ਮਾਨ ਸਰਕਾਰ ਦੀਆਂ ਪਾਰਦਰਸ਼ੀ ਨੀਤੀਆਂ ਸਦਕਾ ਸਰਕਾਰੀ ਬੱਸ ਸੇਵਾ ਦੀ ਅਾਮਦਨ ’ਚ ਹੋ ਰਿਹੈ ਵੱਡਾ ਵਾਧਾ : ਭੁੱਲਰ
Tuesday, Apr 12, 2022 - 08:54 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀਆਂ ਪਾਰਦਰਸ਼ੀ ਨੀਤੀਆਂ ਸਦਕਾ ਸਰਕਾਰੀ ਬੱਸ ਸੇਵਾ ਦੀ ਆਮਦਨ ’ਚ ਨਿਰੰਤਰ ਵੱਡਾ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਮਾਰਚ 2021 ’ਚ ਪੀ. ਆਰ. ਟੀ. ਸੀ. ਦੀ ਆਮਦਨ 37.23 ਕਰੋੜ ਰੁਪਏ ਸੀ, ਜੋ ਮਾਰਚ 2022 ਦੌਰਾਨ ਵਧ ਕੇ 62.34 ਕਰੋੜ ਰੁਪਏ ਹੋ ਗਈ ਹੈ। ਚੰਡੀਗੜ੍ਹ ਡਿਪੂ ਵਿਖੇ ਸੰਖੇਪ ਸਮਾਗਮ ਦੌਰਾਨ ਪੀ. ਆਰ. ਟੀ. ਸੀ. ਦੇ ਬੇੜੇ ’ਚ 29 ਨਵੀਆਂ ਬੱਸਾਂ ਦੀ ਆਖ਼ਰੀ ਖੇਪ ਨੂੰ ਹਰੀ ਝੰਡੀ ਵਿਖਾ ਕੇ ਸ਼ਾਮਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੁੱਲਰ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੇ ਲੰਘੇ ਦਸੰਬਰ, ਜਨਵਰੀ ਅਤੇ ਫ਼ਰਵਰੀ ਮਹੀਨਿਆਂ ਦੌਰਾਨ ਪੀ. ਆਰ. ਟੀ. ਸੀ. ਦੀ ਰੋਜ਼ਾਨਾ ਆਮਦਨ 1 ਕਰੋੜ 76 ਲੱਖ ਰੁਪਏ ਪ੍ਰਤੀ ਦਿਨ ਦਰਜ ਕੀਤੀ ਗਈ, ਜਦਕਿ 10 ਮਾਰਚ ਨੂੰ ਆਏ ਨਤੀਜਿਆਂ ਤੋਂ ਬਾਅਦ ਹੀ ਸਾਡੀ ਸਰਕਾਰ ਦੀ ਪਾਰਦਰਸ਼ੀ ਨੀਤੀ ਮੁਤਾਬਕ ਸਰਕਾਰੀ ਬੱਸ ਸੇਵਾ ਦੀ ਆਮਦਨ ’ਚ ਵਾਧਾ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਭਗਵੰਤ ਮਾਨ ਨੂੰ ‘ਰਬੜ ਸਟੈਂਪ ਮੁੱਖ ਮੰਤਰੀ’ ਬਣਾਉਣ ਦੀ ਕਰ ਰਿਹੈ ਕੋਸ਼ਿਸ਼ : ਤਰੁਣ ਚੁੱਘ
ਉਨ੍ਹਾਂ ਦੱਸਿਆ ਕਿ ਮਾਰਚ ਮਹੀਨੇ ਦੌਰਾਨ ਇਕੱਲੀ ਪੀ. ਆਰ. ਟੀ. ਸੀ. ਦੀ ਆਮਦਨ ਵਧ ਕੇ 2 ਕਰੋੜ 1 ਲੱਖ ਰੁਪਏ ਪ੍ਰਤੀ ਦਿਨ ਰਹੀ, ਜੋ ਅਪ੍ਰੈਲ ਮਹੀਨੇ ਦੇ 10 ਦਿਨਾਂ ਦੌਰਾਨ ਹੋਰ ਵਧ ਕੇ 2 ਕਰੋੜ 20 ਲੱਖ ਰੁਪਏ ਪ੍ਰਤੀ ਦਿਨ ਹੋ ਗਈ ਹੈ। ਪੀ. ਆਰ. ਟੀ. ਸੀ. ਦੇ ਬੇੜੇ ’ਚ 29 ਨਵੀਆਂ ਬੱਸਾਂ ਦੀ ਆਖ਼ਰੀ ਖੇਪ ਨੂੰ ਸ਼ਾਮਲ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਭਰੋਸਾ ਜਤਾਇਆ ਕਿ ਜਨਤਕ ਆਵਾਜਾਈ ਦੀ ਮਜ਼ਬੂਤੀ ਸਪੱਸ਼ਟ ਤੌਰ ’ਤੇ ਪ੍ਰਾਈਵੇਟ ਬੱਸ ਮਾਫ਼ੀਆ ਨੂੰ ਠੱਲ੍ਹ ਪਾਉਣ ’ਚ ਸਹਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਪੀ. ਆਰ. ਟੀ. ਸੀ. ਨੂੰ ਦਿੱਤੀਆਂ ਗਈਆਂ 255 ਨਵੀਆਂ ਬੱਸਾਂ ਦੀ ਆਖ਼ਰੀ ਖੇਪ ਦੀਆਂ 29 ਬੱਸਾਂ ਤੋਂ ਬਾਅਦ ਪੀ.ਆਰ.ਟੀ.ਸੀ. ’ਚ ਹੁਣ ਕੁਲ 1308 ਬੱਸਾਂ ਹੋ ਗਈਆਂ ਹਨ, ਜਿਸ ਨਾਲ ਪੀ. ਆਰ. ਟੀ. ਸੀ. ਦੇ ਮੁੱਖ ਆਪ੍ਰੇਸ਼ਨਲ ਕੇਂਦਰ ਮਾਲਵਾ ਖ਼ਿੱਤੇ ’ਚ ਜਿਥੇ ਸਰਕਾਰੀ ਬੱਸ ਸੇਵਾ ਤੰਤਰ ਮਜ਼ਬੂਤ ਕੀਤਾ ਜਾ ਸਕੇਗਾ, ਉਥੇ ਹੀ ਬੰਦ ਪਏ ਰੂਟਾਂ ’ਤੇ ਵੀ ਬੱਸਾਂ ਚਲਾਈਆਂ ਜਾ ਸਕਣਗੀਆਂ।
ਇਹ ਵੀ ਪੜ੍ਹੋ : ਕੇਜਰੀਵਾਲ ਨਾਲ ਮੀਟਿੰਗ ਮਗਰੋਂ CM ਮਾਨ ਦਾ ਟਵੀਟ, ਕਿਹਾ-ਪੰਜਾਬ ਦੇ ਲੋਕਾਂ ਨੂੰ ਜਲਦ ਦੇਵਾਂਗਾ ਚੰਗੀ ਖ਼ਬਰ
ਉਨ੍ਹਾਂ ਦੱਸਿਆ ਕਿ ਇਨ੍ਹਾਂ ਨਵੀਆਂ ਬੱਸਾਂ ’ਚੋਂ ਪਟਿਆਲਾ, ਸੰਗਰੂਰ ਅਤੇ ਬਠਿੰਡਾ ਡਿਪੂਆਂ ਨੂੰ 6-6, ਬੁਢਲਾਡਾ ਡਿਪੂ ਨੂੰ 5, ਚੰਡੀਗੜ੍ਹ ਡਿਪੂ ਨੂੰ 4 ਅਤੇ ਬਰਨਾਲਾ ਬੱਸ ਡਿਪੂ ਨੂੰ 2 ਬੱਸਾਂ ਮੁਹੱਈਆ ਕਰਵਾਈਆਂ ਗਈਆਂ ਹਨ। ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਕਿਫ਼ਾਇਤੀ, ਸੁਰੱਖਿਆਤਮਕ ਅਤੇ ਵਧੀਆ ਸਫ਼ਰ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਭਰ ’ਚ ਨਿੱਜੀ ਟਰਾਂਸਪੋਰਟ ਮਾਫ਼ੀਆ ਉੱਤੇ ਲਗਾਮ ਕੱਸਣ ਵਾਸਤੇ ਤਿਆਰ ਕੀਤੀ ਜਾ ਰਹੀ ਯੋਜਨਾ ਦੇ ਹਿੱਸੇ ਵਜੋਂ ਸਰਕਾਰੀ ਬੱਸ ਸੇਵਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਛੇਤੀ ਹੀ ਸਰਕਾਰੀ ਖਜ਼ਾਨੇ ਨੂੰ ਢਾਹ ਲਾਉਣ ਵਾਲੇ ਪ੍ਰਾਈਵੇਟ ਟਰਾਂਸਪੋਰਟ ਮਾਫ਼ੀਆ ਉੱਤੇ ਨਕੇਲ ਕੱਸ ਲਈ ਜਾਵੇਗੀ।
ਇਹ ਵੀ ਪੜ੍ਹੋ : ਪੁੱਤ ਨੂੰ ਵਿਆਹੁਣ ਦੇ ਚਾਅ ਰਹਿ ਗਏ ਅਧੂਰੇ, ਅਬੋਹਰ ਵਿਖੇ ਹਾਦਸੇ ’ਚ ਇਕਲੌਤੇ ਪੁੱਤਰ ਦੀ ਮੌਤ
ਭੁੱਲਰ ਨੇ ਕਿਹਾ ਕਿ ਦੂਜੇ ਸੂਿਬਆਂ ਤੋਂ ਪੰਜਾਬ ’ਚ ਆ ਕੇ ਟੈਕਸ ਚੋਰੀ ਕਰਨ ਵਾਲੀਆਂ ਪ੍ਰਾਈਵੇਟ ਬੱਸਾਂ ਨੂੰ ਪਹਿਲੀ ਵਾਰ 54 ਹਜ਼ਾਰ, ਦੂਜੀ ਵਾਰ 1 ਲੱਖ 8 ਹਜ਼ਾਰ ਅਤੇ ਤੀਜੀ ਵਾਰ 2 ਲੱਖ 16 ਹਜ਼ਾਰ ਜੁਰਮਾਨੇ ਦੀ ਵਿਵਸਥਾ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਜਿਹੀਆਂ ਡਿਫ਼ਾਲਟਰ ਬੱਸਾਂ ਦੇ ਵੇਰਵੇ ਆਨਲਾਈਨ ਕਰਨ ਬਾਰੇ ਉਹ ਛੇਤੀ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਕਰਨਗੇ ਤਾਂ ਜੋ ਇਕ ਵਾਰ ਫੜੀ ਗਈ ਬੱਸ ਨੂੰ ਅਗਲੀ ਵਾਰ ਦੁੱਗਣਾ ਜੁਰਮਾਨਾ ਦੇਣਾ ਯਕੀਨੀ ਬਣਾਇਆ ਜਾ ਸਕੇ। ਸਮਾਗਮ ਦੌਰਾਨ ਐੱਮ. ਡੀ. ਪੀ. ਆਰ. ਟੀ. ਸੀ. ਪ੍ਰਨੀਤ ਸ਼ੇਰਗਿੱਲ, ਜਨਰਲ ਮੈਨੇਜਰ (ਪ੍ਰਸ਼ਾਸਨ) ਸੁਰਿੰਦਰ ਸਿੰਘ, ਜਨਰਲ ਮੈਨੇਜਰ ਚੰਡੀਗੜ੍ਹ ਡਿਪੂ ਮਨਿੰਦਰਪਾਲ ਸਿੰਘ ਸਿੱਧੂ, ਜਨਰਲ ਮੈਨੇਜਰ ਪਟਿਆਲਾ ਡਿਪੂ ਜਤਿੰਦਰਪਾਲ ਸਿੰਘ ਗਰਵੇਾਲ ਅਤ ਜਨਰਲ ਮੈਨਜਰ ਬਰਨਾਲਾ ਡਿਪੂ ਐੱਮ. ਪੀ. ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।