ਕੁੜੀਆਂ ਦੇ ਹੋਸਟਲ ਸਾਹਮਣੇ ਡਾਕਟਰਾਂ ਨੇ ਕੀਤੀ ਹੁੱਲੜਬਾਜ਼ੀ, ਕਾਲਜ ਪ੍ਰਸ਼ਾਸਨ ਨੇ 6 ਡਾਕਟਰਾਂ ਨੂੰ ਕੀਤਾ ਸਸਪੈਂਡ
Sunday, Aug 13, 2017 - 01:21 PM (IST)
ਅੰਮ੍ਰਿਤਸਰ (ਦਲਜੀਤ) — ਸਰਕਾਰੀ ਮੈਡੀਕਲ ਕਾਲਜ 'ਚ ਬੀਤੀ ਰਾਤ ਲੜਕੀਆਂ ਦੇ ਹੋਸਟਲ ਦੇ ਬਾਹਰ 6 ਜੂਨੀਅਰ ਡਾਕਟਰਾਂ ਨੇ ਸ਼ਰਾਬ ਪੀ ਕੇ ਹੜਕੰਪ ਮਚਾਇਆ। ਡਾਕਟਰਾਂ ਨੇ ਨਸ਼ੇ 'ਚ ਆਪਣੇ ਹੀ ਇਕ ਸਾਥੀ ਨਾਲ ਗਾਲ੍ਹਾ ਕੱਢਣ ਤੋਂ ਬਾਅਦ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਘਟਨਾ ਤੋਂ ਬਾਅਦ ਹੋਸਟਲ ਦੀਆਂ ਲੜਕੀਆਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਕਾਲਜ ਪ੍ਰਸ਼ਾਸਨ ਨੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੇ 6 ਡਾਕਟਰਾਂ ਨੂੰ ਸਸਪੈਂਡ ਕਰਦੇ ਹੋਏ ਇਸ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਜਾਣਕਾਰੀ ਦੇ ਮੁਤਾਬਕ ਸਰਕਾਰੀ ਮੈਡੀਕਲ ਸਰਕਾਰੀ ਮੈਡੀਕਲ ਕਾਲਜ ਦੇ ਜੂਨੀਅਰ ਡਾਕਟਰ ਸ਼ਰਾਬੀ ਹਾਲਤ 'ਚ ਇਕ ਗੱਡੀ 'ਚ ਬੈਠੇ ਹੋਏ ਸਨ। ਗੱਡੀ ਨੂੰ ਲੈ ਕੇ ਡਾਕਟਰ ਕਾਲਜ ਦੇ ਚੱਕਰ ਲਗਾ ਰਹੇ ਸਨ। ਇਸੇ ਦੌਰਾਨ ਲੜਕੀਆਂ ਦੇ ਹੋਸਟਲ ਨੇੜੇ ਗੱਡੀਆਂ ਰੋਕਦੇ ਹੋਏ ਉਨ੍ਹਾਂ ਨੇ ਹੁੜਦੰਗ ਮਚਾਇਆ ਤੇ ਆਪਣੇ ਹੀ ਇਕ ਸਾਥੀ ਦੇ ਨਾਲ ਕੁੱਟਮਾਰ ਕੀਤੀ।
ਕਾਲਜ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਪਹੁੰਚੇ। ਕੁੱਟਮਾਰ 'ਚ ਜ਼ਖਮੀ ਹੋਏ ਡਾਕਟਰ ਨੇ ਵੀ ਸ਼ਰਾਬ ਪੀ ਰੱਖੀ ਸੀ ਤੇ ਉਸ ਨੂੰ ਤਰੁੰਤ ਐਮਰਜੰਸੀ 'ਚ ਦਾਖਲ ਕਰਵਾਇਆ ਗਿਆ। ਕਾਲਜ ਦੇ ਪ੍ਰਿੰ. ਡਾ. ਤੇਜ਼ਬੀਰ ਸਿੰਘ ਨੇ ਮੌਕੇ 'ਤੇ ਘਟਨਾ ਸਥਲ ਦਾ ਨਿਰੀਖਣ ਕੀਤਾ ਤੇ ਸੁਰੱਖਿਆ ਨੂੰ ਹੋਰ ਸਖਤ ਕਰ ਦਿੱਤਾ। ਜੂਨੀਅਰ ਡਾਕਟਰਾਂ ਨੂੰ ਸਸਪੈਂਡ ਕਰਦੇ ਹੋਏ 6 ਡਾਕਟਰਾਂ ਦੀ ਉੱਚ ਪੱਧਰੀ ਕਮੇਟੀ ਨੂੰ ਜਾਂਚ ਦੇ ਹੁਕਮ ਇਕ ਹਫਤੇ 'ਚ ਦੇਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਸਪੈਂਡ ਕੀਤੇ ਗਏ ਡਾਕਟਰਾਂ ਦੇ ਮਾਪਿਆਂ ਨੂੰ ਵੀ ਸਦਿਆ ਗਿਆ।
ਘਟਨਾ ਨਾਲ ਸੰਬੰਧਿਤ ਸਾਰੇ ਡਾਕਟਰ ਸੀ-ਬਲਾਕ ਦੇ ਹੋਸਟਲ 'ਚ ਰਹਿੰਦੇ ਹਨ। ਕਾਲਜ ਦੇ ਪਿੰ੍ਰ. ਡਾ. ਤੇਜਬੀਰ ਸਿੰਘ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਜੂਨੀਅਰ ਡਾਕਟਰਾਂ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਹੈ। ਕਾਲਜ ਦੀ ਅਨੁਸ਼ਾਸਨ ਕਮੇਟੀ ਦੇ ਇੰਚਰਾਜ ਡਾ. ਜਸਵੰਤ ਰਾਇ ਦੀ ਅਗਵਾਈ 'ਚ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਜੋ ਤੱਥ ਸਾਹਮਣੇ ਆਉਣਗੇ ਉਸ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਕਾਲਜ 'ਚ ਅਨੁਸ਼ਾਸਨਹੀਨਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹੋਸਟਲ 'ਚ ਰਾਤ ਸਮੇਂ ਸੁਰੱਖਿਆ ਵਿਵਸਥਾ ਹੋਰ ਸਖਤ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮਜੀਠਾ ਰੋਡ ਵਲੋਂ ਕੰਧ ਕਈ ਥਾਵਾਂ ਤੋਂ ਟੁੱਟੀ ਹੋਈ ਹੈ। ਹੋਸਟਲ ਦੇ ਵਿਦਿਆਰਥੀ ਤੇ ਬਾਹਰੀ ਲੋਕ ਉਸੇ ਰਸਤੇ ਰਾਹੀਂ ਆਸਾਨੀ ਨਾਲ ਆਉਂਦੇ-ਜਾਂਦੇ ਰਹਿੰਦੇ ਹਨ।
