੋਗ ਵਾਰਸਾਂ ਲਈ ਅਹਿਮ ਐਲਾਨ

ਇਸ ਤੋਂ ਇਲਾਵਾ ਕੋਵਿਡ ਦੇ ਮਰੀਜ਼ਾਂ ਦੀ ਗੰਭੀਰ ਹਾਲਤ 'ਚ ਦੇਖਭਾਲ ਲਈ 277 ਵੈਂਟੀਲੇਟਰ ਅਤੇ 50 ਹਾਈ ਫਲੋ ਕਨੋਲਾ ਦਾ ਪ੍ਰਬੰਧ ਕੀਤਾ ਗਿਆ। ਪੰਜਾਬ 'ਚ ਤਕਰੀਬਨ 250 ਨਿੱਜੀ ਹਸਪਤਾਲਾਂ ਨੂੰ ਕੋਵਿਡ ਮਹਾਮਾਰੀ ਦੀ ਲੜਾਈ ਲੜਨ ਲਈ ਨਾਲ ਜੋੜਿਆ ਗਿਆ। ਇਸ ਤੋਂ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਕੰਮ ਕਰਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਨੂੰ ਇਸ ਬੀਮਾਰੀ ਤੋਂ ਬਚਾਅ ਰੱਖਦੇ ਹੋਏ ਕੋਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਦੀਆਂ ਨਵੀਨਤਮ ਖੋਜਾਂ ਤੋਂ ਜਾਣੂੰ ਕਰਵਾਉਣ ਲਈ ਏਮਜ਼ ਦਿੱਲੀ, ਪੀ. ਜੀ. ਆਈ. ਚੰਡੀਗੜ੍ਹ ਦੇ ਮਾਹਿਰ ਡਾਕਟਰਾਂ ਦੀ ਟੀਮ ਬਣਾ ਕੇ ਡਾਕਟਰ ਕੇ. ਕੇ. ਤਲਵਾੜ ਦੀ ਅਗਵਾਈ 'ਚ ਵੱਖ-ਵੱਖ ਮਾਹਿਰ ਗਰੁੱਪ ਵਲੋਂ ਸੇਵਾਵਾਂ ਨਿਭਾਈਆਂ ਗਈਆਂ।
ਨੋਟ : ਪੰਜਾਬ 'ਚ ਜਲਦ ਸ਼ੁਰੂ ਹੋਣ ਵਾਲੇ 3 ਸਰਕਾਰੀ ਮੈਡੀਕਲ ਕਾਲਜਾਂ ਬਾਰੇ ਤੁਹਾਡੀ ਕੀ ਹੈ ਰਾਏ?


Babita

Content Editor

Related News