ਸਰਕਾਰ ਜੀ! ਕਦੋਂ ਬਣੇਗੀ ਫਰਾਲਾ ਤੋਂ ਮੁੰਨਾ ਵਾਇਆ ਫਗਵਾੜਾ ਸੜਕ?

Tuesday, Aug 15, 2017 - 12:26 AM (IST)

ਬਹਿਰਾਮ, (ਆਰ.ਡੀ.ਰਾਮਾ)- ਮਾਹਿਲਪੁਰ ਮੌੜ ਤੋਂ ਫਰਾਲਾ-ਮੁੰਨਾ ਵਾਇਆ ਫਗਵਾੜਾ ਜਾਣ ਵਾਲੀ ਸੜਕ ਦੀ ਹਾਲਤ ਬੇਹੱਦ ਖਰਾਬ ਹੈ। ਇਸ ਸੜਕ 'ਚ ਡੂੰਘੇ-ਡੂੰਘੇ ਟੋਏ ਪੈ ਗਏ ਹਨ ਤੇ ਥੋੜ੍ਹੇ ਜਿਹੇ ਮੀਂਹ ਨਾਲ ਹੀ ਟੋਇਆਂ ਵਿਚ ਪਾਣੀ ਭਰ ਜਾਣ 'ਤੇ ਸੜਕ ਛੱਪੜ ਦਾ ਰੂਪ ਧਾਰ ਲੈਂਦੀ ਹੈ। ਇਸ ਸੜਕ 'ਤੇ ਵਾਹਨ ਤਾਂ ਕੀ, ਬਲਕਿ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਰਿਹਾ ਹੈ। ਇਸ ਟੁੱਟੀ ਸੜਕ ਕਾਰਨ ਆਏ ਦਿਨ ਹਾਦਸੇ ਹੋ ਰਹੇ ਹਨ ਤੇ ਕਈ ਵਾਹਨ ਚਾਲਕ ਇਸ ਸੜਕ 'ਤੇ ਟੋਇਆਂ ਕਾਰਨ ਡਿੱਗ ਕੇ ਸੱਟਾਂ ਲਵਾ ਚੁੱਕੇ ਹਨ ਤੇ ਆਪਣੇ ਵਾਹਨਾਂ ਦਾ ਨੁਕਸਾਨ ਕਰਵਾ ਚੁੱਕੇ ਹਨ।
ਇਸ ਸੜਕ 'ਤੇ ਰੋਜ਼ਾਨਾ ਆਉਣ-ਜਾਣ ਵਾਲੇ ਰਾਹਗੀਰਾਂ ਅਵਤਾਰ ਸਿੰਘ ਫਰਾਲਾ, ਧਰਮਿੰਦਰ ਕੁਮਾਰ ਫਰਾਲਾ, ਕੁਲਵਿੰਦਰ ਮੁੰਨਾ, ਚਰਨਜੀਤ ਸਿੰਘ ਆਦਿ ਨੇ ਦੱਸਿਆ ਕਿ ਅਸੀਂ ਰੋਜ਼ਾਨਾ ਨਜ਼ਦੀਕ ਬਣੀ ਫੈਕਟਰੀ ਵਿਚ ਕੰਮ ਕਰਨ ਜਾਂਦੇ ਹਾਂ। ਜਦੋਂ ਮੀਂਹ ਪੈ ਜਾਂਦਾ ਹੈ ਤਾਂ ਇਸ ਟੁੱਟੀ ਸੜਕ ਕਾਰਨ ਅਸੀਂ ਆਪਣੀ ਡਿਊਟੀ 'ਤੇ ਲੇਟ ਪਹੁੰਚਦੇ ਹਾਂ। ਜ਼ਿਕਰਯੋਗ ਹੈ ਕਿ ਇਸ ਸੜਕ 'ਤੇ ਵਸੇ ਪਿੰਡਾਂ ਮੁੰਨਾ ਤੇ ਫਰਾਲਾ ਤੋਂ 3 ਕਿਲੋਮੀਟਰ 'ਤੇ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਵਿਚ ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਤੇ ਸਾਬਕਾ ਵਿਧਾਇਕ ਬੰਗਾ ਚੌਧਰੀ ਮੋਹਣ ਲਾਲ ਦਾ ਜੱਦੀ ਪਿੰਡ ਹੈ।
ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਤੋਂ ਮੰਗ ਕੀਤੀ ਕਿ ਸੜਕ ਨੂੰ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ।


Related News