ਤਲਵਾੜਾ ਦੇ ਸਰਕਾਰੀ ਕਾਲਜ ਦੀ ਵੱਡੀ ਘਟਨਾ, ਵਿਦਿਆਰਥਣ ਨੂੰ ਧੋਖੇ ਨਾਲ ਦਿੱਤਾ ਨਸ਼ਾ
Friday, May 13, 2022 - 05:44 PM (IST)
ਤਲਵਾੜਾ (ਜ. ਬ.) : ਸਰਕਾਰੀ ਕਾਲਜ ਤਲਵਾੜਾ ਦੀ ਕੰਟੀਨ ਵਿਚ ਇਕ ਵਿਦਿਆਰਥਣ ਨੂੰ ਨਸ਼ੇ ਵਾਲਾ ਪਦਾਰਥ ਪਿਆਉਣ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਪ੍ਰਿੰਸੀਪਲ ਨੇ ਕੰਟੀਨ ਵਾਲੇ ਅਤੇ ਮੁਲਜ਼ਮ ਵਿਦਿਆਰਥੀ ਨੂੰ ਕਾਲਜ ਤੋਂ ਬਾਹਰ ਕੱਢ ਦਿੱਤਾ। ਪੀੜਤ ਵਿਦਿਆਰਥਣ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਆਪਣੇ ਗਰੁੱਪ ਨਾਲ ਕੰਟੀਨ ’ਚ ਬੈਠੀ ਸੀ ਤਾਂ ਕੰਟੀਨ ਵਾਲੇ ਦੀ ਮਿਲੀਭੁਗਤ ਨਾਲ ਕਾਲਜ ’ਚ ਆਏ ਇਕ ਬਾਹਰੀ ਮੁੰਡੇ ਨੇ ਉਸ ਨੂੰ ਕੋਈ ਨਸ਼ੇ ਵਾਲੀ ਚੀਜ਼ ਪਿਆ ਦਿੱਤੀ, ਜੋ ਕਾਲਜ ’ਚ ਬਿਜ਼ਨੈੱਸ ਦੀ ਕਲਾਸ ਚਲਾਉਂਦਾ ਹੈ। ਇਸ ਤੋਂ ਤੁਰੰਤ ਬਾਅਦ ਉਸ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਘਰ ਜਾ ਕੇ ਉਸ ਦੀ ਹਾਲਤ ਵਿਗੜ ਗਈ। ਜਦੋਂ ਉਸ ਨੇ ਨਾਲ ਵਾਲੇ ਵਿਅਕਤੀ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਤੁਸੀਂ ਕੋਈ ਮਿੱਠੀ ਚੀਜ਼ ਨਾ ਪੀਓ, ਨਿੰਬੂ ਪਾਣੀ ਪੀਓ। ਕੰਟੀਨ ਵਾਲੇ ਮੁੰਡੇ ਨੇ ਵੀ ਉਸ ਦਾ ਹਾਲ-ਚਾਲ ਪੁੱਛਿਆ ਅਤੇ ਆਪਣਾ ਬਚਾਅ ਕਰਨ ਲਈ ਕਿਹਾ।
ਇਹ ਵੀ ਪੜ੍ਹੋ: ਫਿਲੌਰ ਵਿਖੇ ਜੱਜ ਦੇ ਸਾਹਮਣੇ ਪਿਸਤੌਲ ਤਾਣ ਬੋਲਿਆ ਨੌਜਵਾਨ, ਸਿਰ ’ਤੇ ਕਫ਼ਨ ਬੰਨ੍ਹ ਕੇ ਆਇਆ ਹਾਂ, ਇਨਸਾਫ਼ ਦਿਓ
ਸਵੇਰੇ ਆ ਕੇ ਉਸ ਨੇ ਇਸ ਮਾਮਲੇ ਸਬੰਧੀ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਤਾਂ ਕਾਰਵਾਈ ਕਰਦਿਆਂ ਉਨ੍ਹਾਂ ਨੇ ਕੰਟੀਨ ਤੋਂ ਠੇਕਾ ਵਾਪਸ ਲੈ ਲਿਆ ਅਤੇ ਵਿਦਿਆਰਥਣ ਦੇ ਸਾਥੀ ਵਿਦਿਆਰਥੀ ਨੂੰ ਕਾਲਜ ’ਚੋਂ ਕੱਢ ਦਿੱਤਾ। ਹਾਲਾਂਕਿ ਇਸ ਦੌਰਾਨ ਦੋ ਅਧਿਆਪਕਾਵਾਂ ਨੇ ਮੀਡੀਆ ਨੂੰ ਸਖ਼ਤ ਲਹਿਜੇ ’ਚ ਇਸ ਖ਼ਬਰ ਨੂੰ ਨਾ ਲਾਉਣ ਲਈ ਕਿਹਾ। ਇਸ ਦੇ ਨਾਲ ਹੀ ਮੌਕੇ ’ਤੇ ਪਹੁੰਚੀ ਤਲਵਾੜਾ ਪੁਲਸ ਖ਼ਬਰ ਲਿਖੇ ਜਾਣ ਤੱਕ ਕਾਰਵਾਈ ਕਰ ਰਹੀ ਸੀ।
ਇਹ ਵੀ ਪੜ੍ਹੋ: ਰੇਸਰ ਮੋਟਰਸਾਈਕਲ ਵਾਲੇ ਨੇ ਬੁਝਾਇਆ ਘਰ ਦਾ ਚਿਰਾਗ, ਹਾਦਸੇ 'ਚ 8 ਸਾਲਾ ਬੱਚੇ ਦੀ ਮੌਤ
ਦੂਜੇ ਪਾਸੇ ਕੰਟੀਨ ਵਾਲੇ ਨੇ ਦੱਸਿਆ ਕਿ ਜਦੋਂ ਉਹ ਕਾਲਜ ਦੇ ਮੁੰਡਿਆਂ ਨੂੰ ਕੋਈ ਗ਼ਲਤ ਕੰਮ ਕਰਨ ਤੋਂ ਰੋਕਦਾ ਸੀ ਤਾਂ ਉਹ ਉਸ ਨੂੰ ਬਾਹਰ ਘੇਰ ਕੇ ਧਮਕੀਆਂ ਦਿੰਦੇ ਸਨ। ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਉਹ ਕਾਲਜ ਪ੍ਰਸ਼ਾਸਨ ਦੀ ਜ਼ਿੰਮੇਵਾਰੀ ’ਤੇ ਆਪਣੇ ਬੱਚਿਆਂ ਨੂੰ ਦੂਰ-ਦੁਰਾਡੇ ਦੇ ਪਿੰਡਾਂ ਤੋਂ ਪੜ੍ਹਨ ਲਈ ਭੇਜਦੇ ਹਨ। ਜੇਕਰ ਅੱਜ ਉਸ ਕੁੜੀ ਨਾਲ ਕੋਈ ਹਾਦਸਾ ਵਾਪਰ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੁੰਦਾ। ਇਸ ਲਈ ਹੁਣ ਕਾਲਜ ਪ੍ਰਸ਼ਾਸਨ ਨੂੰ ਕੈਂਪਸ ’ਤੇ ਤਿੱਖੀ ਨਜ਼ਰ ਰੱਖਣੀ ਪਵੇਗੀ।
ਨੋਟ: ਇਸ ਘਟਨਾ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ