ਅਸੀਂ ਨਹੀਂ ਸੁਧਰਨਾ ਭਾਵੇਂ ਕੁਝ ਵੀ ਹੋ ਜਾਵੇ
Wednesday, Jan 16, 2019 - 10:05 AM (IST)
ਜਲੰਧਰ (ਅਮਿਤ)— ਸੂਬੇ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਦਾ ਮਹੱਤਵਪੂਰਨ ਪ੍ਰਾਜੈਕਟ ਸੇਵਾ ਕੇਂਦਰ ਪਹਿਲੇ ਦਿਨ ਤੋਂ ਹੀ ਵਿਵਾਦਾਂ ਵਿਚ ਘਿਰਿਆ ਹੋਇਆ ਹੈ। ਆਮ ਜਨਤਾ ਨੂੰ ਸਾਰੀਆਂ ਸਰਕਾਰੀ ਸੇਵਾਵਾਂ ਇਕ ਹੀ ਛੱਤ ਦੇ ਹੇਠਾਂ ਦੇਣ Àਦੇ ਉਦੇਸ਼ ਨਾਲ ਖੋਲ੍ਹੇ ਗਏ ਸੇਵਾ ਕੇਂਦਰ ਹੌਲੀ-ਹੌਲੀ ਜਨਤਾ ਦੇ ਜੀਅ ਦਾ ਜੰਜਾਲ ਬਣ ਕੇ ਹੀ ਰਹਿ ਗਏ ਹਨ।
ਪਿਛਲੇ ਲੰਮੇ ਸਮੇਂ ਤੱਕ ਸੂਬੇ 'ਚ ਸੇਵਾ ਕੇਂਦਰ ਆਪਰੇਟ ਕਰਨ ਵਾਲੀ ਨਿੱਜੀ ਕੰਪਨੀ ਬੀ. ਐੱਲ. ਐੱਸ. ਸਾਲਿਊਸ਼ਨਜ਼ ਵਲੋਂ ਸੇਵਾ ਕੇਂਦਰ ਚਲਾਉਣ ਨੂੰ ਲੈ ਕੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਈ ਜਾ ਰਹੀ, ਜਿਸ ਦਾ ਜਿਊਂਦਾ-ਜਾਗਦਾ ਸਬੂਤ ਹੈ ਡੀ. ਏ. ਸੀ. ਦੇ ਅੰਦਰ ਸਬ-ਰਜਿਸਟਰਾਰ ਬਿਲਡਿੰਗ ਦੇ ਬਿਲਕੁਲ ਸਾਹਮਣੇ ਪੁਰਾਣੇ ਸੁਵਿਧਾ ਸੈਂਟਰ ਵਾਲੀ ਬਿਲਡਿੰਗ 'ਚ ਚੱਲ ਰਿਹਾ ਟਾਈਪ-1 ਸੇਵਾ ਕੇਂਦਰ, ਜਿਸ ਦਾ ਮੌਜੂਦਾ ਸਮੇਂ ਵਿਚ ਕਾਫੀ ਬੁਰਾ ਹਾਲ ਹੋ ਚੁੱਕਾ ਹੈ ਅਤੇ ਇਥੇ ਆਉਣ ਵਾਲੇ ਲੋਕਾਂ ਦੇ ਮੂੰਹ 'ਚੋਂ ਸਿਰਫ ਇਹੀ ਸ਼ਬਦ ਨਿਕਲਦੇ ਹਨ ਕਿ ਸੁਵਿਧਾ ਸੈਂਟਰ ਵਿਚ ਆ ਕੇ ਕੰਮ ਕਰਵਾਉਣ ਦਾ ਤਜਰਬਾ ਘੱਟੋ-ਘੱਟ ਹਜ਼ਾਰ ਗੁਣਾ ਬਿਹਤਰ ਸੀ।
ਸੀਨੀਅਰ ਕਾਂਗਰਸੀ ਆਗੂ ਅਤੇ ਆਰ. ਟੀ. ਆਈ. ਐਕਟੀਵਿਸਟ ਭੁਪੇਸ਼ ਸੁਗੰਧ ਅਤੇ ਸੰਦੀਪ ਖੋਸਲਾ ਨੇ 'ਜਗ ਬਾਣੀ' ਨਾਲ ਖਾਸ ਗੱਲਬਾਤ 'ਚ ਦੱਸਿਆ ਕਿ ਇੰਝ ਲੱਗਦਾ ਹੈ ਕਿ ਨਿੱਜੀ ਕੰਪਨੀ ਅਤੇ ਉਨ੍ਹਾਂ ਦੇ ਸਟਾਫ ਦਾ ਇਹੀ ਮੰਨਣਾ ਹੈ ਕਿ ਅਸੀਂ ਨਹੀਂ ਸੁਧਰਨਾ ਭਾਵੇਂ ਕੁਝ ਵੀ ਹੋ ਜਾਵੇ। ਉਨ੍ਹਾਂ ਕਿਹਾ ਕਿ ਟਾਈਪ-1 ਸੇਵਾ ਕੇਂਦਰ 'ਚ ਆਉਣ ਵਾਲੇ ਲੋਕ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦੀ ਸਹੂਲਤ ਦਾ ਬੁਰਾ ਹਾਲ ਹੈ। ਕਿਸੇ ਵੀ ਵਿਅਕਤੀ ਲਈ ਪਖਾਨਿਆਂ ਦੇ ਅੰਦਰ ਜਾਣਾ ਤਾਂ ਦੂਰ ਦੀ ਗੱਲ, ਕੋਲੋਂ ਲੰਘਣਾ ਵੀ ਮੁਸ਼ਕਲ ਹੈ। ਚਾਰੇ ਪਾਸੇ ਇੰਨੀ ਬਦਬੂ ਫੈਲੀ ਰਹਿੰਦੀ ਹੈ ਕਿ ਮੂੰਹ 'ਤੇ ਰੁਮਾਲ ਰੱਖ ਕੇ ਲੰਘਣਾ ਪੈਂਦਾ ਹੈ। ਨਿੱਜੀ ਕੰਪਨੀ ਵਲੋਂ ਸੇਵਾ ਕੇਂਦਰ ਬਿਲਡਿੰਗ ਦੇ ਰੱਖ-ਰਖਾਅ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਦਾ ਨਤੀਜਾ ਇਹ ਹੈ ਕਿ ਬੈਠਣ ਵਾਲੀਆਂ ਕੁਰਸੀਆਂ ਤਕ ਟੁੱਟ ਚੁੱਕੀਆਂ ਹਨ। ਸੇਵਾ ਕੇਂਦਰ ਦੇ ਅੰਦਰ ਫਰਸ਼ 'ਤੇ ਕਈ-ਕਈ ਇੰਚ ਮਿੱਟੀ ਜਮ੍ਹਾ ਹੈ। ਇੰਝ ਲੱਗਦਾ ਹੈ ਕਿ ਕਈ ਸਾਲਾਂ ਤੋਂ ਇਥੇ ਸਫਾਈ ਹੀ ਨਹੀਂ ਕੀਤੀ ਗਈ। ਭੁਪੇਸ਼ ਨੇ ਕਿਹਾ ਕਿ ਇਥੇ ਕੰਮ ਕਰਨ ਵਾਲੇ ਸਟਾਫ ਦਾ ਲੋਕਾਂ ਨਾਲ ਵਤੀਰਾ ਬੇਹੱਦ ਰੁੱਖਾ ਹੈ। ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਜਨਤਾ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਜ਼ਿਆਦਾਤਰ ਸਟਾਫ ਆਪਣੀ ਮਨਮਰਜ਼ੀ ਨਾਲ ਕੰਮ ਕਰਦਾ ਹੈ। ਇਥੋਂ ਤੱਕ ਕਿ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਇਨ੍ਹਾਂ ਦੇ ਸਾਹਮਣੇ ਬੇਵੱਸ ਮਹਿਸੂਸ ਕਰ ਰਹੇ ਹਨ।ਦੱਬੀ ਜ਼ੁਬਾਨ 'ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮੂਲੀ ਸੈਲਰੀ ਲੈ ਕੇ ਬਤੌਰ ਡਾਟਾ ਐਂਟਰੀ ਆਪ੍ਰੇਟਰ ਕੰਮ ਕਰਨ ਵਾਲੇ ਕਰਮਚਾਰੀ ਖੁਦ ਨੂੰ ਡੀ. ਸੀ. ਤੋਂ ਉਪਰ ਸਮਝਦੇ ਹਨ ਤੇ ਜਨਤਾ ਦੀ ਸੇਵਾ ਕਰਨ ਦੀ ਥਾਂ ਸਿਰਫ ਆਪਣੀਆਂ ਜੇਬਾਂ ਭਰਨ ਦਾ ਕੰਮ ਕਰ ਰਹੇ ਹਨ। ਸੇਵਾ ਕੇਂਦਰ ਦੇ ਬਾਹਰ ਸਵੇਰੇ 8 ਵਜੇ ਹੀ ਲੰਮੀਆਂ-ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ ਪਰ ਘੰਟਿਆਂਬੱਧੀ ਲਾਈਨ ਵਿਚ ਖੜ੍ਹੇ ਰਹਿਣ ਤੋਂ ਬਾਅਦ ਵੀ ਵੱਡੀ ਗਿਣਤੀ 'ਚ ਲੋਕਾਂ ਨੂੰ ਕਿਸੇ ਨਾ ਕਿਸੇ ਕਾਰਨ ਨਿਰਾਸ਼ ਹੋ ਕੇ ਪਰਤਣਾ ਪੈਂਦਾ ਹੈ।
ਮੁਢਲੀਆਂ ਸਹੂਲਤਾਂ ਦੀ ਹੋਵੇਗੀ ਜਾਂਚ : ਡੀ. ਸੀ.
ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਸੇਵਾ ਕੇਂਦਰ ਦੇ ਅੰਦਰ ਮੁਢਲੀਆਂ ਸਹੂਲਤਾਂ ਦੀ ਕਮੀ ਨੂੰ ਲੈ ਕੇ ਜਾਂਚ ਕਰਵਾਈ ਜਾਵੇਗੀ। ਜਿਥੇ ਨਿੱਜੀ ਕੰਪਨੀ ਵਲੋਂ ਕੋਤਾਹੀ ਵਰਤੀ ਜਾ ਰਹੀ ਹੋਵੇਗੀ ਉਥੇ ਤੁਰੰਤ ਸੁਧਾਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।