ਸਰਕਾਰ ਗੁਰੂਆਂ ਦੇ ਨਾਮ 'ਤੇ ਕੋਈ ਯਾਦਗਾਰ ਬਣਾਵੇ ਨਾ ਕਿ ਬਣੀਆਂ ਯਾਦਗਾਰਾਂ ਵੇਚੇ-ਦਾਦੂਵਾਲ

7/10/2020 5:19:36 PM

ਚੀਮਾ ਮੰਡੀ ( ਤਰਲੋਚਨ ਗੋਇਲ) - ਪਿਛਲੇ ਦਿਨੀਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਸਰਕਾਰ ਵੱਲੋਂ ਵੇਚੇ ਜਾਣ ਦਾ ਵਿਰੋਧ ਕਰਦੇ ਆਪਣੀ ਜਾਨ ਕੁਰਬਾਨ ਕਰਨ ਵਾਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਰਗਰਮ ਵਰਕਰ ਕਿਸਾਨ ਜੋਗਿੰਦਰ ਸਿੰਘ ਭੋਲਾ ਨਮਿਤ ਅੱਜ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਜਨਮ ਅਸਥਾਨ ਸਾਹਿਬ ਚੀਮਾ ਵਿਖੇ ਹੋਇਆ। ਜਿਸ ਦੋਰਾਨ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਸਮੇਤ ਵੱਖ-ਵੱਖ ਧਾਰਮਿਕ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਹਾਜ਼ਰੀ ਭਰੀ।

PunjabKesari

ਕਿਸਾਨ ਜੋਗਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਜਿਥੇ ਆਪਣੇ ਵੱਲੋਂ ਮ੍ਰਿਤਕ ਕਿਸਾਨ ਜੋਗਿੰਦਰ ਸਿੰਘ ਦੇ ਪਰਿਵਾਰ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ। ਉਥੇ ਉਨ੍ਹਾਂ ਆਪਣੇ ਸੰਬੋਧਨ ਵਿਚ ਸਰਕਾਰਾਂ ਦੇ ਲੁਕਵੇਂ ੲੰਜਡੇ ਦੀ ਨਿੰਦਾ ਕਰਦਿਆਂ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਬਠਿੰਡਾ ਵਿਚ ਬਣੇ ਇਤਿਹਾਸਕ ਥਰਮਲ ਪਲਾਂਟ ਨੂੰ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਨੇ ਵੇਚ ਕੇ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ੲੰਜਡੇ ਨੂੰ ਪੂਰਾ ਕੀਤਾ ਹੈ। ਇਸ ਮੌਕੇ ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਮੇਤ ਹਾਜ਼ਰ ਵੱਖ-ਵੱਖ ਜਥੇਬੰਦੀਆਂ ਨੂੰ ਕਿਹਾ ਕਿ ਉਹ ਇਸ ਇਤਿਹਾਸਕ ਥਰਮਲ ਪਲਾਂਟ ਨੂੰ ਬਚਾਉਣ ਲਈ ਸੰਘਰਸ਼ ਵਿੱਢਣ ਤਾਂ ਜੋ ਕਿਸਾਨ ਯੂਨੀਅਨ ਜੋਗਿੰਦਰ ਸਿੰਘ ਦੀ ਕੁਰਬਾਨੀ ਅਜਾਈ ਨਾ ਜਾਵੇ, ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਥਰਮਲ ਪਲਾਂਟ ਨੂੰ ਬਚਾਉਣ ਲਈ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਦਾ ਉਹ ਆਪਣੇ ਵੱਲੋਂ ਪੂਰਾ ਪੂਰਾ ਸਾਥ ਦੇਣਗੇ।
 


Harinder Kaur

Content Editor Harinder Kaur