ਸਰਕਾਰ ਜੀ! ਗਾਜੀਪੁਰ ਰੋਡ ''ਤੇ ਲੱਗਦੇ ਨਿੱਤ ਜਾਮ ਦਾ ਕਰੋ ਇੰਤਜ਼ਾਮ

04/15/2018 4:44:40 AM

ਸੁਲਤਾਨਪੁਰ ਲੋਧੀ,   (ਅਸ਼ਵਨੀ)-  ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਅੰਦਰ ਟ੍ਰੈਫਿਕ ਜਾਮ ਦੀ ਗੱਲ ਆਮ ਹੈ। ਇਕ ਪਾਸੇ ਤਲਵੰਡੀ ਚੌਕ ਤੇ ਸ਼੍ਰੋਮਣੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਲੱਗੀਆਂ ਟ੍ਰੈਫਿਕ ਲਾਈਟਾਂ ਤਕਰੀਬਨ 1 ਦਹਾਕੇ ਤੋਂ ਆਪਣੇ ਸ਼ੁਰੂਆਤੀ ਦੌਰ ਤੋਂ ਹੀ ਬੰਦ ਚਲੀਆਂ ਆ ਰਹੀਆਂ ਹਨ ਤੇ ਦੂਜੇ ਪਾਸੇ ਇਸ ਪੁਲ ਤੋਂ ਅੱਗੇ ਪਿੰਡ ਗਾਜੀਪੁਰ ਨੂੰ ਜਾਂਦੀ ਸੜਕ ਤੇ ਲੱਗ ਰਹੇ ਜਾਮ 'ਚ ਫਸੇ ਲੋਕ ਨਿੱਤ ਗਾਲੋ ਗਾਲੀ ਹੁੰਦੇ ਮਿਲਣਗੇ, ਜਿਸ ਕਾਰਨ ਲੋਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਗਾਜੀਪੁਰ ਰੋਡ 'ਤੇ ਲੱਗਦੇ ਨਿੱਤ ਜਾਮ ਨੂੰ ਪੱਕੇ ਤੌਰ 'ਤੇ ਬ੍ਰੇਕ ਲਗਾਉਣ ਦਾ ਇੰਤਜ਼ਾਮ ਕੀਤਾ ਜਾਵੇ। ਲੀਹੋਂ ਲੱਥ ਚੁੱਕੀ ਟ੍ਰੈਫਿਕ ਸਹੂਲਤ ਤੋਂ ਵਾਂਝੇ ਹੋਣ ਦਾ ਲੋਕਾਂ ਨਾਲ ਵਾਸਤਾ ਇਸ ਵਾਸਤੇ ਵੀ ਹੈ ਕਿਉਂਕਿ ਪ੍ਰਸ਼ਾਸਨ ਦਾ ਇਸ ਵੱਲ ਧਿਆਨ ਦੇਣ ਦਾ ਵਿਹਲ ਅਜੇ ਨਹੀਂ ਜਾਪ ਰਿਹਾ ਹੈ। ਦੱਸ ਦਈਏ ਕਿ ਪਿੰਡ ਗਾਜੀਪੁਰ ਰੋਡ ਦੀ ਲਿੰਕ ਸੜਕ 'ਤੇ ਕਰਾਈਟ ਜੋਤੀ ਕਾਨਵੈਂਟ ਸਿੱਖ ਮਿਸ਼ਨਰੀ ਸਕੂਲ ਹਨ, ਜਿਥੇ ਸਵੇਰੇ ਸਕੂਲ ਖੁੱਲ੍ਹਣ ਤੇ ਦੁਪਹਿਰ ਛੁੱਟੀ ਵੇਲੇ ਸਕੂਲੀ ਬੱਸਾਂ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਦੀਆਂ ਗੱਡੀਆਂ ਦਾ ਵੱਡਾ ਜਮਾਵੜਾ ਹੋ ਜਾਣ ਕਾਰਨ ਟ੍ਰੈਫਿਕ ਸਮੱਸਿਆ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਸਕੂਲਾਂ 'ਚ ਆਉਣ ਜਾਣ ਦੀ ਦੌੜ ਕਾਰਨ ਇਥੋਂ ਲੰਘਣ ਵਾਲੇ ਜਾਮ ਨਾਲ ਲੋਕਾਂ ਨੂੰ ਡਾਢੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਗਾਜੀਪੁਰ ਰੋਡ 'ਤੇ ਹੋ ਰਹੇ ਨਿੱਤ ਜਾਮਾਂ ਦੀ ਸਮੱਸਿਆਂ ਤੋਂ ਛੁਟਕਾਰਾ ਦਵਾਉਣ ਵੱਲ ਧਿਆਨ ਦਿੱਤਾ ਜਾਵੇ। ਉੱਧਰ ਸ਼ਹੀਦ ਊਧਮ ਚੌਕ ਤੇ ਗੱਡੀਆਂ ਦੀਆਂ ਟੱਕਰਾਂ ਦੀਆਂ ਸੂਚਨਾਵਾਂ ਵੀ ਮਿਲ ਰਹੀਆਂ ਹਨ। ਇਸ ਤੋਂ ਪਹਿਲਾਂ ਕਿ ਇਥੇ ਪੈਦਾ ਸਮੱਸਿਆ, ਕਿਸੇ ਲਈ ਜਾਨਲੇਵਾ ਸਿੱਧ ਹੋਵੇ ਤੋਂ ਪਹਿਲਾਂ ਸਰਕਾਰ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇ ਕੇ ਇਕ ਤਾਂ ਟ੍ਰੈਫਿਕ ਲਾਈਟਾਂ ਲਗਵਾਈਆਂ ਜਾਣ ਤੇ ਇਸ ਦੇ ਨਾਲ ਹੀ ਇਸ ਚੌਕ ਨੇੜੇ ਦੁਕਾਨਦਾਰਾਂ ਵਗੈਰਾ ਪਾਸੋਂ ਸੁਝਾਅ ਲੈਣ ਤੋਂ ਬਾਅਦ ਇਸ ਚੌਕ ਤੋਂ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਪ੍ਰਬੰਧ ਕੀਤੇ ਜਾਣ ਦੀ ਲੋੜ ਹੈ। ਸ਼ਹਿਰ ਨਿਵਾਸੀਆਂ ਨੇ ਤਲਵੰਡੀ ਚੌਧਰੀਆਂ ਚੌਕ ਦੀਆਂ ਲਾਈਟਾਂ ਨੂੰ ਚਾਲੂ ਕਰਵਾਉਣ ਦੀ ਮੰਗ ਕੀਤੀ ਹੈ।


Related News